ਕਤਲ ਦੇ ਮੁੱਖ ਮੁਲਜ਼ਮ ਦੀ ਪਛਾਣ ਮੱਲਾ ਪੱਤੀ ਕਿਲਾ ਰਾਏਪੁਰ ਨਿਵਾਸੀ ਸੁਖਜੀਤ ਸਿੰਘ ਸੋਨੂੰ ਵਜੋਂ ਹੋਈ ਹੈ।
ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਦਾ ਲੁਧਿਆਣਾ ਅਧੀਨ ਪੈਂਦੇ ਪਿੰਡ ਕਿਲਾ ਰਾਏਪੁਰ ‘ਚ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। 72 ਸਾਲਾਂ ਅਮਰੀਕੀ ਨਾਗਰਿਕ ਰੁਪਿੰਦਰ ਕੌਰ ਪੰਧੇਰ ਦਾ ਕਿਲਾ ਰਾਏਪੁਰ ਦੇ ਘਰ ‘ਚ ਦੋ ਮਹੀਨੇ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਦੀ ਲਾਸ਼ ਸਾੜ ਦਿੱਤੀ ਗਈ ਸੀ। ਇਹ ਮਾਮਲਾ ਦੋ ਮਹੀਨਿਆਂ ਬਾਅਦ ਹੁਣ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪੁਲਿਸ ਜਾਂਚ ‘ਚ ਜੁਟ ਗਈ ਹੈ।
ਕਤਲ ਦੇ ਮੁੱਖ ਮੁਲਜ਼ਮ ਦੀ ਪਛਾਣ ਮੱਲਾ ਪੱਤੀ ਕਿਲਾ ਰਾਏਪੁਰ ਨਿਵਾਸੀ ਸੁਖਜੀਤ ਸਿੰਘ ਸੋਨੂੰ ਵਜੋਂ ਹੋਈ ਹੈ। ਸੁਖਜੀਤ ਨੇ ਮਹਿਮਾ ਸਿੰਘ ਵਾਲਾ ਪਿੰਡ ਦੇ ਇੰਗਲੈਂਡ ਵੱਸਦੇ ਐੱਨਆਰਆਈ ਚਰਨਜੀਤ ਸਿੰਘ ਗਰੇਵਾਲ ਵੱਲੋਂ ਘੜੀ ਸਾਜਿਸ਼ ਅਨੁਸਾਰ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਰੁਪਿੰਦਰ ਕੌਰ ਪੰਧੇਰ ਦਾ ਕਤਲ ਕਰਨ ਲਈ ਸੋਨੂੰ ਨੂੰ 50 ਲੱਖ ਰੁਪਏ ਨਗਦ ਅਦਾ ਕੀਤੇ ਜਾਣੇ ਸਨ।
ਸ਼ਾਜ਼ਿਸ਼ਕਰਤਾ ਨੇ ਕੀਤਾ ਸੀ ਵਿਆਹ ਕਰਵਾਉਣ ਦਾ ਵਾਅਦਾ
ਸਾਜ਼ਿਸ਼ਕਰਤਾ ਚਰਨਜੀਤ ਸਿੰਘ ਗਰੇਵਾਲ ਰੁਪਿੰਦਰ ਕੌਰ ਪੰਧੇਰ ਨਾਲ ਕਾਫੀ ਲੰਬੇ ਸਮੇਂ ਤੋਂ ਸੰਪਰਕ ‘ਚ ਸੀ। ਜਾਣਕਾਰੀ ਮੁਤਾਬਕ ਚਰਨਜੀਤ ਨੇ ਰੁਪਿੰਦਰ ਕੌਰ ਨਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਸੀ ਤੇ ਇਸੇ ਸਿਲਸਿਲੇ ‘ਚ ਉਸ ਨੂੰ ਕਿਲਾ ਰਾਏਪੁਰ ਸੱਦਿਆ ਸੀ।
ਸਾਜ਼ਿਸ਼ਕਰਤਾ ਚਰਨਜੀਤ ਰੁਪਿੰਦਰ ਤੋਂ ਪੈਸੇ ਠੱਗਣਾ ਚਾਹੁੰਦਾ ਸੀ। ਜਾਣਕਾਰੀ ਅਨੁਸਾਰ, ਰੁਪਿੰਦਰ ਕੌਰ ਨੇ ਵੱਡੀ ਰਕਮ ਵੀ ਮੁਲਜ਼ਮ ਚਰਨਜੀਤ ਦੇ ਖਾਤੇ ‘ਚ ਟ੍ਰਾਂਸਫਰ ਕੀਤੀ ਸੀ। ਡੇਹਲੋਂ ਥਾਣੇ ‘ਚ ਇਹ ਮਾਮਲਾ ਦਰਜ ਕਰ ਲਿਆ ਗਿਆ ਹੈ, ਇਸ ਮਾਮਲੇ ‘ਚ ਪੁਲਿਸ ਜਾਂਚ ਜਾਰੀ ਹੈ ਤੇ ਪੁਲਿਸ ਜਲਦੀ ਹੀਹੋਰ ਵੀ ਖੁਲਾਸੇ ਕਰ ਸਕਦੀ ਹੈ।
ਪੁਲਿਸ ਇਸ ਮਾਮਲੇ ‘ਚ ਸਬੂਤ ਇਕੱਠਾ ਕਰ ਰਹੀ ਹੈ ਤੇ ਇਸ ਮਾਮਲੇ ‘ਚ ਰੁਪਿੰਦਰ ਕੌਰ ਦੇ ਕੰਕਾਲ ਦੇ ਬਚੇ ਹੋਏ ਅਵਸ਼ੇਸ਼ਾਂ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੁੱਖ ਮੁਲਜ਼ਮ ਸੁਖਜੀਤ ਸਿੰਘ ਸੋਨੂੰ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਤੇ ਉਸ ਨੇ ਦੱਸਿਆ ਹੈ ਕਿ ਇਹ ਸਾਜ਼ਿਸ਼ ਵਿਆਹ ਦੇ ਨਾਮ ‘ਤੇ ਰਚੀ ਗਈ ਸੀ।