ਪੰਜਾਬ ਦੇ ਸਾਬਕਾ ਮੰਤਰੀ ਅਤੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦਮਾਦ ਹਰਮੇਲ ਸਿੰਘ ਟੋਹੜਾ ਦਾ ਅੱਜ ਦੇਹਾਂਤ ਹੋ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਤਤਕਾਲੀਨ ਸਰਕਾਰ ਦੌਰਾਨ ਕੈਬਨਿਟ ਮੰਤਰੀ ਰਹੇ ਹਰਮੇਲ ਸਿੰਘ ਟੌਹੜਾ ਦਾ ਅੱਜ ਸ਼ਾਮ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਇਲਾਜ਼ ਕਰਵਾ ਰਹੇ ਸਨ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਸਿਆਸੀ ਤੇ ਸਮਾਜਕ ਸਰਗਰਮੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਟੌਹੜਾ ਨੇ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਜ਼ਮੀਨੀ ਪੱਧਰ ਤੋਂ ਕੀਤੀ ਅਤੇ ਹੌਲੀ-ਹੌਲੀ ਲੋਕਾਂ ਦੇ ਦਿਲਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਸਿਆਸੀ ਮੰਚਾਂ ਉੱਤੇ ਉਹ ਹਮੇਸ਼ਾਂ ਲੋਕਾਂ ਦੇ ਹੱਕਾਂ ਦੀ ਅਵਾਜ਼ ਉਠਾਉਂਦੇ ਰਹੇ। ਕੈਬਨਿਟ ਮੰਤਰੀ ਵਜੋਂ ਉਨ੍ਹਾਂ ਨੇ ਪੰਜਾਬ ਦੇ ਵਿਕਾਸ ਲਈ ਕਈ ਮਹੱਤਵਪੂਰਨ ਫ਼ੈਸਲੇ ਕੀਤੇ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਵਿੱਚ ਸਰਗਰਮ ਭੂਮਿਕਾ ਨਿਭਾਈ। ਉਨ੍ਹਾਂ ਦੀ ਸਾਦਗੀ, ਨਿਮਰ ਸੁਭਾਉ ਅਤੇ ਲੋਕ ਸੇਵਾ ਪ੍ਰਤੀ ਭਾਵਨਾ ਕਾਰਨ ਉਹ ਹਰ ਵਰਗ ਦੇ ਲੋਕਾਂ ਵਿੱਚ ਲੋਕਪ੍ਰਿਯ ਰਹੇ।
ਅਕਾਲੀ ਦਲ ਨੂੰ ਵੱਡਾ ਝਟਕਾ
ਹਰਮੇਲ ਸਿੰਘ ਟੌਹੜਾ ਦੇ ਦੇਹਾਂਤ ਨਾਲ ਨਾ ਸਿਰਫ਼ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ, ਸਗੋਂ ਪੰਜਾਬ ਦੀ ਸਿਆਸਤ ਨੇ ਇੱਕ ਇਸ ਤਰ੍ਹਾਂ ਦਾ ਆਗੂ ਗੁਆ ਦਿੱਤਾ ਹੈ ਜੋ ਲੋਕ-ਹਿਤ ਨੂੰ ਸਭ ਤੋਂ ਪਹਿਲਾਂ ਰੱਖਦਾ ਸੀ। ਟੌਹੜਾ ਦੀ ਯਾਦ ਹਮੇਸ਼ਾਂ ਲੋਕਾਂ ਦੇ ਦਿਲਾਂ ਵਿੱਚ ਜਿੰਦਾ ਰਹੇਗੀ ਕਿਉਂਕਿ ਉਨ੍ਹਾਂ ਨੇ ਸਿਆਸਤ ਨੂੰ ਸੱਤਾ ਦੀ ਬਜਾਇ ਸੇਵਾ ਦਾ ਸਾਧਨ ਮੰਨਿਆ।
ਸਿਆਸੀ ਜਗਤ ਵਿੱਚ ਸੋੋਗ ਦੀ ਲਹਿਰ
ਸਿਆਸੀ ਧਿਰਾਂ ਤੋਂ ਲੈ ਕੇ ਸਮਾਜਕ ਸੰਗਠਨਾਂ ਤੱਕ ਹਰ ਥਾਂ ਤੋਂ ਉਨ੍ਹਾਂ ਦੇ ਚਲੇ ਜਾਣ ਤੇ ਦੁੱਖ ਪ੍ਰਗਟਾਇਆ ਜਾ ਰਿਹਾ ਹੈ। ਕਈ ਆਗੂਆਂ ਨੇ ਕਿਹਾ ਹੈ ਕਿ ਹਰਮੇਲ ਸਿੰਘ ਟੌਹੜਾ ਦੀ ਕਮੀ ਹਮੇਸ਼ਾਂ ਮਹਿਸੂਸ ਕੀਤੀ ਜਾਵੇਗੀ।