ਆਲਰਾਊਂਡਰ ਗਲੇਨ ਮੈਕਸਵੈੱਲ ਨੇ ਅੱਜ ਯਾਨੀ 2 ਜੂਨ 2025 ਨੂੰ ਵਨਡੇਅ ਅੰਤਰਰਾਸ਼ਟਰੀ (ODI) ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।
ਆਸਟ੍ਰੇਲੀਆ ਦੇ ਵਿਸਫੋਟਕ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਅੱਜ ਯਾਨੀ 2 ਜੂਨ 2025 ਨੂੰ ਵਨਡੇਅ ਅੰਤਰਰਾਸ਼ਟਰੀ (ODI) ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 35 ਸਾਲਾ ਮੈਕਸਵੈੱਲ ਨੇ ਆਪਣੇ 13 ਸਾਲ ਦੇ ਵਨਡੇਅ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ। ਹਰ ਕੋਈ ਉਨ੍ਹਾਂ ਦੇ ਅਚਾਨਕ ਸੰਨਿਆਸ ਦੇ ਫੈਸਲੇ ਤੋਂ ਹੈਰਾਨ ਹੈ। ਉਨ੍ਹਾਂ ਨੇ ਆਪਣੇ ਸੰਨਿਆਸ ਦਾ ਕਾਰਨ ਵੀ ਦੱਸਿਆ ਹੈ।
Glenn Maxwell ਨੇ ODI Cricket ਨੂੰ ਕਿਹਾ ਅਲਵਿਦਾ
ਦਰਅਸਲ, ਗਲੇਨ ਮੈਕਸਵੈੱਲ ਨੇ 25 ਅਗਸਤ 2012 ਨੂੰ ਆਪਣਾ ਵਨਡੇਅ ਡੈਬਿਊ ਕੀਤਾ ਸੀ। ਉਸਨੇ ਸ਼ਾਰਜਾਹ ਵਿੱਚ ਅਫਗਾਨਿਸਤਾਨ ਵਿਰੁੱਧ ਪਹਿਲਾ ਵਨਡੇਅ ਖੇਡਿਆ ਸੀ, ਜਿਸ ਵਿੱਚ ਉਸਦੇ ਬੱਲੇ ਤੋਂ ਸਿਰਫ 2 ਦੌੜਾਂ ਨਿਕਲੀਆਂ ਸਨ। ਇਸ ਦੇ ਨਾਲ ਹੀ, ਉਸਨੇ ਚੈਂਪੀਅਨਜ਼ ਟਰਾਫੀ 2025 ਵਿੱਚ ਸੈਮੀਫਾਈਨਲ ਵਿੱਚ ਭਾਰਤ ਵਿਰੁੱਧ ਆਪਣਾ ਆਖਰੀ ਵਨਡੇਅ ਮੈਚ ਖੇਡਿਆ। ਉਸ ਮੈਚ ਵਿੱਚ, ਮੈਕਸਵੈੱਲ 7 ਦੌੜਾਂ ਬਣਾਉਣ ਤੋਂ ਬਾਅਦ ਅਕਸ਼ਰ ਪਟੇਲ ਦਾ ਸ਼ਿਕਾਰ ਬਣ ਗਿਆ।
ਹੁਣ ਗਲੇਨ ਮੈਕਸਵੈੱਲ (Glenn Maxwell ODI Retirement) ਨੇ ਆਪਣੇ 13 ਸਾਲ ਦੇ ਵਨਡੇਅ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ ਹੈ। ਵਨਡੇਅ ਤੋਂ ਸੰਨਿਆਸ ਲੈਣ ਦਾ ਐਲਾਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਹੁਣ ਟੀ-20 ਅੰਤਰਰਾਸ਼ਟਰੀ ਕ੍ਰਿਕਟ ‘ਤੇ ਜ਼ਿਆਦਾ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ। ਖਾਸ ਕਰਕੇ 2026 ਵਿੱਚ ਹੋਣ ਵਾਲੇ ਅਗਲੇ ਟੀ-20 ਵਿਸ਼ਵ ਕੱਪ ਦੇ ਮੱਦੇਨਜ਼ਰ।
ਦੱਸ ਦਈਏ ਕਿ ਮੈਕਸਵੈੱਲ ਆਸਟ੍ਰੇਲੀਆ ਦੀ 2015 ਅਤੇ 2023 ਵਨਡੇਅ ਵਿਸ਼ਵ ਕੱਪ ਜਿੱਤਣ ਵਾਲੀਆਂ ਟੀਮਾਂ ਦਾ ਮਹੱਤਵਪੂਰਨ ਹਿੱਸਾ ਰਹੇ ਹਨ। ਉਨ੍ਹਾਂ ਦੀ 2023 ਵਿਸ਼ਵ ਕੱਪ ਵਿਚ ਅਫਗਾਨਿਸਤਾਨ ਖ਼ਿਲਾਫ਼ 201* ਦੌੜਾਂ ਬਣਾਉਣ ਵਾਲੀ ਇਤਿਹਾਸਕ ਪਾਰੀ ਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ।
ਉਨ੍ਹਾਂ ਨੇ “ਦ ਫਾਈਨਲ ਵਰਲਡ ਪੌਡਕਾਸਟ” ਵਿਚ ਕਿਹਾ,
‘‘ਮੈਂ ਹਮੇਸ਼ਾ ਕਿਹਾ ਹੈ ਕਿ ਜੇ ਮੈਂ ਸੋਚਦਾ ਹਾਂ ਕਿ ਮੈਂ ਆਪਣੀ ਟੀਮ ਲਈ ਬਰਾਬਰ ਦਾ ਯੋਗਦਾਨ ਦੇ ਰਿਹਾ ਹਾਂ ਤਾਂ ਮੈਂ ਕਦੇ ਵੀ ਵਨਡੇਅ ਤੋਂ ਦੂਰ ਨਹੀਂ ਹੋਵਾਂਗਾ ਪਰ ਮੈਂ ਨਿੱਜੀ ਕਾਰਨਾਂ ਕਰਕੇ ਖੇਡਣਾ ਨਹੀਂ ਚਾਹੁੰਦਾ ਸੀ।’’
ਉਨ੍ਹਾਂ ਨੇ ਦੱਸਿਆ ਕਿ ਵਨਡੇਅ ਕ੍ਰਿਕਟ ਦੀ ਸਰੀਰਕ ਮੰਗਾਂ, ਖਾਸ ਕਰਕੇ ਉਨ੍ਹਾਂ ਦੇ ਪੈਰ ਦੀ ਸੱਟ ਦੇ ਕਾਰਨ, ਉਨ੍ਹਾਂ ਦੇ ਪ੍ਰਦਰਸ਼ਨ ‘ਤੇ ਅਸਰ ਪਾ ਰਹੀਆਂ ਸਨ। ਮੈਕਸਵੈੱਲ ਨੂੰ ਲੱਗਿਆ ਕਿ ਉਹ 2027 ਦੇ ਵਨਡੇਅ ਵਿਸ਼ਵ ਕੱਪ ਤੱਕ ਸ਼ਾਇਦ ਨਹੀਂ ਪਹੁੰਚ ਸਕਣਗੇ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਨੇ ਵਨਡੇਅ ਤੋਂ ਸੰਨਿਆਸ ਦਾ ਐਲਾਨ ਕੀਤਾ। ਮੈਕਸਵੈੱਲ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ 2027 ਦੇ ਵਿਸ਼ਵ ਕੱਪ ਬਾਰੇ ਗੱਲ ਕੀਤੀ ਅਤੇ ਬੇਲੀ ਨੂੰ ਕਿਹਾ,
‘‘ਮੈਂ ਨਹੀਂ ਸੋਚਦਾ ਕਿ ਮੈਂ ਉੱਥੇ ਤੱਕ ਪਹੁੰਚ ਪਾਵਾਂਗਾ, ਹੁਣ ਸਮਾਂ ਹੈ ਕਿ ਮੇਰੀ ਜਗ੍ਹਾ ਹੋਰ ਖਿਡਾਰੀਆਂ ਲਈ ਯੋਜਨਾ ਬਣਾਉਣੀ ਸ਼ੁਰੂ ਕੀਤੀ ਜਾਵੇ ਤਾਂ ਜੋ ਉਹ ਇਸ ਭੂਮਿਕਾ ਨੂੰ ਅਪਣਾਉਣ। ਮੈਂ ਹਮੇਸ਼ਾ ਕਿਹਾ ਸੀ ਕਿ ਮੈਂ ਆਪਣੀ ਸਥਿਤੀ ਤਦ ਤੱਕ ਨਹੀਂ ਛੱਡਾਂਗਾ ਜਦ ਤੱਕ ਮੈਨੂੰ ਲੱਗਦਾ ਹੈ ਕਿ ਮੈਂ ਅਜੇ ਵੀ ਖੇਡਣ ਲਈ ਕਾਫੀ ਚੰਗਾ ਹਾਂ। ਮੈਂ ਸਿਰਫ ਕੁਝ ਸੀਰੀਜ਼ ਲਈ ਰਹਿਣਾ ਅਤੇ ਲਗਪਗ ਨਿੱਜੀ ਕਾਰਨਾਂ ਕਰਕੇ ਖੇਡਣਾ ਨਹੀਂ ਚਾਹੁੰਦਾ ਸੀ।’’