Home Crime Jalandhar Police ਵੱਲੋਂ ਫਰਜ਼ੀ ਅਗਵਾ ਸਾਜ਼ਿਸ਼ ਦਾ ਪਰਦਾਫਾਸ਼, ਪਿਤਾ ਸਣੇ 3 ਗ੍ਰਿਫ਼ਤਾਰ

Jalandhar Police ਵੱਲੋਂ ਫਰਜ਼ੀ ਅਗਵਾ ਸਾਜ਼ਿਸ਼ ਦਾ ਪਰਦਾਫਾਸ਼, ਪਿਤਾ ਸਣੇ 3 ਗ੍ਰਿਫ਼ਤਾਰ

11
0

ਜਲੰਧਰ ਦਿਹਾਤੀ ਪੁਲਿਸ ਨੇ ਇੱਕ ਗੰਭੀਰ ਅਗਵਾ ਮਾਮਲੇ ਦੀ ਜਾਂਚ ਦੌਰਾਨ ਵੱਡਾ ਖੁਲਾਸਾ ਕੀਤਾ ਹੈ।

ਜਲੰਧਰ ਦਿਹਾਤੀ ਦੇ ਸੀਨੀਅਰ ਪੁਲਿਸ ਕਪਤਾਨ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੰਭੀਰ ਅਪਰਾਧਾਂ ਖਿਲਾਫ ਚੱਲ ਰਹੀ ਮੁਹਿੰਮ ਤਹਿਤ ਗੰਭੀਰ ਅਪਰਾਧਿਕ ਮਾਮਲਿਆਂ ਦੀ ਬਾਰੀਕੀ ਨਾਲ ਜਾਂਚ ਕਰਕੇ ਉਨ੍ਹਾਂ ਨੂੰ ਹੱਲ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਦਿਆਂ, ਥਾਣਾ ਸਿਟੀ ਨਕੋਦਰ ਵਿਖੇ ਭਾਰਤੀ ਨਿਆਯ ਸੰਹਿਤਾ ਦੀਆਂ ਧਾਰਾਵਾਂ 140(3) ਅਤੇ 3(5) ਤਹਿਤ ਦਰਜ ਮੁਕੱਦਮਾ ਨੰਬਰ 127 ਮਿਤੀ 23.07.2026 ਦੀ ਗੰਭੀਰ ਅਗਵਾ ਦੇ ਮਾਮਲੇ ਵਿੱਚ ਵਿਨੀਤ ਆਹਲਾਵਤ, ਆਈ.ਪੀ.ਐਸ., ਪੁਲਿਸ ਕਪਤਾਨ (ਤਫਤੀਸ਼) ਅਤੇ ਓਂਕਾਰ ਸਿੰਘ ਬਰਾੜ, ਉਪ ਪੁਲਿਸ ਕਪਤਾਨ, ਉਪ ਮੰਡਲ ਨਕੋਦਰ ਦੀ ਨਿਗਰਾਨੀ ਹੇਠ ਪੁਲਿਸ ਟੀਮ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਗਈ।

ਪੁਲਿਸ ਵੱਲੋਂ ਕਥਿਤ ਸਾਜ਼ਿਸ਼ ਦਾ ਪਰਦਾਫਾਸ਼

ਇਸ ਜਾਂਚ ਦੌਰਾਨ ਆਧੁਨਿਕ ਜਾਂਚ ਅਤੇ ਤਕਨੀਕੀ ਢੰਗਾਂ ਦੀ ਵਰਤੋਂ ਕਰਦਿਆਂ ਪੁਲਿਸ ਨੂੰ ਕਥਿਤ ਤੌਰ ਤੇ ਪਤਾ ਲੱਗਾ ਕਿ ਅਗਵਾ ਦੀ ਕਹਾਣੀ ਸ਼ਿਕਾਇਤਕਰਤਾ ਵੱਲੋਂ ਆਪਣੇ ਸਾਥੀਆਂ ਨਾਲ ਮਿਲੀਭੁਗਤ ਕਰਕੇ ਘੜੀ ਗਈ ਸੀ। ਪੁਲਿਸ ਵੱਲੋਂ ਕਥਿਤ ਸਾਜ਼ਿਸ਼ ਦਾ ਪਰਦਾਫਾਸ਼ ਕਰਦਿਆਂ ਸ਼ਿਕਾਇਤਕਰਤਾ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੇ ਨਾਲ ਹੀ ਕਥਿਤ ਤੌਰ ਤੇ ਅਗਵਾ ਕੀਤੇ ਵਿਅਕਤੀ ਅਤੇ ਘਟਨਾ ਵਿੱਚ ਵਰਤੀ ਗਈ ਕਥਿਤ ਗੱਡੀ ਨੂੰ ਵੀ ਬਰਾਮਦ ਕੀਤਾ ਗਿਆ।
ਵੇਰਵੇ ਦਿੰਦਿਆਂ ਓਂਕਾਰ ਸਿੰਘ ਬਰਾੜ, ਉਪ ਪੁਲਿਸ ਕਪਤਾਨ, ਉਪ ਮੰਡਲ ਨਕੋਦਰ ਨੇ ਦੱਸਿਆ ਕਿ 22.07.2026 ਨੂੰ ਮਾਮ ਹੁਸੈਨ ਪੁੱਤਰ ਲਾਲ ਹੁਸੈਨ, ਵਾਸੀ ਪੱਤੀ ਨਿਆਵਾਲ, ਪਿੰਡ ਬੁੰਡਾਲਾ, ਥਾਣਾ ਨੂਰਮਹਿਲ ਨਾਲ ਸੁੰਨੜ ਕਲਾਂ ਦੇ ਇਲਾਕੇ ਵਿੱਚ ਇੱਕ ਇੱਟਾਂ ਦੇ ਭੱਠੇ ਨੇੜੇ ਕੁੱਟਮਾਰ ਕੀਤੀ ਗਈ ਸੀ। ਇਸ ਘਟਨਾ ਤੋਂ ਬਾਅਦ ਮਾਮ ਹੁਸੈਨ ਨੂੰ ਸਿਵਲ ਹਸਪਤਾਲ ਨਕੋਦਰ ਵਿਖੇ ਦਾਖਲ ਕਰਵਾਇਆ ਗਿਆ।
ਉਸੇ ਰਾਤ ਸੂਚਨਾ ਮਿਲੀ ਕਿ ਮਾਮ ਹੁਸੈਨ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਸਿਵਲ ਹਸਪਤਾਲ ਨਕੋਦਰ ਤੋਂ ਕਥਿਤ ਤੌਰ ਤੇ ਅਗਵਾ ਕਰ ਲਿਆ ਗਿਆ ਹੈ। ਤੁਰੰਤ ਕਾਰਵਾਈ ਕਰਦਿਆਂ ਥਾਣਾ ਸਿਟੀ ਨਕੋਦਰ ਦੇ ਮੁੱਖ ਅਫਸਰ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਭਾਰਤੀ ਨਿਆਯ ਸੰਹਿਤਾ ਦੀਆਂ ਧਾਰਾਵਾਂ 140(3) ਅਤੇ 3(5) ਤਹਿਤ ਮੁਕੱਦਮਾ ਨੰਬਰ 127 ਮਿਤੀ 23.07.2026 ਦਰਜ ਕੀਤਾ ਗਿਆ। ਇਸ ਤੋਂ ਬਾਅਦ ਜਾਂਚ ਉਪ ਨਿਰੀਖਕ ਦਵਿੰਦਰ ਕੁਮਾਰ ਵੱਲੋਂ ਅਮਲ ਵਿੱਚ ਲਿਆਂਦੀ ਗਈ।

ਤਕਨੀਕੀ ਢੰਗਾਂ ਦੀ ਸਹਾਇਤਾ ਨਾਲ ਸੁਰਾਗਾਂ ਦੀ ਪੜਤਾਲ ਕੀਤੀ

ਜਾਂਚ ਦੌਰਾਨ ਆਧੁਨਿਕ ਜਾਂਚ ਅਤੇ ਤਕਨੀਕੀ ਢੰਗਾਂ ਦੀ ਸਹਾਇਤਾ ਨਾਲ ਵੱਖ-ਵੱਖ ਸੁਰਾਗਾਂ ਦੀ ਪੜਤਾਲ ਕੀਤੀ ਗਈ। ਜਾਂਚ ਵਿੱਚ ਕਥਿਤ ਤੌਰ ਤੇ ਸਾਹਮਣੇ ਆਇਆ ਕਿ ਮਾਮ ਹੁਸੈਨ ਦੇ ਪਿਤਾ ਅਤੇ ਇਸ ਮਾਮਲੇ ਦੇ ਸ਼ਿਕਾਇਤਕਰਤਾ ਲਾਲ ਹੁਸੈਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਹੀ ਪੁੱਤਰ ਨੂੰ ਅਗਵਾ ਕੀਤੇ ਜਾਣ ਦੀ ਝੂਠੀ ਕਹਾਣੀ ਘੜੀ ਸੀ। ਉਪ ਪੁਲਿਸ ਕਪਤਾਨ ਓਂਕਾਰ ਸਿੰਘ ਬਰਾੜ ਨੇ ਅੱਗੇ ਦੱਸਿਆ ਕਿ 23.07.2026 ਨੂੰ ਕਰੀਬ 02:00 ਵਜੇ ਲਾਲ ਹੁਸੈਨ ਨੇ ਖੁਦ ਆਪਣੇ ਪੁੱਤਰ ਮਾਮ ਹੁਸੈਨ ਨੂੰ ਪੀ.ਬੀ. 47-ਈ-9200 ਨੰਬਰ ਵਾਲੀ ਸਵਿਫਟ ਕਾਰ ਵਿੱਚ ਬਿਠਾ ਕੇ ਵੱਖ-ਵੱਖ ਥਾਵਾਂ ਤੇ ਲੁਕਾ ਕੇ ਰੱਖਿਆ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਲਾਲ ਹੁਸੈਨ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਕਥਿਤ ਅਗਵਾ ਕੀਤੇ ਆਪਣੇ ਪੁੱਤਰ ਦੀ ਬਰਾਮਦਗੀ ਸਬੰਧੀ ਵਾਰ-ਵਾਰ ਦਰਖਾਸਤਾਂ ਦੇ ਕੇ ਅਤੇ ਕਥਿਤ ਅਗਵਾ ਦੇ ਮਾਮਲੇ ਸਬੰਧੀ ਖੁਦ ਪੁਲਿਸ ਦੇ ਸਾਹਮਣੇ ਪੇਸ਼ ਹੋ ਕੇ ਪੁਲਿਸ ਨੂੰ ਕਥਿਤ ਤੌਰ ਤੇ ਗੁੰਮਰਾਹ ਕਰਨਾ ਜਾਰੀ ਰੱਖਿਆ।

ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ

ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਜਲੰਧਰ ਦਿਹਾਤੀ ਪੁਲਿਸ ਵੱਲੋਂ ਕਥਿਤ ਤੌਰ ਤੇ ਘੜੀ ਗਈ ਅਗਵਾ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਗਿਆ। ਕਾਰਵਾਈ ਦੌਰਾਨ ਸ਼ਿਕਾਇਤਕਰਤਾ ਲਾਲ ਹੁਸੈਨ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਘਟਨਾ ਵਿੱਚ ਕਥਿਤ ਤੌਰ ਤੇ ਵਰਤੀ ਗਈ ਗੱਡੀ ਵੀ ਬਰਾਮਦ ਕੀਤੀ ਗਈ ਅਤੇ ਮਾਮ ਹੁਸੈਨ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਤੋਂ ਵਿਸਥਾਰ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here