ਜੰਮੂ-ਕਸ਼ਮੀਰ ਦੇ ਸੋਨਮਰਗ ‘ਚ ਇੱਕ ਭਿਆਨਕ ਬਰਫ਼ੀਲਾ ਤੂਫ਼ਾਨ ਆਇਆ।
ਜੰਮੂ-ਕਸ਼ਮੀਰ ਦੇ ਸੋਨਮਰਗ ‘ਚ ਮੰਗਲਵਾਰ ਰਾਤ ਨੂੰ ਇੱਕ ਭਿਆਨਕ ਬਰਫ਼ੀਲਾ ਤੂਫ਼ਾਨ ਆਇਆ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਭਿਆਨਕ ਹੈ, ਜੋ ਕਿ ਖ਼ਰਾਬ ਮੌਸਮ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਬਰਫ਼ੀਲੇ ਤੂਫ਼ਾਨ ਨੇ ਸਥਾਨਕ ਨਿਵਾਸੀਆਂ ‘ਚ ਦਹਿਸ਼ਤ ਫੈਲਾ ਦਿੱਤੀ ਹੈ। ਹਾਲਾਂਕਿ, ਇਹ ਰਾਹਤ ਦੀ ਗੱਲ ਹੈ ਕਿ ਖ਼ਤਰਾਨਕ ਤਰੀਕੇ ਨਾਲ ਬਰਫ਼ ਖਿਸਕਣ ਦੇ ਬਾਵਜੂਦ, ਜਾਨ-ਮਾਲ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ‘ਚ ਪਹਾੜੀ ਖੇਤਰ ‘ਚ ਅਚਾਨਕ ਬਰਫ਼ੀਲਾ ਤੂਫ਼ਾਨ ਦਿਖਾਈ ਦੇ ਰਿਹਾ ਹੈ, ਜੋ ਇਮਾਰਤਾਂ ਨੂੰ ਤੇਜ਼ੀ ਨਾਲ ਆਪਣੀ ਲਪੇਟ ‘ਚ ਲੈ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਬਰਫ਼ ਖਿਸਕਣ ਦੀ ਘਟਨਾ ਮੰਗਲਵਾਰ ਰਾਤ 10:12 ਵਜੇ ਮੱਧ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ਦੇ ਸੋਨਮਾਰਗ ਰਿਜ਼ੋਰਟ ਨੇੜੇ ਵਾਪਰੀ। ਬਚਾਅ ਟੀਮਾਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ।
ਪ੍ਰਸ਼ਾਸਨ ਦੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
ਸੋਨਮਰਗ ਬਰਫ਼ਬਾਰੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਪ੍ਰਸ਼ਾਸਨ ਨੇ ਇਲਾਕੇ ‘ਚ ਰਹਿਣ ਵਾਲੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਮਾਰਚ ‘ਚ ਜੰਮੂ-ਕਸ਼ਮੀਰ ਦੇ ਗੁਲਮਰਗ ‘ਚ ਵੀ ਇੱਕ ਵੱਡਾ ਬਰਫ਼ੀਲਾ ਤੂਫ਼ਾਨ ਆਇਆ ਸੀ। ਉੱਥੇ ਹੀ, ਇੱਕ ਬਰਫ਼ੀਲਾ ਤੂਫ਼ਾਨ ਗਾਂਦਰਬਲ ਦੇ ਸੋਨਮਰਗ ਦੇ ਸਰਬਲ ਖੇਤਰ ‘ਚ ਆਇਆ ਸੀ। ਅਚਾਨਕ ਬਰਫ਼ ਖਿਸਕਣ ਦੀ ਘਟਨਾ ਨੇ ਇੱਕ ਟਰੱਕ ਨੂੰ ਆਪਣੇ ਲਪੇਟ ‘ਚ ਲੈ ਲਿਆ ਸੀ। ਬਰਫ਼ਬਾਰੀ ਨਾਲ ਇਲਾਕੇ ਵਸਨੀਕ ਦਹਿਸ਼ਤ ‘ਚ ਹਨ।
11 ਜ਼ਿਲ੍ਹਿਆਂ ‘ਚ ਬਰਫ਼ਬਾਰੀ ਦੀ ਚੇਤਾਵਨੀ
ਜੰਮੂ-ਕਸ਼ਮੀਰ ਕੇਂਦਰ ਸ਼ਾਸਤ ਪ੍ਰਦੇਸ਼ ਆਫ਼ਤ ਪ੍ਰਬੰਧਨ ਅਥਾਰਟੀ (JKUTDMA) ਨੇ ਕਸ਼ਮੀਰ ਦੇ ਗਿਆਰਾਂ ਜ਼ਿਲ੍ਹਿਆਂ ਲਈ ਬਰਫ਼ੀਲੇ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਸੀ, ਜਿਨ੍ਹਾਂ ‘ਚ ਗਾਂਦਰਬਲ, ਅਨੰਤਨਾਗ, ਬਾਂਦੀਪੋਰਾ, ਬਾਰਾਮੂਲਾ, ਕੁਲਗਾਮ ਤੇ ਕੁਪਵਾੜਾ ਸ਼ਾਮਲ ਹਨ ਤੇ ਜੰਮੂ ਖੇਤਰ ਦੇ ਡੋਡਾ, ਕਿਸ਼ਤਵਾੜ, ਪੁੰਛ, ਰਾਜੌਰੀ ਤੇ ਰਾਮਬਨ ਲਈ ਬਰਫ਼ੀਲੇ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਸੀ। ਇਸ ਲਗਾਤਾਰ ਬਰਫ਼ਬਾਰੀ ਕਾਰਨ, ਕਾਜ਼ੀਗੁੰਡ ਤੇ ਬਨੀਹਾਲ ਵਿਚਕਾਰ ਬਰਫ਼ ਜਮ੍ਹਾਂ ਹੋਣ ਕਾਰਨ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਆਵਾਜਾਈ ਲਈ ਬੰਦ ਹੋ ਗਿਆ ਸੀ। ਬਰਫ਼ ਹਟਾਉਣ ਦੇ ਲਈ ਚੱਲ ਰਹੇ ਕੰਮ ਦੇ ਬਾਵਜੂਦ ਹਾਈਵੇਅ ‘ਤੇ ਆਵਾਜਾਈ ਨੂੰ ਚੱਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਜਨਤਾ ਦੀ ਸਹਾਇਤਾ ਲਈ ਕੰਟਰੋਲ ਰੂਮ ਸਥਾਪਤ ਕੀਤੇ ਗਏ
ਅਧਿਕਾਰੀਆਂ ਨੇ ਕਿਹਾ ਕਿ ਬਰਫ਼ਬਾਰੀ ਕਾਰਨ ਰੇਲ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਬਨਿਹਾਲ ਤੇ ਬਡਗਾਮ ਵਿਚਕਾਰ ਕੁੱਝ ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ। ਪਟੜੀਆਂ ਸਾਫ਼ ਹੋਣ ਤੋਂ ਕੁੱਝ ਘੰਟਿਆਂ ਬਾਅਦ ਸੰਚਾਲਨ ਮੁੜ ਸ਼ੁਰੂ ਹੋ ਗਿਆ। ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਨੇ ਜਨਤਾ ਦੀ ਸਹਾਇਤਾ ਲਈ ਕੰਟਰੋਲ ਰੂਮ ਤੇ ਹੈਲਪਲਾਈਨ ਨੰਬਰ ਸਥਾਪਤ ਕੀਤੇ ਹਨ। ਮੌਸਮ ਵਿਭਾਗ ਨੇ ਜ਼ਿਆਦਾਤਰ ਖੇਤਰਾਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਂ ਬਰਫ਼ਬਾਰੀ, ਤੇ ਕੁੱਝ ਖੇਤਰਾਂ ਵਿੱਚ ਗਰਜ-ਤੂਫ਼ਾਨ ਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ। ਬੁੱਧਵਾਰ ਨੂੰ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।