ਸ੍ਰੀ ਮੁਕਤਸਰ ਸਾਹਿਬ ਵਿੱਚ ਗੈਂਗਸਟਰ ਗੋਲਡੀ ਬਰਾੜ ਦੇ ਮਾਪਿਆਂ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ।
ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਸਦਰ ਵਿੱਚ ਦਰਜ ਰੰਗਦਾਰੀ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇ ਮਾਮਲੇ ਵਿੱਚ ਪੁਲਿਸ ਨੇ ਗੈਂਗਸਟਰ ਗੋਲਡੀ ਬਰਾਡ ਦੇ ਮਾਤਾ-ਪਿਤਾ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਇੱਕ ਸਰਕਾਰੀ ਮੁਲਾਜ਼ਮ ਦੀ ਸ਼ਿਕਾਇਤ ਦੇ ਅਧਾਰ ‘ਤੇ ਕੀਤੀ ਗਈ ਹੈ, ਜਿਸ ਨੂੰ ਵਿਦੇਸ਼ੀ ਮੋਬਾਇਲ ਨੰਬਰ ਤੋਂ ਵਾਟਸਐਪ ਕਾਲ ਦੇ ਜਰੀਏ ਰੰਗਦਾਰੀ ਦੀ ਧਮਕੀ ਦਿੱਤੀ ਗਈ ਸੀ।
ਵਿਦੇਸ਼ੀ ਨੰਬਰ ਤੋਂ 50 ਲੱਖ ਰੁਪਏ ਦੀ ਰੰਗਦਾਰੀ ਦੀ ਮੰਗ
ਸ਼ਿਕਾਇਤਕਰਤਾ ਸਤਨਾਮ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਪਿਛਲੇ 33 ਸਾਲਾਂ ਵਿੱਚ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ 27 ਨਵੰਬਰ 2024 ਨੂੰ ਸਕੂਲ ਵਿੱਚ ਡਿਊਟੀ ਦੌਰਾਨ ਉਸ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਕਾਲ ਆਈ, ਜਿਸ ਵਿੱਚ ਕਾਲ ਕਰਨ ਵਾਲੇ ਨੇ ਖੁਦ ਨੂੰ ਬੰਬੀਹਾ ਗੈਂਗ ਦਾ ਮੈਂਬਰ ਦੱਸਿਆ ਅਤੇ 50 ਲੱਖ ਰੁਪਏ ਦੀ ਰੰਗਦਾਰੀ ਦੀ ਮੰਗ ਕੀਤੀ ਹੈ। ਮੁਲਜ਼ਮ ਨੇ ਪੈਸੇ ਨਾ ਦੇਣ ‘ਤੇ ਸ਼ਿਕਾਇਤਕਰਤਾ ਅਤੇ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰ ਦੀ ਧਮਕੀ ਦਿੱਤੀ ਹੈ। ਇਸ ਤੋਂ ਬਾਅਦ 3 ਦਸੰਬਰ ਨੂੰ ਵੀ ਉਸੇ ਨੰਬਰ ਤੋਂ ਕਾਲ ਆਉਣ ਤੋਂ ਬਾਅਦ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੈ।
ਅੰਮ੍ਰਿਤਸਰ ਤੋਂ ਹੋਈ ਗ੍ਰਿਫ਼ਤਾਰੀ
ਮਾਮਲੇ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਜਾਂਚ ਵਿੱਚ ਤੇਜ਼ੀ ਲਿਆਂਦੀ ਅਤੇ ਤਕਨੀਕੀ ਸਬੂਤਾਂ ਦੇ ਅਧਾਰ ‘ਤੇ ਮੁਲਜ਼ਮਾਂ ਦੀ ਲੋਕੇਸ਼ਨ ਅੰਮ੍ਰਿਤਸਰ ਵਿੱਚ ਟਰੇਸ ਕੀਤੀ। ਇਸ ਤੋਂ ਬਾਅਦ ਪੁਲਿਸ ਟੀਮਾਂ ਨੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ। ਜਿੱਥੇ ਕਾਨੂੰਨੀ ਪਰਕ੍ਰਿਆ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ।
ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਸ਼ਮਸ਼ੇਰ ਸਿੰਘ ਅਤੇ ਉਸ ਦੀ ਪਤਨੀ ਪ੍ਰੀਤਪਾਲ ਕੌਰ, ਨਿਵਾਸੀ ਕੋਟਕਪੂਰਾ ਰੋਡ, ਸ੍ਰੀ ਮੁਕਤਸਰ ਸਾਹਿਬ ਦੇ ਰੂਪ ਵਿੱਚ ਹੋਈ ਹੈ। ਪੁਲਿਸ ਮੁਤਾਬਕ ਦੋਵੇ ਮੁਲਜ਼ਮ ਗ੍ਰਿਫ਼ਤਾਰੀ ਵੇਲੇ ਸ੍ਰੀ ਦਰਬਾਰ ਸਾਹਿਬ ਨੇੜੇ ਇੱਕ ਹੋਟਲ ਵਿੱਚ ਰੁਕੇ ਹੋਏ ਸਨ।
ਮੁਲਜ਼ਮਾਂ ਨੂੰ ਜਲਦ ਅਦਾਲਤ ‘ਚ ਪੇਸ਼ ਕਰੇਗੀ ਪੁਲਿਸ
ਐਸਐਸਪੀ ਅਭਿਮਨਿਊ ਰਾਣਾ ਨੇ ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕੇਸ ਦਰਜ ਹੋਣ ਵੇਲੇ ਬੰਬੀਹਾ ਗੈਂਗ ਅਤੇ ਗੋਲਡੀ ਬਰਾੜ ਆਪਸ ਵਿੱਚ ਸੰਪਰਕ ਵਿੱਚ ਸਨ। ਸ਼ੁਰੂਆਤੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਕੋਲ ਪੈਸਿਆਂ ਦਾ ਕੋਈ ਵੀ ਵੈਧ ਸਤਰੋਤ ਨਹੀਂ ਸੀ ਅਤੇ ਕਥਿਤ ਤੌਰ ‘ਤੇ ਰੰਗਦਾਰੀ ਦੀ ਰਕਮ ‘ਤੇ ਨਿਰਭਰ ਸਨ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ‘ਤੇ ਲਿਆ ਜਾਵੇਗਾ, ਤਾਂ ਜੋ ਉਨ੍ਹਾਂ ਦੇ ਹੋਰ ਸਾਥੀਆਂ ਨੂੰ ਵੀ ਕਾਬੂ ਕੀਤਾ ਜਾ ਸਕੇ।