Rahul Gandhi ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਤੋਂ ਪੰਜਾਬ ਲਈ ਵਿਸ਼ੇਸ਼ ਰਿਲੀਫ ਪੈਕੇਜ ਦੀ ਮੰਗ ਕਰ ਚੁੱਕੇ ਹਨ।
ਕਾਂਗਰਸ ਸਾਂਸਦ ਰਾਹੁਲ ਗਾਂਧੀ ਅੱਜ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ। ਉਹ ਅੰਮ੍ਰਿਤਸਰ, ਗੁਰਦਾਸਪੁਰ ਤੇ ਪਠਾਨਕੋਟ ‘ਚ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕਰਨਗੇ ਤੇ ਉਨ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣਗੇ। ਪਾਰਟੀ ਨੇ ਉਨ੍ਹਾਂ ਦੇ ਪੰਜਾਬ ਦੌਰੇ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਉਹ ਅੱਜ ਸਵੇਰ 9 ਵਜੇ ਅੰਮ੍ਰਿਤਸਰ ਪਹੁੰਚਣਗੇ। ਏਅਰਪੋਰਟ ਤੋਂ ਉਹ ਸਿੱਧਾ ਹੜ੍ਹ ਪ੍ਰਭਾਵਿਤ ਲੋਕਾਂ ਦਾ ਹਾਲ ਜਾਨਣ ਲਈ ਪਹੁੰਚਣਗੇ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਗੇ।
ਰਾਹੁਲ ਗਾਂਧੀ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਤੋਂ ਪੰਜਾਬ ਲਈ ਵਿਸ਼ੇਸ਼ ਰਿਲੀਫ ਪੈਕੇਜ ਦੀ ਮੰਗ ਕਰ ਚੁੱਕੇ ਹਨ। ਉਨ੍ਹਾਂ ਨੇ ਪੋਸਟ ਕਰਦੇ ਹੋਏ ਲਿਖਿਆ ਸੀ ਕਿ ਪੰਜਾਬ ‘ਚ ਹੜ੍ਹ ਨੇ ਭਿਆਨਕ ਤਬਾਹੀ ਮਚਾਈ ਹੈ। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੀ ਸਥਿਤੀ ਵੀ ਬੇਹੱਦ ਚਿੰਤਾਜਨਕ ਹੈ।
ਅਜਿਹੇ ਮੁਸ਼ਕਿਲ ਸਮੇਂ ‘ਚ ਤੁਹਾਡਾ ਧਿਆਨ ਤੇ ਕੇਂਦਰ ਸਰਕਾਰ ਦੀ ਮਦਦ ਬਹੁੱਤ ਜ਼ਰੂਰੀ ਹੈ। ਹਜ਼ਾਰਾਂ ਪਰਿਵਾਰ ਆਪਣੇ ਘਰ, ਜੀਵਨ ਤੇ ਆਪਣਿਆਂ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। ਤੁਹਾਨੂੰ ਬੇਨਤੀ ਕਰਦਾ ਹਾਂ ਕਿ ਇਨ੍ਹਾਂ ਸੂਬਿਆਂ ‘ਚ ਖਾਸ ਤੌਰ ‘ਤੇ ਕਿਸਾਨਾਂ ਨੂੰ ਲਈ ਜਲਦ ਤੋਂ ਜਲਦ ਵਿਸ਼ੇਸ਼ ਰਿਲੀਫ ਪੈਕੇਜ ਦਾ ਐਲਾਨ ਕੀਤਾ ਜਾਵੇ ਤਾਂ ਜੋਂ ਰਾਹਤ ਤੇ ਬਚਾਅ ਕਾਰਜਾਂ ਨੂੰ ਤੇਜ਼ ਕੀਤਾ ਜਾਵੇ।
ਪੀਐਮ ਮੋਦੀ ਨੇ ਬੀਤੀ ਦਿਨੀਂ ਕੀਤਾ ਸੀ ਦੌਰਾ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 9 ਸਤੰਬਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ ਸੀ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਗੁਰਦਾਸਪੁਰ ‘ਚ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਦੀ ਇਸ ਬੈਠਕ ‘ਚ ਕਿਸਾਨ, ਪ੍ਰਸ਼ਾਸਨਕ ਅਧਿਕਾਰੀ, ਮੰਤਰੀ ਤੇ ਐਨਡੀਆਰਐਫ ਕਰਮਚਾਰੀ ਵੀ ਮੌਜੂਦ ਰਹੇ ਸਨ।
ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਦੇ ਲਈ 1,600 ਕਰੋੜ ਰੁਪਏ ਦਾ ਰਾਹਤ ਪੈਕੇਜ ਐਲਾਨ ਕੀਤਾ ਸੀ। ਹਾਲਾਂਕਿ, ਸੂਬਾ ਸਰਕਾਰ ਨੇ 1,600 ਕਰੋੜ ਨੂੰ ਬਹੁੱਤ ਘੱਟ ਦੱਸਦੇ ਹੋਏ ਕਿਹਾ ਕਿ ਇਹ ਊਠ ਦੇ ਮੂੰਹ ‘ਚ ਜੀਰੇ ਵਰਗਾ ਹੈ। ਸੂਬਾ ਸਰਕਾਰ ਨੇ 20,000 ਹਜ਼ਾਰ ਕਰੋੜ ਦੇ ਰਾਹਤ ਪੈਕੇਜ ਦੀ ਮੰਗ ਕੀਤੀ ਸੀ ਤੇ ਦਾਅਵਾ ਕੀਤਾ ਸੀ ਕਿ ਪੰਜਾਬ ਦਾ 60,000 ਕਰੋੜ ਕੇਂਦਰ ਤੋਂ ਬਕਾਇਆ ਹੈ, ਸਰਕਾਰ ਉਹ ਰਕਮ ਵੀ ਜਾਰੀ ਕਰੇ।
ਉੱਥੇ ਹੀ ਪੰਜਾਬ ਦੌਰੇ ਦੌਰਾਨ ਸੂਬਾ ਸਰਕਾਰ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੀ ਪੀਐਮ ਮੋਦੀ ਨਾਲ ਬੈਠਕ ‘ਚ ਮੌਜੂਦ ਸਨ। ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਪੀਐਮ ਨੇ 1,600 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਤਾਂ ਉਨ੍ਹਾਂ ਨੇ ਖੜ੍ਹੇ ਹੋ ਕੇ ਕਿਹਾ ਸੀ ਕਿ ਇਹ ਪੈਸੇ ਬਹੁੱਤ ਘੱਟ ਹਨ। ਮੰਤਰੀ ਮੁੰਡੀਆਂ ਨੇ ਦਾਅਵਾ ਕੀਤਾ ਸੀ ਕਿ ਇਸ ਤੋਂ ਬਾਅਦ ਪੀਐਮ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਤੁਹਾਨੂੰ ਹਿੰਦੀ ਨਹੀਂ ਆਉਂਦੀ। ਇਸ ਤੋਂ ਬਾਅਦ ਸੂਬਾ ਸਰਕਾਰ ਤੇ ਭਾਜਪਾ ‘ਚ ਸਿਆਸੀ ਮਾਹੌਲ ਭੱਖ ਗਿਆ ਸੀ।