ਪਠਾਨਕੋਟ, ਕਪੂਰਥਲਾ, ਤਰਨਤਾਰਨ, ਫਾਜ਼ਿਲਕਾ, ਫਿਰੋਜ਼ਪੁਰ, ਅੰਮ੍ਰਿਤਸਰ, ਤੇ ਹੁਸ਼ਿਆਰਪੁਰ ‘ਚ ਹਾਲਾਤ ਵਿਗੜਦੇ ਜਾ ਰਹੇ ਹਨ।
ਪੰਜਾਬ ‘ਚ ਹੋ ਰਹੀ ਲਗਾਤਾਰ ਬਾਰਿਸ਼ ਦੇ ਕਾਰਨ ਡੈਮਾਂ ‘ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੇੜੇ ਪਹੁੰਚਦਾ ਜਾ ਰਿਹਾ ਹੈ, ਜਿਸ ਦੇ ਚੱਲਦੇ ਭਾਖੜਾ, ਰਣਜੀਤ ਸਾਗਰ ਤੇ ਪੌਂਗ ਡੈਮ ਤੋਂ ਹਜ਼ਾਰਾਂ ਕਿਊਸਕ ਪਾਣੀ ਰੋਜ਼ਾਨ ਛੱਡਿਆ ਜਾ ਰਿਹਾ ਹੈ। ਬਿਆਸ, ਸਤਲੁਜ ਤੇ ਰਾਵੀ ਦਰਿਆ ‘ਚ ਉਫ਼ਾਨ ਹੈ, ਇਸ ਤੋਂ ਇਲਾਵਾ ਕਈ ਨਹਿਰਾਂ ਦੇ ਬੰਨ੍ਹ ਟੁੱਟ ਗਏ ਹਨ ਤੇ ਕਈ ਇਲਾਕਿਆਂ ‘ਚ ਪਾਣੀ ਵੜ੍ਹ ਗਿਆ ਹੈ।
ਪਠਾਨਕੋਟ, ਕਪੂਰਥਲਾ, ਤਰਨਤਾਰਨ, ਫਾਜ਼ਿਲਕਾ, ਫਿਰੋਜ਼ਪੁਰ, ਅੰਮ੍ਰਿਤਸਰ, ਤੇ ਹੁਸ਼ਿਆਰਪੁਰ ‘ਚ ਹਾਲਾਤ ਵਿਗੜਦੇ ਜਾ ਰਹੇ ਹਨ। ਸੋਮਵਾਰ ਨੂੰ ਬਿਆਸ ਦਰਿਆ ‘ਚ ਪਾਣੀ ਛੱਡਿਆ ਗਿਆ। ਦਰਿਆ ਕੰਢੇ ਦੇ ਕਈ ਇਲਾਕੇ ਪਾਣੀ ਦੀ ਮਾਰ ਝੱਲ ਰਹੇ ਹਨ। ਫਸਲਾਂ ਦਾ ਨੁਕਸਾਨ ਹੋ ਰਿਹਾ ਹੈ। ਸੜਕਾਂ ‘ਤੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।
ਰਣਜੀਤ ਸਾਗਰ ਡੈਮ ਤੋਂ ਛੱਡਿਆ ਗਿਆ ਪਾਣੀ
ਪਠਾਨਕੋਟ ਦੇ ਸ਼ਾਹਪੁਰ ਕੰਢੀ ਖੇਤਰ ਸਥਿਤ ਰਣਜੀਤ ਸਾਗਰ ਝੀਲ ‘ਚ ਸੋਮਵਾਰ ਨੂੰ ਪਾਣੀ ਦਾ ਪੱਧਰ 526 ਮੀਟਰ ਤੱਕ ਪਹੁੰਚ ਗਿਆ। ਭਾਰੀ ਬਾਰਿਸ਼ ਦੇ ਅਲਰਟ ਦੇ ਚੱਲਦੇ ਡੈਮ ਪ੍ਰਸ਼ਾਸਨ ਨੇ ਸੋਮਵਾਰ ਸਵੇਰ ਡੈਮ ਦੇ ਸਾਰੇ ਸੱਤ ਗੇਟ ਖੋਲ੍ਹ ਰਾਵੀ ਦਰਿਆ ‘ਚ 80 ਹਜ਼ਾਰ ਕਿਊਸਕ ਪਾਣੀ ਛੱਡਿਆ। ਪਾਣੀ ਛੱਡਣ ਤੋਂ ਬਾਅਦ ਆਸ-ਪਾਸ ਦੇ ਇਲਾਕਿਆਂ ‘ਚ ਪਾਣੀ ਆ ਗਿਆ ਹੈ। ਇੱਥੇ ਪਾਣੀ ਕਾਰਨ ਇੱਕ ਪਰਿਵਾਰ ਦੇ ਚਾਰ ਮੈਂਬਰ ਜੰਗਲ ਖੇਤਰ ‘ਚ ਫਸ ਗਏ, ਜਿਨ੍ਹਾਂ ਨੂੰ ਰੈਸਿਕਊ ਕੀਤਾ ਗਿਆ।
ਕਈ ਜ਼ਿਲ੍ਹਿਆਂ ‘ਚ ਛੁੱਟੀ ਦਾ ਐਲਾਨ
ਅੱਜ ਪੰਜਾਬ ਦੇ 10 ਜ਼ਿਲ੍ਹਿਆਂ ‘ਚ ਮੀਂਹ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਤੇ ਬਾਕੀ ਜ਼ਿਲ੍ਹਿਆਂ ‘ਚ ਯੈਲੋ ਅਲਰਟ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਰੂਪਨਗਰ, ਫਤਿਹਗੜ੍ਹ ਸਾਹਿਬ ਤੇ ਪਟਿਆਲਾ ਚ ਬਾਰਿਸ਼ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਬਾਕੀ ਸਾਰੇ ਜ਼ਿਲ੍ਹਿਆਂ ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਭਾਰੀ ਮੀਂਹ ਤੇ ਹੜ੍ਹ ਵਰਗੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਇਲਾਕਿਆਂ ‘ਚ ਅੱਜ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਹੁਸ਼ਿਆਰਪੁਰ ਚ 2 ਦਿਨ, ਅੰਮ੍ਰਿਤਸਰ ਤੇ ਅਜਨਾਲਾ ਚ ਇੱਕ ਦਿਨ, ਫਾਜ਼ਿਲਕਾ ਚ ਤਿੰਨ ਦਿਨ ਛੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਠਾਨਕੋਟ ਤੇ ਜਲੰਧਰ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਵੀ ਅੱਜ ਬੰਦ ਰਹਿਣਗੇ। ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੇ ਵੀ ਮੀਂਹ ਦੇ ਮੱਦੇਨਜ਼ਰ ਸਕੂਲ ਬੰਦ ਰੱਖਣ ਦਾ ਫੈਸਲਾ ਲਿਆ ਹੈ।