Home latest News Punjab ‘ਚ AAP ਦੀ ਚੋਣ ਮੁਹਿੰਮ ਦਾ ਅੱਜ ਆਗਾਜ਼, ਲੁਧਿਆਣਾ ਤੋਂ CM...

Punjab ‘ਚ AAP ਦੀ ਚੋਣ ਮੁਹਿੰਮ ਦਾ ਅੱਜ ਆਗਾਜ਼, ਲੁਧਿਆਣਾ ਤੋਂ CM ਮਾਨ ਕਰਨਗੇ ਸ਼ੁਰੂਆਤ; 20 ਸਤੰਬਰ ਤੋਂ ਮੈਗਾ ਡੋਰ-ਟੂ-ਡੋਰ ਪ੍ਰਚਾਰ

10
0

ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਇਨਡੋਰ ਸਟੇਡੀਅਮ ਵਿਖੇ ਆਮ ਆਦਮੀ ਪਾਰਟੀ ਵੱਲੋਂ ਇੱਕ ਵਿਸ਼ਾਲ ਸਿਆਸੀ ਸਮਾਗਮ ਦੌਰਾਨ ਆਪਣੀ ਚੋਣ ਮੁਹਿੰਮ ਦਾ ਰਸਮੀ ਆਗਾਜ਼ ਕੀਤਾ ਗਿਆ।

ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਇਨਡੋਰ ਸਟੇਡੀਅਮ ਵਿਖੇ ਆਮ ਆਦਮੀ ਪਾਰਟੀ ਵੱਲੋਂ ਇੱਕ ਵਿਸ਼ਾਲ ਸਿਆਸੀ ਸਮਾਗਮ ਦੌਰਾਨ ਆਪਣੀ ਚੋਣ ਮੁਹਿੰਮ ਦਾ ਰਸਮੀ ਆਗਾਜ਼ ਕੀਤਾ ਗਿਆ। ਸਵੇਰੇ 11 ਤੋਂ ਬਾਅਦ ਦੁਪਹਿਰ 2 ਵਜੇ ਤੱਕ ਚੱਲੇ ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਪਾਰਟੀ ਦਾ ਅਧਿਕਾਰਤ ਚੋਣ ਪੈਂਫ਼ਲੇਟ ਜਾਰੀ ਕੀਤਾ। ਇਸ ਲਾਂਚਿੰਗ ਦੇ ਨਾਲ ਹੀ ਪਾਰਟੀ ਨੇ ਐਲਾਨ ਕੀਤਾ ਹੈ ਕਿ 20 ਸਤੰਬਰ ਤੋਂ ਸੂਬਾ ਪੱਧਰ ‘ਤੇ ਮੈਗਾ ‘ਡੋਰ-ਟੂ-ਡੋਰ’ ਮੁਹਿੰਮ ਵਿੱਢੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਆਪਣੇ ਹਲਕੇ ਧੂਰੀ ਤੋਂ ਘਰ-ਘਰ ਜਾ ਕੇ ਲੋਕਾਂ ਨੂੰ ਮਿਲਣਗੇ ਅਤੇ ਇਸ ਮੁਹਿੰਮ ਦੀ ਕਮਾਨ ਸੰਭਾਲਣਗੇ।

ਸੰਗਠਨ ਦੇ ਸਾਰੇ ਅਹੁਦੇਦਾਰ ਰਹੇ ਹਾਜ਼ਰ

ਇਨਡੋਰ ਸਟੇਡੀਅਮ ਦੇ ਪ੍ਰੋਗਰਾਮ ਦੌਰਾਨ ਜ਼ਿਲ੍ਹਾ ਪ੍ਰਧਾਨਾਂ ਤੋਂ ਲੈ ਕੇ ਬਲਾਕ ਪ੍ਰਧਾਨਾਂ ਅਤੇ ਹੇਠਲੇ ਪੱਧਰ ਦੇ ਸਮੂਹ ਅਹੁਦੇਦਾਰਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ‘ਆਪ’ ਲੀਡਰਸ਼ਿਪ ਨੇ ਦਾਅਵਾ ਕੀਤਾ ਕਿ ਮਾਨ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਅਜਿਹੇ ਇਤਿਹਾਸਕ ਕੰਮ ਕੀਤੇ ਹਨ, ਜੋ ਪਿਛਲੇ 75 ਸਾਲਾਂ ਦੇ ਸ਼ਾਸਨ ਦੌਰਾਨ ਵੀ ਨਹੀਂ ਹੋ ਸਕੇ ਸਨ। ਪਾਰਟੀ ਆਗੂਆਂ ਨੇ ਦੱਸਿਆ ਕਿ ਇਨ੍ਹਾਂ ਵਿਕਾਸ ਕਾਰਜਾਂ ਅਤੇ ਲੋਕ-ਪੱਖੀ ਨੀਤੀਆਂ ਨੂੰ ਆਧਾਰ ਬਣਾ ਕੇ ਹੀ ਪਾਰਟੀ ਚੋਣ ਮੈਦਾਨ ਵਿੱਚ ਨਿੱਤਰੇਗੀ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਪੰਜਾਬ ਸਰਕਾਰ ਦੇ ਕੰਮਾਂ ਬਾਰੇ ਜਾਣੂ ਕਰਵਾਇਆ ਜਾਵੇਗਾ।

ਇੱਕ ਮਹੀਨਾ ਚੱਲੇਗਾ ਅਭਿਆਨ

ਪਾਰਟੀ ਵੱਲੋਂ ਤਿਆਰ ਕੀਤੀ ਗਈ ਰੂਪ-ਰੇਖਾ ਮੁਤਾਬਕ ਪੰਜਾਬ ਦੇ ਕੁੱਲ 25,332 ਪੋਲਿੰਗ ਬੂਥਾਂ ਨੂੰ ਕਵਰ ਕੀਤਾ ਜਾਵੇਗਾ। ਇਸ ਵਿਸ਼ਾਲ ਅਭਿਆਨ ਵਿੱਚ ਤਕਰੀਬਨ 2.68 ਲੱਖ ਪਾਰਟੀ ਵਰਕਰ ਅਤੇ ਬੂਥ ਇੰਚਾਰਜ ਜ਼ਮੀਨੀ ਪੱਧਰ ‘ਤੇ ਸਰਗਰਮ ਰਹਿਣਗੇ। ਇਹ ਵਿਸ਼ੇਸ਼ ਲੋਕ-ਸੰਪਰਕ ਮੁਹਿੰਮ ਪੂਰਾ ਇੱਕ ਮਹੀਨਾ ਚੱਲੇਗੀ, ਜਿਸ ਦੌਰਾਨ ਹਰੇਕ ਵੋਟਰ ਅਤੇ ਪਰਿਵਾਰ ਤੱਕ ਸਰਕਾਰ ਦਾ ਪ੍ਰੋਗਰਾਮ ਪਹੁੰਚਾਇਆ ਜਾਵੇਗਾ।

ਪਾਰਟੀ ਦਾ ਦਾਅਵਾ, ਹਰ ਗਾਰੰਟੀ ਪੂਰੀ

ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਕਿ ਸੂਬੇ ਵਿੱਚ ਸਰਕਾਰ ਬਣਨ ਮਗਰੋਂ ਚੋਣਾਂ ਸਮੇਂ ਦਿੱਤੀ ਗਈ ਇੱਕ-ਇੱਕ ਗਾਰੰਟੀ ਨੂੰ ਜ਼ਮੀਨੀ ਪੱਧਰ ‘ਤੇ ਇੰਨ-ਬਿੰਨ ਲਾਗੂ ਕੀਤਾ ਗਿਆ ਹੈ। ਪਾਰਟੀ ਦੇ ਮੁਲਾਂਕਣ ਅਨੁਸਾਰ ਸਰਕਾਰੀ ਸਹੂਲਤਾਂ ਅਤੇ ਸਕੀਮਾਂ ਸਦਕਾ ਸੂਬੇ ਦੇ ਹਰੇਕ ਪਰਿਵਾਰ ਨੂੰ ਸਾਲਾਨਾ ਤਕਰੀਬਨ 1.82 ਲੱਖ ਰੁਪਏ ਦਾ ਸਿੱਧਾ ਆਰਥਿਕ ਲਾਭ ਮਿਲ ਰਿਹਾ ਹੈ, ਜੋ ਕਿ ਮਹੀਨਾਵਾਰ ਲਗਭਗ 15 ਹਜ਼ਾਰ ਰੁਪਏ ਬਣਦਾ ਹੈ। ਪਾਰਟੀ ਦੇ ਵਾਲੰਟੀਅਰ ਹੁਣ ਇਨ੍ਹਾਂ ਸਾਰੀਆਂ ਭਲਾਈ ਸਕੀਮਾਂ ਅਤੇ ਵਿਕਾਸ ਪ੍ਰਾਜੈਕਟਾਂ ਦਾ ਲੇਖਾ-ਜੋਖਾ ਲੈ ਕੇ ਆਮ ਲੋਕਾਂ ਦੀਆਂ ਬਰੂਹਾਂ ‘ਤੇ ਪਹੁੰਚਣਗੇ।

ਪਿਛਲੀਆਂ ਸਰਕਾਰਾਂ ਨੇ ਨਸ਼ਿਆਂ ਦੇ ਦਲਦਲ ‘ਚ ਧੱਕਿਆ ਪੰਜਾਬ: ਮਨੀਸ਼ ਸਿਸੋਦੀਆ

ਸਮਾਗਮ ਦੌਰਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਪਿਛਲੀਆਂ ਸਰਕਾਰਾਂ ‘ਤੇ ਤਿੱਖੇ ਹਮਲੇ ਬੋਲੇ। ਉਨ੍ਹਾਂ ਕਿਹਾ ਕਿ 2007 ਤੋਂ 2017 ਤੱਕ ਅਕਾਲੀ-ਭਾਜਪਾ ਗੱਠਜੋੜ ਦੇ ਰਾਜ ਦੌਰਾਨ ਪੰਜਾਬ ਨੂੰ ਗੰਭੀਰ ਨਸ਼ਿਆਂ ਦੀ ਸਮੱਸਿਆ ਵਿੱਚ ਝੋਕ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵੀ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਅਤੇ ਸਰਕਾਰ ਬਣਦੇ ਹੀ ਉਹ ਆਪਣੇ ਵਾਅਦਿਆਂ ਤੋਂ ਮੁਕਰ ਗਏ, ਜਿਸ ਕਾਰਨ ਨਸ਼ੇ ਦਾ ਕੋੜ੍ਹ ਖ਼ਤਮ ਨਹੀਂ ਹੋ ਸਕਿਆ।

ਤੋੜੀ ਸਪਲਾਈ ਚੇਨ

ਮਨੀਸ਼ ਸਿਸੋਦੀਆ ਨੇ ਜ਼ੋਰ ਦੇ ਕੇ ਕਿਹਾ ਕਿ ਮਾਨ ਸਰਕਾਰ ਨੇ ਸੱਤਾ ਵਿੱਚ ਆਉਂਦਿਆਂ ਹੀ ਨਸ਼ਿਆਂ ਖ਼ਿਲਾਫ਼ ਵਿਆਪਕ ਮੁਹਿੰਮ ਛੇੜੀ। ਤਸਕਰਾਂ ਦੀਆਂ ਗ਼ੈਰ-ਕਾਨੂੰਨੀ ਜਾਇਦਾਦਾਂ ‘ਤੇ ਬੁਲਡੋਜ਼ਰ ਚਲਾਏ ਗਏ, ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ ਅਤੇ ਨਸ਼ੇ ਦੀ ਸਪਲਾਈ ਚੇਨ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸ ਕੀਤਾ ਗਿਆ। ਉਨ੍ਹਾਂ ਸਵਾਲ ਉਠਾਇਆ ਕਿ ਇਸ ਸਖ਼ਤੀ ਦੇ ਬਾਵਜੂਦ ਪੰਜਾਬ ਵਿੱਚ ਨਸ਼ਾ ਕਿੱਥੋਂ ਆ ਰਿਹਾ ਹੈ? ਉਨ੍ਹਾਂ ਦਾਅਵਾ ਕੀਤਾ ਕਿ ਅਸਲ ਸੱਚਾਈ ਇਹ ਹੈ ਕਿ ਪੰਜਾਬ ਵਿੱਚ ਸਪਲਾਈ ਹੋਣ ਵਾਲਾ ਲਗਭਗ 80 ਫ਼ੀਸਦੀ ਨਸ਼ਾ ਭਾਰਤੀ ਜਨਤਾ ਪਾਰਟੀ ਦੇ ਸ਼ਾਸਨ ਵਾਲੇ ਸੂਬਿਆਂ ਵਿੱਚੋਂ ਧੱਕਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here