ਸਿਵਲ ਸਰਜਨ ਡਾ. ਧਵਨ ਨੇ ਕਿਹਾ ਕਿ ਹਸਪਤਾਲ ‘ਚ ਫਾਇਰ ਸੁਰੱਖਿਆ ਦੀ ਡਰਿੱਲ ਸਮੇਂ-ਸਮੇਂ ਤੇ ਕੀਤੀ ਜਾਂਦੀ ਹੈ।
ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਾਰਡ ‘ਚ ਅੱਜ ਸਵੇਰੇ ਅੱਗ ਲੱਗਣ ਦੀ ਘਟਨਾ ਨੇ ਹਸਪਤਾਲ ਪ੍ਰਬੰਧਨ ਤੇ ਮਰੀਜ਼ਾਂ ਵਿੱਚ ਹਲਚਲ ਮਚਾ ਦਿੱਤੀ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਿਵਲ ਸਰਜਨ ਡਾ. ਸਵਰਨਜੀਤ ਸਿੰਘ ਧਵਨ ਤੇ ਕੇਂਦਰੀ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ ਮੌਕੇ ‘ਤੇ ਪਹੁੰਚੇ ਤੇ ਹਾਲਾਤ ਦਾ ਜਾਇਜ਼ਾ ਲਿਆ।
ਡਾ. ਅਜੇ ਗੁਪਤਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਗ ਬਲੱਡ ਬੈਂਕ ਦੇ ਨਾਲ ਲੱਗਦੇ ਸਟੋਰ ਰੂਮ ‘ਚ ਲੱਗੀ, ਜਿੱਥੇ ਇਕ ਫ੍ਰਿਜ ਸ਼ਾਰਟ ਸਰਕਿਟ ਕਾਰਨ ਸੜ ਗਿਆ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਸਟਾਫ ਨੇ ਆਪਣੀ ਜਾਨ ਨੂੰ ਖਤਰੇ ‘ਚ ਪਾ ਕੇ ਸਮੇਂ ਸਿਰ ਅੱਗ ਤੇ ਕਾਬੂ ਪਾ ਲਿਆ, ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਉਨ੍ਹਾਂ ਨੇ ਸਟਾਫ ਦੀ ਮੁਸਤੈਦੀ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ।
ਸਿਵਲ ਸਰਜਨ ਡਾ. ਧਵਨ ਨੇ ਕਿਹਾ ਕਿ ਹਸਪਤਾਲ ‘ਚ ਫਾਇਰ ਸੁਰੱਖਿਆ ਦੀ ਡਰਿੱਲ ਸਮੇਂ-ਸਮੇਂ ਤੇ ਕੀਤੀ ਜਾਂਦੀ ਹੈ, ਜਿਸ ਦਾ ਨਤੀਜਾ ਹੈ ਕਿ ਅੱਗ ਲੱਗਣ ਦੇ ਤੁਰੰਤ ਬਾਅਦ ਸਟਾਫ ਨੇ ਫਾਇਰ ਐਕਸਟਿੰਗਵਿਸ਼ਰ ਦੀ ਵਰਤੋਂ ਕਰਕੇ ਅੱਗ ‘ਤੇ ਕਾਬੂ ਪਾ ਲਿਆ। ਫਾਇਰ ਬ੍ਰਿਗੇਡ ਵੀ ਮੌਕੇ ‘ਤੇ ਪਹੁੰਚ ਗਈ ਸੀ, ਪਰ ਉਸ ਸਮੇਂ ਤੱਕ ਅੱਗ ਬੁਝਾਈ ਜਾ ਚੁੱਕੀ ਸੀ।
ਮਰੀਜ਼ ਜਾਂ ਸਟਾਫ ਨੂੰ ਕੋਈ ਜਾਨੀ ਨੁਕਸਾਨ ਨਹੀਂ
ਘਟਨਾ ਦੌਰਾਨ ਕਿਸੇ ਵੀ ਮਰੀਜ਼ ਜਾਂ ਸਟਾਫ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਸਪਤਾਲ ਦੇ ਸਾਰੇ ਰਿਕਾਰਡ ਤੇ ਹੋਰ ਉਪਕਰਣ ਸੁਰੱਖਿਅਤ ਹਨ। ਸਿਰਫ਼ ਇੱਕ ਫ੍ਰਿਜ ਨੂੰ ਨੁਕਸਾਨ ਹੋਇਆ ਹੈ। ਡਾ. ਗੁਪਤਾ ਨੇ ਕਿਹਾ ਕਿ ਮਹਾਂਮਾਈ ਦੀ ਕਿਰਪਾ ਤੇ ਸਟਾਫ ਦੀ ਸਾਵਧਾਨੀ ਨਾਲ ਵੱਡਾ ਹਾਦਸਾ ਟੱਲ ਗਿਆ।
ਹਸਪਤਾਲ ਪ੍ਰਬੰਧਨ ਨੇ ਕਿਹਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ ਤੇ ਭਵਿੱਖ ‘ਚ ਅਜਿਹੀਆਂ ਘਟਨਾਵਾਂ ਤੋਂ ਬਚਾਅ ਲਈ ਹੋਰ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣਗੇ। ਮੌਕੇ ਤੇ ਮੌਜੂਦ ਲੋਕਾਂ ਨੇ ਵੀ ਸਟਾਫ ਦੀ ਹਿੰਮਤ ਤੇ ਤੇਜ਼ ਕਾਰਵਾਈ ਦੀ ਪ੍ਰਸ਼ੰਸਾ ਕੀਤੀ।































![amritsar-hospital[1]](https://publicpostmedia.in/wp-content/uploads/2025/09/amritsar-hospital1-640x360.jpg)






