ਪੰਜਾਬੀ ਗਾਇਕ ਰਾਜਵੀਰ ਜਵੰਦਾ ਹਿਮਾਚਲ ਪ੍ਰਦੇਸ਼ ਵਿਖੇ ਹੋਏ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ
ਪੰਜਾਬੀ ਗਾਇਕ ਰਾਜਵੀਰ ਜਵੰਦਾ ਹਿਮਾਚਲ ਪ੍ਰਦੇਸ਼ ਵਿਖੇ ਹੋਏ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ, ਜਿਸ ਤੋਂ ਬਾਅਦ ਉਹਨਾਂ ਨੂੰ ਜਖਮੀ ਹਾਲਾਤ ਵਿੱਚ ਇੱਕ ਨਿੱਜੀ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ। ਜਿੱਥੇ ਉਹਨਾਂ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰਾਜਵੀਰ ਜਵੰਦਾ ਮੋਟਰਸਾਇਕਲ ਤੇ ਸਵਾਰ ਹੋ ਕੇ ਹਿਮਾਚਲ ਪ੍ਰਦੇਸ਼ ਦੇ ਬੱਦੀ ਤੋਂ ਸ਼ਿਮਲਾ ਵੱਲ ਜਾ ਰਹੇ ਸਨ ਇਸ ਦੌਰਾਨ ਸਾਹਮਣੇ ਤੋਂ ਕੋਈ ਅਵਾਰਾ ਪਸ਼ੂ ਉਹਨਾਂ ਦੇ ਵਹੀਕਲ ਨਾਲ ਟਕਰਾਅ ਗਿਆ।
ਹਾਲਾਤ ਗੰਭੀਰ, ਇਲਾਜ ਜਾਰੀ
ਜਾਣਕਾਰੀ ਅਨੁਸਾਰ ਹਾਦਸਾ ਸਵੇਰੇ ਕਰੀਬ ਸਾਢੇ 7 ਵਜੇ ਵਾਪਰਿਆ। ਜਿਸ ਤੋਂ ਬਾਅਦ ਉਹਨਾਂ ਨੂੰ ਜਖ਼ਮੀ ਹਾਲਤ ਵਿੱਚ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਓਧਰ ਹਿਮਾਚਲ ਪੁਲਿਸ ਨੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੀ ਜਾਂਚ ਤੋਂ ਬਾਅਦ ਹੀ ਹਾਦਸੇ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।
ਕਲਾਕਾਰ ਪਹੁੰਚੇ ਹਸਪਤਾਲ
ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੰਜਾਬੀ ਗਾਇਕ ਅਤੇ ਹੋਰ ਅਦਾਕਾਰ ਮੋਹਾਲੀ ਦੇ ਹਸਪਤਾਲ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਹਨ। ਹੁਣ ਤੱਕ ਗਾਇਕ ਕੁਲਵਿੰਦਰ ਬਿੱਲਾ ਅਤੇ ਸੂਫੀ ਗਾਇਕ ਕੰਵਰ ਗਰੇਵਾਲ ਹਸਪਤਾਲ ਵਿਖੇ ਪਹੁੰਚ ਗਏ ਹਨ।
ਕਈ ਦਿੱਤੇ ਸੁਪਰ ਹਿੱਟ ਗੀਤ
ਰਾਜਵੀਰ ਜਵੰਦਾ ਨੇ ਪੰਜਾਬੀ ਗਾਇਕੀ ਨੂੰ ਕਈ ਸੁਪਰ ਹਿੱਟ ਗੀਤ ਦਿੰਦੇ ਹਨ, ਜਿੰਨਾ ਵਿੱਚੋਂ ਅੱਜ ਕੱਲ੍ਹ ਕਮਲੇ ਨਹੀਂ ਲੱਭਦੇ ਦੁਨੀਆਂ ਬਹੁਤ ਸਿਆਣੀ ਆ.. ਅਤੇ ਮੈਂ ਸੋਹਣਿਆਂ ਬਣਾਉਣੀ ਦੇ ਦਿੱਤੀ ਕੰਗਣੀ ਉੱਪਰ ਤੇਰਾ ਮੇਰਾ ਨਾਮ ਲਿਖ ਕੇ… ਸਮੇਤ ਕਈ ਹੋਰ ਸ਼ਾਮਲ ਹਨ।
ਰਾਜਵੀਰ ਜਵੰਦਾ ਦੇ ਜੀਵਨ ਤੇ ਇੱਕ ਝਾਤ
ਰਾਜਵੀਰ ਜਵੰਦਾ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਪੋਨਾ ਜਗਰਾਓਂ ਵਿੱਚ ਹੋਇਆ ਸੀ। ਉਨ੍ਹਾਂ ਨੇ ਇੱਥੇ ਆਪਣੀ ਸਕੂਲੀ ਪੜਾਈ ਪੂਰੀ ਕੀਤੀ ਅਤੇ ਬਾਅਦ ਵਿੱਚ ਡੀਏਵੀ ਕਾਲਜ ਤੋਂ ਬੀਏ ਦੀ ਡਿਗਰੀ ਕੀਤੀ। ਜਾਣਕਾਰੀ ਮੁਤਾਬਕ, ਰਾਜਵੀਰ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਇਸ ਸ਼ੌਕ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਮਸ਼ਹੂਰ ਉਸਤਾਦ ਲਾਲੀ ਖਾਨ ਤੋਂ ਸੰਗੀਤ ਦੀ ਸਿੱਖਿਆ ਪ੍ਰਾਪਤ ਕੀਤੀ। ਫਿਰ ਰਾਜਵੀਰ ਨੇ ਥੀਏਟਰ ਅਤੇ ਟੀਵੀ ਵਿੱਚ ਮਾਸਟਰ ਡਿਗਰੀ ਵੀ ਹਾਸਲ ਕੀਤੀ। ਸਭ ਤੋਂ ਪਹਿਲਾਂ, ਉਹ ਆਪਣੇ ਪਿੰਡ ਦੇ ਨਗਰ ਕੀਰਤਨ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਤੇ ਇੱਕ ਵਾਰ ਗਾਇਆ, ਜਿਸ ਨੂੰ ਪਿੰਡ ਦੇ ਲੋਕਾਂ ਨੇ ਬਹੁਤ ਪਸੰਦ ਕੀਤਾ।
ਇਸ ਤੋਂ ਬਾਅਦ ਰਾਜਵੀਰ ਜਵੰਦਾ ਕਾਫੀ ਪ੍ਰਸਿੱਧ ਹੋ ਗਏ। ਕਾਲਜ ਦੌਰਾਨ, ਉਨ੍ਹਾਂ ਨੇ ਇੱਕ ਗੀਤ ਲਿਖਿਆ ਜੋ ਬਹੁਤ ਫੇਮਸ ਹੋਇਆ ਅਤੇ ਇਸ ਗੀਤ ਨੇ ਉਨ੍ਹਾਂ ਨੂੰ ਸ਼ੌਹਰਤ ਦਿੱਤੀ। ਕਮਲ ਗਰੇਵਾਲ, ਜੋਬਨ ਸੰਧੂ ਅਤੇ ਕੁਲਵਿੰਦਰ ਬਿੱਲਾ ਵੀ ਉਨ੍ਹਾਂ ਦੇ ਹੀ ਬੈਚ ਦੇ ਸਾਥੀ ਹਨ ਅਤੇ ਇਹ ਵੀ ਕਾਫੀ ਮਸ਼ਹੂਰ ਹਨ।