ਸੂਬੇ ‘ਚ ਸਭ ਤੋਂ ਵੱਧ ਤਾਪਮਾਨ ਬਠਿੰਡਾ ‘ਚ 40 ਡਿਗਰੀ ਦਰਜ ਕੀਤਾ ਗਿਆ।
ਪੰਜਾਬ ‘ਚ ਮੌਨਸੂਨ ਅਗਲੇ 3 ਦਿਨਾਂ ਤੱਕ ਦਸਤਕ ਦੇ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਮੌਨਸੂਨ ਮੱਧ ਰਾਜਸਥਾਨ ਤੱਕ ਪਹੁੰਚ ਚੁੱਕਿਆ ਹੈ ਤੇ ਹਿਮਾਚਲ ਪ੍ਰਦੇਸ਼ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਅੱਜ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਬੀਤੇ 24 ਘੰਟਿਆਂ ‘ਚ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 0.6 ਡਿਗਰੀ ਸੈਲਸਿਅਸ ਦਾ ਵਾਧਾ ਦਰਜ ਕੀਤਾ ਗਿਆ ਹੈ, ਹਾਲਾਂਕਿ ਤਾਪਮਾਨ ਅਜੇ ਵੀ ਆਮ ਦੇ ਨੇੜੇ ਬਣਿਆ ਹੋਇਆ ਹੈ।
ਸੂਬੇ ‘ਚ ਸਭ ਤੋਂ ਵੱਧ ਤਾਪਮਾਨ ਬਠਿੰਡਾ ‘ਚ 40 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ, ਲੁਧਿਆਣਾ, ਫਰੀਦਕੋਟ ਤੇ ਜਲੰਧਰ ਦਾ ਤਾਪਮਾਨ 36 ਡਿਗਰੀ ਤੋਂ ਉੱਪਰ ਰਿਹਾ। ਅੱਜ ਵੀ ਤਾਪਮਾਨ ‘ਚ ਹਲਕਾ ਵਾਧਾ ਦੇਖਿਆ ਜਾ ਸਕਦਾ ਹੈ। ਪਰ ਅਗਲੇ 24 ਘੰਟਿਆਂ ਤੋਂ ਬਾਅਦ ਤਾਪਮਾਨ ‘ਚ ਫਿਰ 2-3 ਡਿਗਰੀ ਦੀ ਗਿਰਾਵਟ ਦੇਖੀ ਜਾ ਸਕਦੀ ਹੈ।
ਜੂਨ ‘ਚ 40 ਫ਼ੀਸਦੀ ਘੱਟ ਮੀਂਹ
ਮੌਸਮ ਵਿਭਾਗ ਅਨੁਸਾਰ 1 ਤੋਂ 19 ਜੂਨ 2025 ਤੱਕ ਪੰਜਾਬ ‘ਚ ਔਸਤਨ 26.65 ਮਿਮੀ ਬਾਰਿਸ਼ ਹੋਈ, ਜਦਕਿ ਇਸ ਦੌਰਾਨ ਆਮ ਬਾਰਿਸ਼ 45 ਤੋਂ 50 ਮਿਮੀ ਮੰਨੀ ਜਾਂਦੀ ਹੈ। ਇਸ ਬਾਰ 40 ਫ਼ੀਸਦੀ ਤੋਂ ਵੱਧ ਦੀ ਕਮੀਂ ਦਰਜ ਕੀਤੀ ਗਈ। ਕਈ ਜ਼ਿਲ੍ਹਿਆਂ ‘ਚ ਜਿਵੇਂ ਕਿ ਗੁਰਦਾਸਪੁਰ, ਹੋਸ਼ਿਆਰਪਰੁ, ਜਲੰਧਰ, ਮੁਕਤਸਰ, ਮਾਨਸਾ ‘ਚ ਆਮ ਨਾਲੋਂ ਕਾਫ਼ੀ ਘੱਟ ਬਾਰਿਸ਼ ਹੋਈ, ਜਿਸ ਦਾ ਅਸਰ ਫ਼ਸਲ ‘ਤੇ ਦੇਖਣ ਨੂੰ ਵੀ ਮਿਲੇਗਾ।
ਮੌਸਮ ਅਲਰਟ
ਮੌਸਮ ਵਿਭਾਗ ਨੇ 23 ਜੂਨ ਤੱਕ ਪੰਜਾਬ ਦੀਆਂ ਵੱਖ-ਵੱਖ ਥਾਂਵਾ ਦੇ ਲਈ ਮੌਸਮ ਅਲਰਟ ਜਾਰੀ ਕੀਤਾ ਹੈ। 20 ਜੂਨ ਨੂੰ ਪਠਾਨਕੋਟ,ਹੁਸ਼ਿਆਰਪੁਰ, ਜਲੰਧਰ, ਗੁਰਦਾਸਪੁਰ, ਕਪੂਰਥਲਾ, ਰੂਪਨਗਰ, ਨਵਾਂਸ਼ਹਿਰ, ਮੁਹਾਲੀ, ਫਤਿਹਗੜ੍ਹ ਸਾਹਿਬ ਤੇ ਪਟਿਆਲਾ ‘ਚ ਹਨੇਰੀ-ਤੂਫ਼ਾਨ ਤੇ ਬਿਜ਼ਲੀ ਚਮਕਣ ਦਾ ਯੈਲੋ ਅਲਰਟ ਹੈ।
21 ਤੋਂ 22 ਜੂਨ ਲੁਧਿਆਣਾ, ਪਟਿਆਲਾ, ਜਲੰਧਰ, ਅੰਮ੍ਰਿਤਸਰ, ਨਵਾਂ ਸ਼ਹਿਰਾ, ਸੰਗਰੂਰ, ਰੂਪਨਗਰ, ਮਾਨਸਾ ਸਮੇਤ ਕਈ ਜ਼ਿਲ੍ਹਿਆਂ ‘ਚ ਤੇਜ਼ ਹਵਾਵਾਂ ਤੇ ਬਿਜ਼ਲੀ ਚਮਕਣ ਤੇ ਮੀਂਹ ਦੀ ਸੰਭਾਵਨਾ ਹੈ। 23 ਜੂਨ ਨੂੰ ਮੌਨਸੂਨ ਦੇ ਐਕਟਿਵ ਰਹਿਣ ਦੀ ਸੰਭਾਵਨਾ ਹੈ ਤੇ ਜ਼ਿਅਦਾਤਰ ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ।