BSF ਸਮੇਤ 8 ਟੁਕੜੀਆਂ ਵੱਲੋਂ ਮਾਰਚ ਪਾਸਟ
ਸਮਾਗਮ ਦੌਰਾਨ ਬੀ.ਐੱਸ.ਐੱਫ. (BSF), ਪੰਜਾਬ ਪੁਲਿਸ, ਪੰਜਾਬ ਪੁਲਿਸ ਮਹਿਲਾ ਵਿੰਗ, ਹਿਮਾਚਲ ਪੁਲਿਸ, ਪੰਜਾਬ ਹੋਮਗਾਰਡਜ਼, ਹੋਮਗਾਰਡਜ਼ ਮਹਿਲਾ ਵਿੰਗ, ਐੱਨ.ਸੀ.ਸੀ. (NCC) ਅਤੇ ਸਕਾਊਟਸ ਐਂਡ ਗਾਈਡਜ਼ ਦੀਆਂ ਕੁੱਲ 8 ਟੁਕੜੀਆਂ ਮਾਰਚ ਪਾਸਟ ਵਿੱਚ ਹਿੱਸਾ ਲੈਣਗੀਆਂ। ਪਰੇਡ ਤੋਂ ਬਾਅਦ ਸਕੂਲੀ ਵਿਦਿਆਰਥੀਆਂ ਵੱਲੋਂ ਪੀ.ਟੀ. ਸ਼ੋਅ, ਦੇਸ਼ ਭਗਤੀ ‘ਤੇ ਆਧਾਰਿਤ ਕੋਰੀਓਗ੍ਰਾਫ਼ੀ, ਪਰੰਪਰਾਗਤ ਗਿੱਧਾ ਅਤੇ ਭੰਗੜੇ ਦੀਆਂ ਦਿਲਕਸ਼ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ।
ਇਸ ਤੋਂ ਇਲਾਵਾ ਸਮਾਰੋਹ ਵਿੱਚ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੀਆਂ ਪ੍ਰਾਪਤੀਆਂ ਅਤੇ ਵਿਕਾਸ ਕਾਰਜਾਂ ਨੂੰ ਦਰਸਾਉਂਦੀਆਂ ਆਕਰਸ਼ਕ ਝਾਕੀਆਂ ਵੀ ਕੱਢੀਆਂ ਜਾਣਗੀਆਂ। ਸੱਭਿਆਚਾਰਕ ਪ੍ਰੋਗਰਾਮ ਅਤੇ ਵਿਭਾਗੀ ਝਾਕੀਆਂ ਇਸ ਸਮਾਗਮ ਦਾ ਮੁੱਖ ਆਕਰਸ਼ਣ ਹੋਣਗੀਆਂ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਮਾਗਮ ਨਾਲ ਜੁੜੇ ਸਮੁੱਚੇ ਪ੍ਰਬੰਧ ਪੂਰੀ ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਮੁਕੰਮਲ ਕਰਨ ਦੇ ਹੁਕਮ ਦਿੱਤੇ ਗਏ ਹਨ।
ਰਾਜਭਵਨ ਦੀ ਥਾਂ ਸ਼ਹੀਦਾਂ ਦੀ ਪਵਿੱਤਰ ਧਰਤੀ ‘ਤੇ ਲਿਆ ਸੀ ਹਲਫ਼: CM ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ‘ਸਰਬੱਤ ਦਾ ਭਲਾ’ ਮੰਗਣ ਵਾਲੇ ਲੋਕ ਹਾਂ ਅਤੇ ਰੋਜ਼ਾਨਾ ਹਜ਼ਾਰਾਂ-ਲੱਖਾਂ ਲਾਊਡਸਪੀਕਰਾਂ ਤੋਂ ਸਾਰਿਆਂ ਦੀ ਭਲਾਈ ਲਈ ਅਰਦਾਸ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਲ 2022 ਵਿੱਚ ਉਨ੍ਹਾਂ ਨੂੰ ਸੂਬੇ ਦੀ ਸੇਵਾ ਕਰਨ ਦਾ ਇਤਿਹਾਸਕ ਮੌਕਾ ਦਿੱਤਾ।
ਆਮ ਤੌਰ ‘ਤੇ ਮੁੱਖ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਰਾਜਭਵਨ ਜਾਂ ਵੱਡੇ ਸਟੇਡੀਅਮਾਂ ਵਿੱਚ ਹੁੰਦੇ ਹਨ, ਪ੍ਰੰਤੂ ਉਨ੍ਹਾਂ ਨੇ ਸ਼ਹੀਦਾਂ ਦੀ ਧਰਤੀ ‘ਤੇ ਜਾ ਕੇ ਹਲਫ਼ ਲੈਣ ਦਾ ਫ਼ੈਸਲਾ ਕੀਤਾ ਸੀ। ਇਸੇ ਤਹਿਤ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਦੀ ਪਵਿੱਤਰ ਧਰਤੀ ‘ਤੇ ਸਹੁੰ ਚੁੱਕੀ ਗਈ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਮੌਜੂਦਾ ਮੁੱਖ ਮੰਤਰੀ ਦੀ ਫ਼ੋਟੋ ਲਗਾਉਣ ਦੀ ਰਵਾਇਤ ਨੂੰ ਬਦਲ ਕੇ ਸਿਰਫ਼ ਦੋ ਮਹਾਨ ਸ਼ਖ਼ਸੀਅਤਾਂ—ਦੇਸ਼ ਲਈ ਕੁਰਬਾਨੀ ਦੇਣ ਵਾਲੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀਆਂ ਤਸਵੀਰਾਂ ਲਗਾਉਣ ਦਾ ਫ਼ੈਸਲਾ ਲਿਆ ਗਿਆ। ਇਸ ਤੋਂ ਇਲਾਵਾ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਿਆ ਗਿਆ ਅਤੇ ਉੱਥੇ ਉਨ੍ਹਾਂ ਦਾ ਵਿਸ਼ਾਲ ਬੁੱਤ ਵੀ ਸਥਾਪਿਤ ਕੀਤਾ ਗਿਆ ਹੈ।
“ਪੰਜਾਬ ਨੂੰ ਤੋੜਨ ਦੇ ਮਨਸੂਬੇ ਕਦੇ ਕਾਮਯਾਬ ਨਹੀਂ ਹੋਣਗੇ”
ਸੂਬੇ ਦੀ ਭਾਈਚਾਰਕ ਸਾਂਝ ‘ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਦੀ ਅਮਨ-ਸ਼ਾਂਤੀ ਅਤੇ ਆਪਸੀ ਏਕਤਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨ ਵਾਲੀਆਂ ਤਾਕਤਾਂ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਪੰਜਾਬ ਦੀ ਧਰਤੀ ਬਹੁਤ ਜ਼ਰਖ਼ੇਜ਼ ਅਤੇ ਉਪਜਾਊ ਹੈ। ਇੱਥੇ ਕੋਈ ਵੀ ਬੀਜ ਸੁੱਟ ਦਿਓ ਤਾਂ ਉਹ ਪੁੰਗਰ ਪੈਂਦਾ ਹੈ, ਪਰ ਇਸ ਪਵਿੱਤਰ ਧਰਤੀ ‘ਤੇ ਕਦੇ ਵੀ ਨਫ਼ਰਤ ਦਾ ਬੀਜ ਪੈਦਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਜੋ ਦੇਸ਼ ਵਿਰੋਧੀ ਤਾਕਤਾਂ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਵਿੱਚ ਲੱਗੀਆਂ ਹੋਈਆਂ ਹਨ, ਉਨ੍ਹਾਂ ਦੇ ਨਾਪਾਕ ਮਨਸੂਬੇ ਕਦੇ ਸਫ਼ਲ ਨਹੀਂ ਹੋਣ ਦਿੱਤੇ ਜਾਣਗੇ।
ਗੁਆਂਢੀ ਮੁਲਕ ਵੱਲੋਂ ਥੋਪੀਆਂ ਜੰਗਾਂ ‘ਚ ਵੀ ਪੰਜਾਬੀ ਹਮੇਸ਼ਾ ਰਹੇ ਮੋਹਰੀ
ਮੁੱਖ ਮੰਤਰੀ ਨੇ ਇਤਿਹਾਸ ਦੇ ਹਵਾਲੇ ਨਾਲ ਦੱਸਿਆ ਕਿ ਕੂਕਾ ਲਹਿਰ, ਗ਼ਦਰ ਲਹਿਰ ਅਤੇ ਬੱਬਰ ਅਕਾਲੀ ਲਹਿਰ ਵਿੱਚ ਪੰਜਾਬੀਆਂ ਦਾ ਯੋਗਦਾਨ ਸੌ ਫ਼ੀਸਦੀ ਰਿਹਾ ਹੈ। ਆਜ਼ਾਦੀ ਦੇ ਸੰਘਰਸ਼ ਦੌਰਾਨ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਹਜ਼ਾਰਾਂ ਪੰਜਾਬੀਆਂ ਨੇ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ। ਇਨ੍ਹਾਂ ਤੋਂ ਇਲਾਵਾ ਬਹੁਤ ਸਾਰੇ ਅਜਿਹੇ ਗੁਮਨਾਮ ਦੇਸ਼ ਭਗਤ ਵੀ ਸਨ, ਜਿਨ੍ਹਾਂ ਦੇ ਨਾਂ ਇਤਿਹਾਸ ਦੇ ਸੁਨਹਿਰੀ ਪੰਨਿਆਂ ‘ਤੇ ਨਹੀਂ ਆ ਸਕੇ, ਪਰ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਰਿਹਾ।
ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕ ਵੱਲੋਂ ਜਦੋਂ ਵੀ ਦੇਸ਼ ‘ਤੇ ਜੰਗ ਥੋਪੀ ਗਈ, ਪੰਜਾਬੀ ਹਮੇਸ਼ਾ ਮੂਹਰੇ ਹੋ ਕੇ ਲੜੇ। ਅੱਜ ਵੀ ਹਜ਼ਾਰਾਂ ਪੰਜਾਬੀ ਨੌਜਵਾਨ ਕਾਰਗਿਲ ਦੀਆਂ ਬਰਫ਼ੀਲੀਆਂ ਚੋਟੀਆਂ ਤੋਂ ਲੈ ਕੇ ਜੈਸਲਮੇਰ ਦੇ ਤਪਦੇ ਰੇਤਲੇ ਟਿੱਬਿਆਂ ਤੱਕ ਆਪਣੀ ਛਾਤੀ ਤਾਣ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ।
ਮੁੱਖ ਮੰਤਰੀ ਨੇ ਜਵਾਨਾਂ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਜਦੋਂ ਅਸੀਂ ਗਰਮੀਆਂ ਵਿੱਚ ਏਸੀ ਅਤੇ ਕੂਲਰ ਲਗਾ ਕੇ ਆਪਣੇ ਬੱਚਿਆਂ ਨਾਲ ਘਰਾਂ ਵਿੱਚ ਆਰਾਮ ਨਾਲ ਸੌਂ ਰਹੇ ਹੁੰਦੇ ਹਾਂ, ਤਾਂ ਉਸ ਸਮੇਂ ਸਾਡੇ ਜਾਂਬਾਜ਼ ਜਵਾਨ ਬੀਕਾਨੇਰ ਦੇ ਤਪਦੇ ਮਾਰੂਥਲਾਂ ਵਿੱਚ ਪਹਿਰਾ ਦੇ ਰਹੇ ਹੁੰਦੇ ਹਨ। ਇਸੇ ਤਰ੍ਹਾਂ ਸਿਆਲ ਦੀ ਰੁੱਤ ਵਿੱਚ ਜਦੋਂ ਤਾਪਮਾਨ ਮਾਈਨਸ 50 ਡਿਗਰੀ ਤੱਕ ਡਿੱਗ ਜਾਂਦਾ ਹੈ ਅਤੇ ਅਸੀਂ ਰਜ਼ਾਈਆਂ ਵਿੱਚ ਹੁੰਦੇ ਹਾਂ, ਤਾਂ ਵੀ ਸਾਡੇ ਫ਼ੌਜੀ ਜਵਾਨ ਸਰਹੱਦਾਂ ‘ਤੇ ਡਟੇ ਰਹਿੰਦੇ ਹਨ।