ਪੁਲਿਸ ਨੇ ਬੇਅਦਬੀ ਕਰਨ ਵਾਲੀ ਮਹਿਲਾ ਪ੍ਰਕਾਸ਼ ਕੌਰ ‘ਤੇ ਐਫਆਈਆਰ ਦਰਜ ਕਰ ਲਈ ਹੈ।
ਲੁਧਿਆਣਾ ‘ਚ ਪਿਛਲੇ ਦਿਨੀਂ ਹਲਕਾ ਸਾਹਨੇਵਾਲ ਅਧੀਨ ਪਿੰਡ ਜੁਗਿਆਣਾ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਮਹਿਲਾ ਦੇ ਵੱਲੋਂ ਆਪਣੇ ਕੱਪੜੇ ਉਤਾਰ ਕੇ ਗੁਰੂ ਸਾਹਿਬ ਦੀ ਹਜ਼ੂਰੀ ‘ਚ ਗੁਰੂ ਸਾਹਿਬ ਦੇ ਵੱਲ ਚੁੱਕ ਕੇ ਮਾਰੇ ਗਏ ਸਨ। ਇਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਸਿੱਖ ਜਥੇਬੰਦੀਆਂ ਤੇ ਸਮੁੱਚੀ ਕੌਮ ‘ਚ ਰੋਸ ਦੀ ਲਹਿਰ ਸੀ ਤੇ ਮੰਗ ਕੀਤੀ ਜਾ ਰਹੀ ਸੀ ਕਿ ਇਸ ਮਹਿਲਾ ‘ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਜਾਣਕਾਰੀ ਮੁਤਾਬਕ ਗੁਰਦੁਆਰਾ ਸਾਹਿਬ ਦੀ ਚਾਬੀਆਂ ਘੁੰਮ ਹੋ ਗਈਆਂ ਸਨ ਤੇ ਮਹਿਲਾ ‘ਤੇ ਸ਼ੱਕ ਸੀ ਕਿ ਉਸ ਕੋਲ ਚਾਬੀਆਂ ਹਨ। ਇਸ ਗੱਲ ਨੂੰ ਲੈ ਕੇ ਮਹਿਲਾ ਨੂੰ ਬੁਲਾਇਆ ਗਿਆ ਤੇ ਪੁੱਛ-ਗਿੱਛ ਕੀਤੀ ਗਈ। ਇੱਥੇ ਮਹਿਲਾ ਨੇ ਬਹਿਸ ਕਰਨੀ ਸ਼ੁਰੂ ਦਿੱਤੀ ਤੇ ਉਸ ਨੇ ਇਹ ਹਰਕਤ ਕੀਤੀ।
ਹੁਣ ਇਸ ਮਾਮਲੇ ‘ਚ ਪੁਲਿਸ ਨੇ ਬੇਅਦਬੀ ਕਰਨ ਵਾਲੀ ਮਹਿਲਾ ਪ੍ਰਕਾਸ਼ ਕੌਰ ‘ਤੇ ਐਫਆਈਆਰ ਦਰਜ ਕਰ ਲਈ ਹੈ। ਉਧਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਾਰਿਸ ਪੰਜਾਬ ਦੇ ਮੈਂਬਰ ਜਸਵੰਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਹਰ ਕੋਈ ਉੱਠ ਕੇ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਲੱਗ ਪਿਆ ਹੈ, ਇਸ ਦਾ ਮੁੱਖ ਕਾਰਨ ਹੈ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਖਤ ਧਰਾਵਾਂ ਤਹਿਤ ਸਜ਼ਾ ਨਹੀਂ ਦਿੱਤੀ ਜਾਂਦੀ ਅਗਰ ਕਿਸੇ ਦੋਸ਼ੀ ਉੱਪਰ ਮੁਕਦਮਾ ਦਰਜ ਕਰ ਵੀ ਦਿੱਤਾ ਜਾਂਦਾ ਹੈ ਤਾਂ ਵੀ ਉਹ ਦੋਸ਼ੀ ਕੁਝ ਮਹੀਨੇ ਬਾਅਦ ਬਾਹਰ ਆ ਕੇ ਉਸ ਘਟਨਾ ਨੂੰ ਅੰਜਾਮ ਫਿਰ ਤੋਂ ਦਿੰਦਾ ਹੈ।
ਉੱਥੇ ਹੀ ਉਸ ਨੂੰ ਵੇਖ ਕੇ ਹੋਰ ਮੁਲਜ਼ਮ ਵੀ ਗੁਰੂ ਸਾਹਿਬ ਦੀ ਬੇਅਦਬੀ ਕਰਨ ਬਾਰੇ ਸੋਚਦੇ ਹਨ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਦੀ ਇਸ ਘਟਨਾ ਨੇ ਸਮੁੱਚੀ ਸਿੱਖ ਕੌਮ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ। ਇੱਕ ਪਾਸੇ ਤਾਂ ਆਖਿਆ ਜਾਂਦਾ ਹੈ ਕਿ ਬੇਅਦਬੀ ‘ਤੇ ਸਖਤ ਕਾਨੂੰਨ ਬਣਾਇਆ ਜਾਵੇਗਾ, ਦੂਜੇ ਪਾਸੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਉੱਪਰ ਮੁਕਦਮਾ ਦਰਜ ਕਰਨ ਤੋਂ ਡਰਦੇ ਹਨ।
ਇਸ ਮਾਮਲੇ ‘ਚ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸਬੰਧੀ ਜਦੋਂ ਥਾਣਾ ਸਾਹਨੇਵਾਲ ਦੇ ਮੁਖੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮੁਕਦਮਾ ਦਰਜ ਕਰ ਦਿੱਤਾ ਗਿਆ, ਜਲਦ ਹੀ ਮਹਿਲਾ ਨੂੰ ਗ੍ਰਿਫਤਾਰ ਕੀਤਾ ਜਾਵੇਗਾ।