Home latest News Kapurthala ‘ਚ ਅਵਾਰਾ ਕੁੱਤੇ ਦਾ ਆਤੰਕ: 6 ਮਾਸੂਮ ਬੱਚਿਆਂ ਸਮੇਤ 15 ਲੋਕਾਂ...

Kapurthala ‘ਚ ਅਵਾਰਾ ਕੁੱਤੇ ਦਾ ਆਤੰਕ: 6 ਮਾਸੂਮ ਬੱਚਿਆਂ ਸਮੇਤ 15 ਲੋਕਾਂ ਨੂੰ ਬੁਰੀ ਤਰ੍ਹਾਂ ਵੱਢਿਆ, ਇਲਾਕੇ ‘ਚ ਦਹਿਸ਼ਤ

6
0

ਕਪੂਰਥਲਾ ਦੇ ਮਾਰਕਫੈੱਡ ਦੇ ਆਸ-ਪਾਸ ਪੈਂਦੇ ਰਿਹਾਇਸ਼ੀ ਇਲਾਕਿਆਂ ਵਿੱਚ ਸ਼ਨੀਵਾਰ ਨੂੰ ਇੱਕ ਬੇਸਹਾਰਾ ਅਵਾਰਾ ਕੁੱਤੇ ਨੇ ਜ਼ਬਰਦਸਤ ਆਤੰਕ ਮਚਾ ਦਿੱਤਾ।

ਕਪੂਰਥਲਾ ਦੇ ਮਾਰਕਫੈੱਡ ਦੇ ਆਸ-ਪਾਸ ਪੈਂਦੇ ਰਿਹਾਇਸ਼ੀ ਇਲਾਕਿਆਂ ਵਿੱਚ ਸ਼ਨੀਵਾਰ ਨੂੰ ਇੱਕ ਬੇਸਹਾਰਾ ਅਵਾਰਾ ਕੁੱਤੇ ਨੇ ਜ਼ਬਰਦਸਤ ਆਤੰਕ ਮਚਾ ਦਿੱਤਾ। ਇੱਕ ਕਾਲੇ ਰੰਗ ਦੇ ਕੁੱਤੇ ਨੇ ਰਸਤੇ ਵਿੱਚ ਆਉਣ ਵਾਲੇ 6 ਛੋਟੇ ਬੱਚਿਆਂ ਸਮੇਤ ਤਕਰੀਬਨ 15 ਲੋਕਾਂ ਉੱਤੇ ਅਚਾਨਕ ਹਮਲਾ ਬੋਲ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਵੱਢ-ਟੁੱਕ ਕੇ ਲਹੂ-ਲੁਹਾਣ ਕਰ ਦਿੱਤਾ। ਇਸ ਅਚਾਨਕ ਵਾਪਰੀ ਘਟਨਾ ਮਗਰੋਂ ਸਮੁੱਚੇ ਇਲਾਕੇ ਦੇ ਲੋਕਾਂ ਵਿੱਚ ਭਾਰੀ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਸਾਰੇ ਜ਼ਖ਼ਮੀਆਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਵੱਲੋਂ ਤੁਰੰਤ ਮੈਡੀਕਲ ਸਹਾਇਤਾ ਲਈ ਸਿਵਲ ਹਸਪਤਾਲ ਕਪੂਰਥਲਾ ਪਹੁੰਚਾਇਆ ਗਿਆ, ਜਿੱਥੇ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਗਿਆ ਹੈ।
ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਖੇ ਡਿਊਟੀ ਤੇ ਤਾਇਨਾਤ ਡਾਕਟਰ ਜਸ਼ਨ ਅਤੇ ਡਾਕਟਰ ਯੁਕਤਾ ਨੇ ਦੱਸਿਆ ਕਿ ਅਵਾਰਾ ਕੁੱਤੇ ਵੱਲੋਂ ਨੋਚੇ ਜਾਣ ਕਾਰਨ ਕਾਫ਼ੀ ਗਿਣਤੀ ਵਿੱਚ ਜ਼ਖ਼ਮੀ ਲੋਕ ਹਸਪਤਾਲ ਪੁੱਜੇ ਹਨ। ਜ਼ਖ਼ਮੀਆਂ ਵਿੱਚ ਰੀਨਾ ਦੇਵੀ ਪਤਨੀ ਰਾਮ ਬਾਊ ਨਾਥ, ਤਿੰਨ ਸਾਲਾ ਵਰੁਣਜੋਤ ਸਿੰਘ ਪੁੱਤਰ ਹਰਦੀਪ ਸਿੰਘ, ਚਾਰ ਸਾਲਾ ਸੱਤਿਅਮ, ਅੱਠ ਸਾਲਾ ਅਭੀਨੂਰ ਸਿੰਘ, ਸਾਢੇ ਤਿੰਨ ਸਾਲਾ ਰੇਹੂ ਕੁਮਾਰੀ ਅਤੇ ਨੌਂ ਸਾਲਾ ਮੋਨੂੰ ਕੁਮਾਰ ਵਰਗੇ ਮਾਸੂਮ ਬੱਚੇ ਸ਼ਾਮਲ ਹਨ।
ਇਸ ਤੋਂ ਇਲਾਵਾ ਵੱਡੀ ਉਮਰ ਦੇ ਲੋਕਾਂ ਵਿੱਚ ਰਜਿੰਦਰ ਕੌਰ, ਸੰਜੀਵ ਕੁਮਾਰ, ਧਰਮਿੰਦਰ ਕੁਮਾਰ, ਅਰਵਿੰਦਰ ਮਾਥੋ, ਰਜਿੰਦਰ ਕੌਰ ਪਤਨੀ ਬਲਵਿੰਦਰ ਸਿੰਘ, ਰਜਿੰਦਰ ਕੌਰ ਪਤਨੀ ਹਰਜਿੰਦਰ ਸਿੰਘ, ਰਾਜਵਿੰਦਰ ਕੌਰ ਅਤੇ ਮੁੱਤੀ ਦੇਵੀ ਸਮੇਤ ਕਈ ਹੋਰ ਰਾਹਗੀਰ ਵੀ ਇਸ ਹਮਲੇ ਦੌਰਾਨ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਰੇਬੀਜ਼ ਰੋਕੂ ਟੀਕੇ ਅਤੇ ਮੁੱਢਲਾ ਇਲਾਜ ਦਿੱਤਾ ਗਿਆ ਹੈ।

ਲੋਕਾਂ ਨੇ ਪ੍ਰਸ਼ਾਸਨ ਤੋਂ ਅਵਾਰਾ ਕੁੱਤਿਆਂ ਤੇ ਨੱਥ ਪਾਉਣ ਦੀ ਕੀਤੀ ਮੰਗ

ਇਸ ਖ਼ੌਫ਼ਨਾਕ ਘਟਨਾ ਦੇ ਸਾਹਮਣੇ ਆਉਣ ਮਗਰੋਂ ਸ਼ਹਿਰ ਨਿਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਮੰਗ ਕੀਤੀ ਹੈ ਕਿ ਕਪੂਰਥਲਾ ਸ਼ਹਿਰ ਅੰਦਰ ਲਗਾਤਾਰ ਵਧ ਰਹੀ ਅਵਾਰਾ ਕੁੱਤਿਆਂ ਦੀ ਸਮੱਸਿਆ ਉੱਤੇ ਤੁਰੰਤ ਕਾਬੂ ਪਾਇਆ ਜਾਵੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗਲੀਆਂ-ਮੁਹੱਲਿਆਂ ਵਿੱਚ ਅਵਾਰਾ ਜਾਨਵਰਾਂ ਦਾ ਝੁੰਡ ਆਮ ਘੁੰਮਦਾ ਰਹਿੰਦਾ ਹੈ, ਜਿਸ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਚੁੱਕਾ ਹੈ। ਜੇਕਰ ਸਮਾਂ ਰਹਿੰਦੇ ਪ੍ਰਸ਼ਾਸਨ ਵੱਲੋਂ ਠੋਸ ਕਦਮ ਨਾ ਚੁੱਕੇ ਗਏ ਤਾਂ ਭਵਿੱਖ ਵਿੱਚ ਕੋਈ ਹੋਰ ਵੱਡਾ ਜਾਨੀ ਹਾਦਸਾ ਵਾਪਰ ਸਕਦਾ ਹੈ।

ਨਗਰ ਨਿਗਮ ਦੀ ਟੀਮ ਕੁੱਤੇ ਨੂੰ ਕਾਬੂ ਕਰਨ ਵਿੱਚ ਜੁਟੀ

ਉੱਧਰ, ਇਸ ਘਟਨਾ ਸਬੰਧੀ ਨਗਰ ਨਿਗਮ ਦੇ ਐੱਸ.ਓ. ਤਰਲੋਚਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗੰਭੀਰ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਚੁੱਕਾ ਹੈ। ਆਦਮਖ਼ੋਰ ਹੋਏ ਇਸ ਅਵਾਰਾ ਕੁੱਤੇ ਨੂੰ ਫੜਨ ਲਈ ਨਗਰ ਨਿਗਮ ਦੀ ਵਿਸ਼ੇਸ਼ ਟੀਮ ਨੂੰ ਮੌਕੇ ਤੇ ਰਵਾਨਾ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਜਲਦ ਤੋਂ ਜਲਦ ਕਾਬੂ ਕਰਨ ਲਈ ਲਗਾਤਾਰ ਜੱਦੋ-ਜਹਿਦ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਲੋਕਾਂ ਨੂੰ ਨੁਕਸਾਨ ਪਹੁੰਚਣ ਤੋਂ ਬਚਾਇਆ ਜਾ ਸਕੇ।

LEAVE A REPLY

Please enter your comment!
Please enter your name here