ਪਾਣੀ ਵਧਣ ਕਾਰਨ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਰਹੀਆਂ ਹਨ।
ਪੰਜਾਬ ‘ਚ ਲਗਾਤਾਰ ਭਾਰੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ। ਬਾਰਿਸ਼ ਕਾਰਨ ਲੋਕਾਂ ਦੇ ਘਰ ਤੇ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ, ਜਦੋਂ ਕਿ ਕਈ ਪੁਲ ਤੇ ਘਰ ਵੀ ਢਹਿ ਗਏ ਹਨ। ਇਸ ਦੌਰਾਨ, ਮੌਸਮ ਵਿਭਾਗ ਨੇ 26 ਤੇ 27 ਤਰੀਕ ਨੂੰ ਫਿਰ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ, ਬਿਆਸ ਦਰਿਆ ‘ਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹ ਦਾ ਖ਼ਤਰਾ ਹੈ।
ਪਾਣੀ ਵਧਣ ਕਾਰਨ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਰਹੀਆਂ ਹਨ। ਇਸ ਦੌਰਾਨ ਸੁਲਤਾਨਪੁਰ ਲੋਧੀ ਖੇਤਰ ਨਾਲ ਸਬੰਧਤ ਪਿੰਡ ਆਹਲੀ ਕਲਾਂ ‘ਚ ਕਿਸਾਨਾਂ ਦੁਆਰਾ ਬਣਾਇਆ ਗਿਆ ਐਡਵਾਂਸ ਬੰਨ੍ਹ ਟੁੱਟ ਗਿਆ ਹੈ। ਹਾਲਾਂਕਿ, ਬਚਾਅ ਲਈ ਇਲਾਕੇ ਦੇ ਲੋਕਾਂ ਤੇ ਸੰਤਾਂ ਦੀ ਅਗਵਾਈ ‘ਚ ਦਿਨ-ਰਾਤ ਕੋਸ਼ਿਸ਼ਾਂ ਜਾਰੀ ਸਨ। ਕਮਜ਼ੋਰ ਥਾਵਾਂ ‘ਤੇ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਕਈ ਦਿਨਾਂ ਤੋਂ ਜਾਰੀ ਸੀ।
2023 ‘ਚ ਵੀ ਇਸੇ ਜਗ੍ਹਾ ਤੋਂ ਟੁੱਟਿਆ ਸੀ ਬੰਨ੍ਹ
ਜਾਣਕਾਰੀ ਮੁਤਾਬਕ ਸਾਲ 2023 ‘ਚ ਵੀ ਇਸ ਜਗ੍ਹਾ ਤੋਂ ਬੰਨ੍ਹ ਟੁੱਟ ਗਿਆ ਸੀ, ਜਿਸ ਤੋਂ ਬਾਅਦ ਲਗਭਗ 35 ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਸੀ। 2023 ਦੇ ਜ਼ਖ਼ਮ ਅਜੇ ਭਰੇ ਨਹੀਂ ਸਨ ਕਿ 2025 ‘ਚ ਫਿਰ ਬਿਆਸ ਦਰਿਆ ਨੇ ਇੱਥੇ ਭਾਰੀ ਤਬਾਹੀ ਮਚਾ ਦਿੱਤੀ ਹੈ।
ਪੰਜਾਬ ‘ਚ ਭਾਰੀ ਮੀਂਹ
ਤੁਹਾਨੂੰ ਦੱਸ ਦੇਈਏ ਕਿ ਮੌਸਮ ਵਿਭਾਗ ਨੇ ਅੱਜ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਰੂਪਨਗਰ ‘ਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ 27 ਅਗਸਤ ਨੂੰ ਪਠਾਨਕੋਟ, ਗੁਰਦਾਸਪੁਰ ਤੇ ਹੋਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਮੀਂਹ ਕਾਰਨ ਖਾਸ ਕਰਕੇ ਸਰਹੱਦੀ ਇਲਾਕਿਆਂ ਦੇ ਪਿੰਡਾਂ ‘ਚ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰੇਲਵੇ ਨੇ ਪਠਾਨਕੋਟ ਦੇ ਨਾਲ ਲੱਗਦੇ ਚੱਕੀ ਖੱਡ ‘ਤੇ ਬਣੇ ਬ੍ਰਿਟਿਸ਼ ਯੁੱਗ ਦੇ ਰੇਲਵੇ ਪੁਲ ਡਾਊਨ ਲਾਈਨ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਲੱਗਦੇ ਰੇਲ ਪੁਲ ਦੀ ਅੱਪ ਲਾਈਨ ਤੋਂ ਕੁਝ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ।