ਪੰਜਾਬੀ ਸੰਗੀਤਕਾਰ ਚਰਨਜੀਤ ਆਹੂਜਾ ਦਾ ਦੇਹਾਂਤ ਹੋ ਗਿਆ।
ਪੰਜਾਬੀ ਸੰਗੀਤ ਜਗਤ ਲਈ ਅੱਜ ਦਾ ਦਿਨ ਬਹੁਤ ਹੀ ਦੁਖਦਾਈ ਸਾਬਤ ਹੋਇਆ ਹੈ। ਸੰਗੀਤ ਦੇ ਮਸ਼ਹੂਰ ਸਮਰਾਟ ਅਤੇ ਹਜ਼ਾਰਾਂ ਗੀਤਾਂ ਨੂੰ ਆਪਣੀਆਂ ਅਮਰ ਧੁਨਾਂ ਨਾਲ ਜੀਵਨ ਦੇਣ ਵਾਲੇ ਉਸਤਾਦ ਚਰਨਜੀਤ ਆਹੂਜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਹ ਲੰਬੇ ਸਮੇਂ ਤੋਂ ਕੈਂਸਰ ਦੀ ਬੀਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਤੋਂ ਬਾਅਦ ਪੂਰੇ ਸੰਗੀਤ ਇੰਡਸਟਰੀ ਵਿੱਚ ਸ਼ੋਗ ਦੀ ਲਹਿਰ ਦੌੜ ਗਈ ਹੈ।
ਆਹੂਜਾ ਸਾਬ੍ਹ ਨੇ ਆਪਣੀ ਲੰਮੀ ਸੰਗੀਤਕ ਯਾਤਰਾ ਦੌਰਾਨ ਉਹ ਧੁਨਾਂ ਰਚੀਆਂ ਜੋ ਅੱਜ ਵੀ ਹਰ ਪੰਜਾਬੀ ਦੇ ਦਿਲ ਵਿੱਚ ਵਸਦੀਆਂ ਹਨ। ਉਨ੍ਹਾਂ ਦੀ ਬਣਾਈ ਧੁਨ ਕਿਸੇ ਵੀ ਗੀਤ ਨੂੰ ਅਮਰ ਕਰਨ ਦੀ ਸਮਰੱਥਾ ਰੱਖਦੀ ਸੀ। ਪੰਜਾਬੀ ਫਿਲਮਾਂ ਅਤੇ ਐਲਬਮਾਂ ਵਿੱਚ ਉਨ੍ਹਾਂ ਦਾ ਯੋਗਦਾਨ ਅਤੁੱਲਣੀ ਹੈ। ਗਾਇਕਾਂ ਦੀਆਂ ਪੀੜ੍ਹੀਆਂ ਨੇ ਉਨ੍ਹਾਂ ਦੀ ਰਾਹਨੁਮਾਈ ਵਿੱਚ ਸੰਗੀਤ ਸਿਖਿਆ ਅਤੇ ਅਹੂਜਾ ਸਾਬ੍ਹ ਨੇ ਕਈ ਨਵੇਂ ਟੈਲੈਂਟ ਨੂੰ ਇੰਡਸਟਰੀ ਵਿੱਚ ਅੱਗੇ ਵਧਣ ਲਈ ਮੰਚ ਦਿੱਤਾ।
CM ਮਾਨ ਨੇ ਜਤਾਇਆ ਦੁੱਖ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚਰਨਜੀਤ ਆਹੂਜਾ ਦੇ ਦੇਹਾਂਤ ‘ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਲਿਖਿਆ ਕਿ ਸੰਗੀਤ ਸਮਰਾਟ ਉਸਤਾਦ ਚਰਨਜੀਤ ਆਹੂਜਾ ਸਾਬ੍ਹ ਦਾ ਚਲੇ ਜਾਣਾ ਸੰਗੀਤ ਇੰਡਸਟਰੀ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਸੰਗੀਤ ਸਮਰਾਟ ਉਸਤਾਦ ਚਰਨਜੀਤ ਆਹੂਜਾ ਦਾ ਦੇਹਾਂਤ
ਸੰਗੀਤ ਜਗਤ ਹੀ ਨਹੀਂ, ਸਾਰੇ ਪੰਜਾਬੀ ਸਮਾਜ ਵੱਲੋਂ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਭਾਵਪੂਰਣ ਸ਼ਰਧਾਂਜਲੀਆਂ ਭੇਟ ਕੀਤੀਆਂ ਜਾ ਰਹੀਆਂ ਹਨ। ਮਸ਼ਹੂਰ ਸੰਗੀਤਕਾਰ ਅਤੇ ਅਹੂਜਾ ਸਾਬ੍ਹ ਦੇ ਪੁੱਤਰ ਸਚਿਨ ਅਹੂਜਾ ਸਮੇਤ ਪੂਰਾ ਪਰਿਵਾਰ ਇਸ ਸਮੇਂ ਗਹਿਰੇ ਦੁੱਖ ਵਿੱਚ ਹੈ। ਕਈ ਸਿਆਸੀ, ਸਮਾਜਿਕ ਅਤੇ ਸੰਗੀਤਕ ਹਸਤੀਆਂ ਨੇ ਪਰਿਵਾਰ ਪ੍ਰਤੀ ਸੰਵੇਦਨਾਵਾਂ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਮੀ ਕਦੇ ਪੂਰੀ ਨਹੀਂ ਹੋ ਸਕੇਗੀ।
ਪੰਜਾਬੀ ਸਿੰਗਰ ਜੱਸੀ ਜਸਬੀਰ ਨੇ ਪੋਸਟ ਕਰ ਸਾਂਝਾ ਕੀਤਾ ਦੁੱਖ ਉਨ੍ਹਾਂ ਨੇ ਲਿਖਿਆ ਕਿ ਸਾਰੀ ਦੁਨੀਆਂ ਦੇ ਲਫਜ਼ ਉਨ੍ਹਾਂ ਦੇ ਅਫਸੋਸ ਲਈ ਲਿੱਖ ਦੇਵਾਂ ਤਾਂ ਵੀ ਉਨ੍ਹਾਂ ਦਾ ਅਫਸੋਸ ਨਹੀਂ ਕਰ ਸਕਦਾ।
ਉਨ੍ਹਾਂ ਦੀਆਂ ਬਣਾਈਆਂ ਅਮਰ ਧੁਨਾਂ ਅੱਗੇ ਵੀ ਪੰਜਾਬੀ ਸੰਗੀਤ ਨੂੰ ਨਵੀਂ ਦਿਸ਼ਾ ਦਿੰਦੀਆਂ ਰਹਿਣਗੀਆਂ। ਆਹੂਜਾ ਸਾਬ੍ਹ ਦਾ ਚਲੇ ਜਾਣਾ ਸੰਗੀਤ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪਰਮਾਤਮਾ ਅਹੂਜਾ ਸਾਬ੍ਹ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਵੇ ਅਤੇ ਪਰਿਵਾਰ ਨੂੰ ਇਹ ਵੱਡਾ ਸਦਮਾ ਸਹਿਣ ਦੀ ਤਾਕਤ ਬਖ਼ਸ਼ੇ।