ਹਾਲ ਹੀ ਵਿੱਚ ਹੋਏ ਏਅਰ ਇੰਡੀਆ ਹਾਦਸੇ ਨੇ ਐਵੀਏਸ਼ਨ ਇੰਸੋਰੈਂਸ ‘ਤੇ ਇੱਕ ਵੱਡਾ ਵਿੱਤੀ ਬੋਝ ਪਾਇਆ ਹੈ।
ਹਾਲ ਹੀ ਵਿੱਚ ਏਅਰ ਇੰਡੀਆ ਨਾਲ ਵਾਪਰੇ ਸਭ ਤੋਂ ਖਤਰਨਾਕ ਹਾਦਸੇ ਵਿੱਚ 270 ਲੋਕਾਂ ਦੀ ਜਾਨ ਗਈ ਹੈ। ਜਹਾਜ਼ ਵਿੱਚ ਬੈਠੇ ਲੋਕ ਹੀ ਨਹੀਂ ਬਲਕਿ ਉਸ ਜਗ੍ਹਾ ‘ਤੇ ਵੀ ਕਈ ਲੋਕ ਮਾਰੇ ਗਏ ਜਿੱਥੇ ਜਹਾਜ਼ ਕਰੈਸ਼ ਹੋਣ ਤੋਂ ਬਾਅਦ ਡਿੱਗਿਆ ਸੀ। ਇਸ ਹਾਦਸੇ ਨੇ ਬੀਮਾ ਖੇਤਰ ਨੂੰ ਵੀ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਇਸ ਹਾਦਸੇ ਕਾਰਨ, ਹਵਾਬਾਜ਼ੀ ਬੀਮਾ ਖੇਤਰ ‘ਤੇ ਇੱਕ ਵੱਡਾ ਵਿੱਤੀ ਬੋਝ ਪਿਆ ਹੈ। ਇੱਕ ਅੰਦਾਜ਼ੇ ਅਨੁਸਾਰ, ਏਅਰ ਇੰਡੀਆ ਦਾ ਕਲੇਮ ਲਗਭਗ 475 ਮਿਲੀਅਨ ਡਾਲਰ ਯਾਨੀ 3900 ਕਰੋੜ ਰੁਪਏ ਤੋਂ ਵੱਧ ਤੱਕ ਪਹੁੰਚ ਸਕਦਾ ਹੈ। ਇਹ ਭਾਰਤ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਕਲੇਮ ਹੈ।
ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ, ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ (GIC) ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਰਾਮਾਸਵਾਮੀ ਨਾਰਾਇਣਨ ਨੇ ਕਿਹਾ ਕਿ ਇਹ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਐਵੀਏਸ਼ਨ ਕਲੇਮ ਹੋ ਸਕਦਾ ਹੈ। GIC ਉਨ੍ਹਾਂ ਕੰਪਨੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਏਅਰ ਇੰਡੀਆ ਦੇ ਬੀਮੇ ਦੀ ਜ਼ਿੰਮੇਵਾਰੀ ਲਈ ਹੈ।
ਕਿਵੇਂ ਮਿਲਦੇ ਹਨ ਇੰਸ਼ੋਰੈਣ ਕਲੇਮ ਦੇ ਪੈਸੇ
ਰਿਪੋਰਟ ਦੇ ਅਨੁਸਾਰ, ਪਲੇਨ ਦੇ ਹੁਲ (ਬਾਡੀ) ਅਤੇ ਇੰਜਣ ਲਈ ਅਨੁਮਾਨਿਤ ਕਲੇਮ ਲਗਭਗ 125 ਮਿਲੀਅਨ ਡਾਲਰ ਯਾਨੀ 1000 ਕਰੋੜ ਦਾ ਰੁਪਏ ਹੋਵੇਗਾ।
ਇਸ ਤੋਂ ਇਲਾਵਾ, ਇਸ ਹਾਦਸੇ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ ਕਲੇਮ ਦੀ ਰਕਮ ਲਗਭਗ 350 ਮਿਲੀਅਨ ਡਾਲਰ ਯਾਨੀ 2900 ਕਰੋੜ ਰੁਪਏ ਹੋਵੇਗੀ।
ਰਿਪੋਰਟ ਦੇ ਅਨੁਸਾਰ, ਇਹ ਕੁੱਲ ਖਰਚ ਭਾਰਤ ਵਿੱਚ ਐਵੀਏਸ਼ਨ ਕਲੇਮ ਖੇਤਰ ਦੀ ਸਾਲਾਨਾ ਪ੍ਰੀਮੀਅਮ ਕਮਾਈ ਨਾਲੋਂ ਤਿੰਨ ਗੁਣਾ ਜ਼ਿਆਦਾ ਹੈ।
ਦੇਸ਼ ਅਤੇ ਦੁਨੀਆ ਦੇ ਬੀਮਾ ਬਾਜ਼ਾਰ ‘ਤੇ ਅਸਰ
ਇਸ ਹਾਦਸੇ ਦਾ ਸਿੱਧਾ ਅਸਰ ਗਲੋਬਲ ਐਵੀਏਸ਼ਨ ਇੰਸ਼ੌਰੈਂਸ ਅਤੇ ਰੀਇੰਸ਼ੌਰੈਂਸ ਬਾਜ਼ਾਰ ‘ਤੇ ਵੀ ਪੈਣ ਵਾਲਾ ਹੈ। ਰਿਪੋਰਟ ਦੇ ਅਨੁਸਾਰ, ਇਸ ਘਟਨਾ ਤੋਂ ਬਾਅਦ, ਭਾਰਤ ਵਿੱਚ ਜਹਾਜ਼ਾਂ ਦੀ ਇੰਸ਼ੌਰੈਂਸ ਲਾਗਤ ਵਿੱਚ ਵਾਧਾ ਹੋਣਾ ਯਕੀਨੀ ਹੈ। ਭਾਵੇਂ ਇਹ ਹੁਣ ਹੋਵੇ ਜਾਂ ਅਗਲੀ ਵਾਰ ਜਦੋਂ ਪਾਲਿਸੀ ਰਿਨਿਊ ਹੋਵੇਗੀ।
ਬਲੂਮਬਰਗ ਦੇ ਅੰਕੜਿਆਂ ਅਨੁਸਾਰ, GIC ਅਤੇ ਹੋਰ ਭਾਰਤੀ ਕੰਪਨੀਆਂ ਨੇ ਹਵਾਬਾਜ਼ੀ ਬੀਮੇ ਤੋਂ ਪ੍ਰੀਮੀਅਮ ਦਾ ਸਿਰਫ਼ 1% ਹੀ ਕਮਾਇਆ ਹੈ। ਬਾਕੀ ਦਾ ਵੱਡਾ ਹਿੱਸਾ ਗਲੋਬਲ ਰੀਇੰਸ਼ੋਰੈਂਸ ਕੰਪਨੀਆਂ ਨੂੰ ਟ੍ਰਾਂਸਫਰ ਕਰ ਦਿੱਤਾ ਗਿਆ ਸੀ। ਦਰਅਸਲ, ਭਾਰਤੀ ਬੀਮਾ ਕੰਪਨੀਆਂ ਨੇ ਆਪਣੇ ਹਵਾਬਾਜ਼ੀ ਪ੍ਰੀਮੀਅਮ ਦਾ 95% ਤੋਂ ਵੱਧ ਅੰਤਰਰਾਸ਼ਟਰੀ ਰੀਇੰਸ਼ੋਰੈਂਸ ਕੰਪਨੀਆਂ ਨੂੰ ਅਦਾ ਕੀਤਾ ਸੀ। ਇਸ ਲਈ, ਇਸ ਹਾਦਸੇ ਕਾਰਨ ਹੋਇਆ ਆਰਥਿਕ ਝਟਕਾ ਮੁੱਖ ਤੌਰ ‘ਤੇ ਇਨ੍ਹਾਂ ਵਿਦੇਸ਼ੀ ਕੰਪਨੀਆਂ ‘ਤੇ ਪਵੇਗਾ।
ਵਿਦੇਸ਼ੀ ਨਾਗਰਿਕਾਂ ਦੀ ਮੌਤ ‘ਤੇ ਕਿਵੇਂ ਤੈਅ ਹੋਵੇਗਾ ਕਲੇਮ
ਇਸ ਹਾਦਸੇ ਵਿੱਚ ਮਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਇੰਸ਼ੌਰੈਂਸ ਕਲੇਮ ਦਾ ਫੈਸਲਾ ਉਨ੍ਹਾਂ ਦੇ ਦੇਸ਼ਾਂ ਦੇ ਨਿਯਮਾਂ ਅਨੁਸਾਰ ਕੀਤਾ ਜਾਵੇਗਾ। ਇਸ ਨਾਲ ਕਲੇਮ ਦੀ ਰਕਮ ਹੋਰ ਵੀ ਵਧ ਸਕਦੀ ਹੈ। ਹਾਲਾਂਕਿ, ਇਸ ਵਿੱਚ ਬਹੁਤ ਜਿਆਦਾ ਸਮਾਂ ਲੱਗਦਾ ਹੈ।