ਸਬ ਇੰਸਪੈਕਟਰ ਚੰਦਰ ਮੋਹਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਲਿਸ ਨੂੰ ਸਵੇਰੇ ਘਟਨਾ ਦੀ ਸੂਚਨਾ ਮਿਲੀ ਸੀ।
ਅੰਮ੍ਰਿਤਸਰ ਦੇ ਨੇੜਲੇ ਪਿੰਡ ਘਨਪੁਰ ਕਾਲੇ ‘ਚ ਅੱਜ ਸਵੇਰੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪੁੱਲ ਦੇ ਨੇੜੇ ਇੱਕ ਵਿਅਕਤੀ ਦੀ ਲਾਸ਼ ਮਿਲੀ। ਸਵੇਰੇ ਲਗਭਗ ਅੱਠ ਵਜੇ ਲੋਕਾਂ ਨੇ ਪੁੱਲ ਹੇਠਾਂ ਪਈ ਲਾਸ਼ ਦੇਖੀ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਕੁਝ ਹੀ ਸਮੇਂ ‘ਚ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਇਲਾਕੇ ਨੂੰ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕੀਤੀ।
ਇਸ ਮੌਕੇ ਤੇ ਚਸ਼ਮਦੀਦ ਗੁਰਮੁਖ ਸਿੰਘ ਵਾਸੀ ਪਿੰਡ ਘਨਪੁਰ ਕਾਲੇ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਦੀ ਸੈਰ ਕਰਨ ਲਈ ਨਿਕਲੇ ਸਨ। ਇਸ ਦੌਰਾਨ ਉਨ੍ਹਾਂ ਨੇ ਪੁੱਲ ਹੇਠਾਂ ਇੱਕ ਡੈਡ ਬਾਡੀ ਦੇਖੀ। ਲਾਸ਼ ਦੀ ਹਾਲਤ ਕਾਫ਼ੀ ਖਰਾਬ ਸੀ ਤੇ ਪਹਿਚਾਣ ਨਹੀਂ ਹੋ ਪਾ ਰਹੀ ਸੀ ਕਿ ਇਹ ਕਿਸ ਦੀ ਲਾਸ਼ ਹੈ। ਲਾਸ਼ ਦੀ ਸਥਿਤੀ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਮੌਤ ਨੂੰ ਕਾਫ਼ੀ ਸਮਾਂ ਹੋ ਚੁੱਕਿਆ ਹੈ।
ਸਬ ਇੰਸਪੈਕਟਰ ਚੰਦਰ ਮੋਹਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਲਿਸ ਨੂੰ ਸਵੇਰੇ ਘਟਨਾ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਤੁਰੰਤ ਮੌਕੇ ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ‘ਚ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਲਾਸ਼ ਅਣਪਛਾਤੀ ਹੈ ਤੇ ਵਿਅਕਤੀ ਦੇ ਹੱਥ ਪੈਰ ਆਕੜੇ ਹੋਏ ਸਨ, ਜਿਸ ਕਾਰਨ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੌਤ ਨੂੰ ਕਾਫ਼ੀ ਦਿਨ ਹੋ ਚੁੱਕੇ ਹਨ।
ਪੁਲਿਸ ਵੱਲੋਂ ਲਾਸ਼ ਨੂੰ ਮੋਰਚਰੀ ‘ਚ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਤੇ 72 ਘੰਟਿਆਂ ਲਈ ਲਾਸ਼ ਦੀ ਪਹਿਚਾਣ ਲਈ ਇੰਤਜ਼ਾਰ ਕੀਤਾ ਜਾਵੇਗਾ। ਜੇਕਰ ਇਸ ਦੌਰਾਨ ਪਰਿਵਾਰ ਜਾਂ ਕੋਈ ਜਾਣ-ਪਛਾਣ ਵਾਲਾ ਨਹੀਂ ਮਿਲਦਾ, ਤਾਂ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਇਸ ਵਿਅਕਤੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕਰਨ। ਦੂਜੇ ਪਾਸੇ, ਇਸ ਘਟਨਾ ਨਾਲ ਇਲਾਕੇ ਦੇ ਲੋਕਾਂ ‘ਚ ਡਰ ਦਾ ਮਾਹੌਲ ਹੈ ਤੇ ਪੁਲਿਸ ਵੱਲੋਂ ਜਾਂਚ ਤੇਜ਼ ਕਰ ਦਿੱਤੀ ਗਈ ਹੈ ਤਾਂ ਜੋ ਵਿਅਕਤੀ ਦੀ ਪਹਿਚਾਣ ਤੇ ਮੌਤ ਦੇ ਕਾਰਨ ਦਾ ਖੁਲਾਸਾ ਹੋ ਸਕੇ।