ਜੀਸ਼ਾਨ ਦਾ ਪਲਾਨ ਸੀ ਕਿ ਜੇਕਰ ਸ਼ੂਟਰਸ ਦੀਆਂ ਗੋਲੀਆਂ ਨਾਲ ਬਾਬਾ ਸਿੱਦਕੀ ਬੱਚ ਗਿਆ ਤਾਂ ਉਹ ਗੋਲੀਆਂ ਮਾਰੇਗਾ।
ਐਨਸੀਪੀ ਆਗੂ ਬਾਬਾ ਸਿੱਦੀਕੀ ਕਤਲਕਾਂਡ ਦਾ ਮਾਸਟਰਮਾਈਂਡ ਜੀਸ਼ਾਨ ਅਖ਼ਤਰ ਉਰਫ਼ ਜੱਸੀ ਪੂਰੇਵਾਲ ਨੂੰ ਕੈਨੇਡਾ ਦੇ ਸਰੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲਾਂਕਿ, ਅਜੇ ਇਹ ਸਾਫ਼ ਨਹੀਂ ਹੋਇਆ ਹੈ ਕਿ ਉਸ ਦੀ ਗ੍ਰਿਫ਼ਤਾਰੀ ਕਿਸ ਮਾਮਲੇ ‘ਚ ਹੋਈ ਹੈ। 12 ਅਕਤੂਬਰ, 2024 ਨੂੰ ਬਾਬਾ ਸਿੱਦੀਕੀ ਨੂੰ ਮੁੰਬਈ ‘ਚ ਉਨ੍ਹਾਂ ਦੇ ਬੇਟੇ ਦੇ ਦਫ਼ਤਰ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
ਬਾਬਾ ਸਿੱਦੀਕੀ ‘ਤੇ ਜਿਸ ਵੇਲੇ ਹਮਲਾ ਹੋਇਆ, ਜੀਸ਼ਾਨ ਅਖ਼ਤਰ ਉਸ ਵੇਲੇ ਮੌਕੇ ‘ਤੇ ਮੌਜੂਦ ਸੀ ਤੇ ਉਹ ਬਾਅਦ ‘ਚ ਵਿਦੇਸ਼ ਫਰਾਰ ਹੋ ਗਿਆ। ਇਹ ਦਾਅਵਾ ਕੀਤਾ ਗਿਆ ਕਿ ਪਾਕਿਸਤਾਨੀ ਡੋਨ ਸ਼ਹਿਜਾਦ ਭੱਟੀ ਨੇ ਉਸ ਦੀ ਭੱਜਣ ‘ਚ ਮਦਦ ਕੀਤੀ ਸੀ।
ਜਾਣੋ ਪੂਰਾ ਮਾਮਲਾ…
12 ਅਕਤੂਬਰ, 2024 ਦੀ ਰਾਤ ਨੂੰ ਐਨਸੀਪੀ ਨੇਤਾ ਤੇ ਮਹਾਰਾਸ਼ਟਰ ਸਰਕਾਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦਾ ਮੁੰਬਈ ਦੇ ਬਾਂਦਰਾ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ‘ਚ ਉੱਤਰ ਪ੍ਰਦੇਸ਼ ਦੇ ਹਰੀਸ਼ ਕੁਮਾਰ ਤੇ ਧਰਮਰਾਜ ਕਸ਼ਯਪ, ਹਰਿਆਣਾ ਦੇ ਗੁਰਮੇਲ ਬਲਜੀਤ ਸਿੰਘ, ਮਹਾਰਾਸ਼ਟਰ ਦੇ ਪ੍ਰਵੀਨ ਲੋਨਕਰ ਨੂੰ ਗ੍ਰਿਫ਼ਤਾਰ ਕੀਤਾ ਸੀ। ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ।
ਮੁਲਜ਼ਮਾਂ ਤੋਂ ਪੁੱਛ-ਗਿੱਛ ਦੌਰਾਨ ਜਲੰਧਰ ਦੇ ਰਹਿਣ ਵਾਲੇ ਜੀਸ਼ਾਨ ਅਖ਼ਤਰ ਦਾ ਨਾਂ ਸਾਹਮਣੇ ਆਇਆ। ਜੀਸ਼ਾਨ ਦਾ ਪਲਾਨ ਸੀ ਕਿ ਜੇਕਰ ਸ਼ੂਟਰਸ ਦੀਆਂ ਗੋਲੀਆਂ ਨਾਲ ਬਾਬਾ ਸਿੱਦਕੀ ਬੱਚ ਗਿਆ ਤਾਂ ਉਹ ਗੋਲੀਆਂ ਮਾਰੇਗਾ। ਦੱਸਿਆ ਗਿਆ ਕਿ ਉਹ ਉਸ ਦੌਰਾਨ ਲਾਰੈਂਸ ਦੇ ਭਰਾ ਅਨਮੋਲ ਦੇ ਨਾਲ ਸੰਪਰਕ ‘ਚ ਸੀ। ਬਾਬਾ ਸਿੱਦੀਕੀ ਨੂੰ ਮਾਰਨ ਤੋਂ ਬਾਅਦ ਅਨਮੋਲ ਨੂੰ ਤਸਵੀਰਾਂ ਭੇਜ ਕੇ ਪੁਖ਼ਤਾ ਕੀਤਾ ਗਿਆ ਕਿ ਬਾਬਾ ਸਿੱਦੀਕੀ ਮਾਰਿਆ ਗਿਆ ਹੈ।
ਜੇਲ੍ਹ ਅੰਦਰ ਲਾਰੈਂਸ ਗੈਂਗ ਨਾਲ ਜੁੜਿਆ
ਜੀਸ਼ਾਨ ਅਖ਼ਤਰ ਜਲੰਧਰ ‘ਚ ਨਕੋਦਰ ਦੇ ਸ਼ੰਕਰ ਪਿੰਡ ਦਾ ਰਹਿਣ ਵਾਲਾ ਹੈ। ਉਹ ਟਾਰਗੇਟ ਕਿਲਿੰਗ, ਕਤਲ, ਡਕੈਤੀ ਸਮੇਤ 9 ਮਾਮਲਿਆਂ ‘ਚ ਲੋੜੀਂਦਾ ਹੈ। ਆਖ਼ਿਰੀ ਬਾਰ ਉਸ ਨੂੰ ਜਲੰਧਰ ਦੇ ਸੀਆਈਏ ਸਟਾਫ਼ ਇੰਚਾਰਜ ਨੇ ਗ੍ਰਿਫ਼ਤਾਰ ਕੀਤਾ ਸੀ। ਜੇਲ੍ਹ ‘ਚ ਜੀਸ਼ਾਨ ਦੀ ਮੁਲਾਕਾਤ ਲਾਰੈਂਸ ਗੈਂਗ ਦੇ ਮੈਂਬਰ ਬਿਕਰਮ ਬਰਾੜ ਨਾਲ ਹੋਈ। ਉਸ ਦੀ ਮਦਦ ਦੇ ਨਾਲ ਉਹ ਗੈਂਗ ‘ਚ ਸ਼ਾਮਲ ਹੋਇਆ। ਲਾਰੈਂਸ ਗੈਂਗ ਨੇ ਉਸ ਨੂੰ ਬਾਬਾ ਸਿੱਦੀਕੀ ਕਤਲ ਸਾਜ਼ਿਸ਼ ‘ਚ ਸ਼ਾਮਲ ਕੀਤਾ। ਜੀਸ਼ਾਨ 7 ਜੂਨ, 2024 ਨੂੰ ਜੇਲ੍ਹ ਤੋਂ ਬਾਹਰ ਆਇਆ, ਜਿਸ ਤੋਂ ਬਾਅਦ ਉਸ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ।