ਐਸਐਸਐਫ ਕਾਂਸਟੇਬਲ ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਦਸੇ ਦੀ ਸੂਚਨਾ ਮਿਲੀ ਸੀ।
ਜਲੰਧਰ ਦੇ ਪਠਾਨਕੋਟ ਫਲਾਈਓਵਰ ‘ਤੇ 6 ਵਾਹਨਾਂ ਦੀ ਟੱਕਰ ਹੋ ਗਈ। ਇਸ ਘਟਨਾ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 3 ਲੋਕ ਜ਼ਖ਼ਮੀ ਹੋ ਗਈ। ਜਾਣਕਾਰੀ ਅਨੁਸਾਰ ਖ਼ਰਾਬ ਟਰੱਕ ਸੜਕ ਕਿਨਾਰੇ ਖੜ੍ਹੇ ਹੋਣ ਕਾਰਨ ਇਹ ਹਾਦਸਾ ਵਾਪਰਿਆ। ਘਟਨਾ ‘ਚ ਇੱਕ ਤੋਂ ਬਾਅਦ ਇੱਕ ਕਰਦੇ 6 ਵਾਹਨ ਆਪਸ ‘ਚ ਟਕਰਾ ਗਏ।
ਹਾਦਸੇ ਤੋਂ ਬਾਅਦ ਹਾਈਵੇਅ ‘ਤੇ ਲੰਬਾ ਜਾਮ ਲੱਗ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਚ ਸੜਕ ਸਰੱਖਿਆ ਫੋਰਸ (ਐਸਐਸਐਫ) ਨੇ ਟਰੈਫ਼ਿਕ ਨੂੰ ਸਰਵਿਸ ਰੋਡ ‘ਤੇ ਡਾਇਵਰਟ ਕੀਤਾ ਤੇ ਥਾਣਾ 8 ਪੁਲਿਸ ਨੂੰ ਸੂਚਨਾ ਦਿੱਤੀ।
ਜਾਣਕਾਰੀ ਦਿੰਦੇ ਹੋਏ ਐਸਐਸਐਫ ਕਾਂਸਟੇਬਲ ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਦਸੇ ਦੀ ਸੂਚਨਾ ਮਿਲੀ ਸੀ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਲੰਬਾ ਜਾਮ ਲੱਗਿਆ ਹੋਇਆ ਸੀ। ਸੜਕ ਕਿਨਾਰੇ ਇੱਕ ਖਰਾਬ ਟਰੱਕ (ਐਚਆਰ 58ਈ 6062) ਖੜਾ ਸੀ। ਇਸ ਨੂੰ ਇੱਕ ਹੋਰ ਟਰੱਕ ਚਾਲਕ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਹ ਟਰੱਕ ਵਿਪਨ ਕੁਮਾਰ ਨਾਮ ਦਾ ਚਾਲਕ ਚਲਾ ਰਿਹਾ ਸੀ।
ਇਸ ਤੋਂ ਬਾਅਦ ਪਿੱਛੇ ਤੋਂ ਆਰਟਿਗਾ ਤੇ ਫਿਰ ਸਵਿਫਟ ਕਾਰ ਨੇ ਟੱਕਰ ਮਾਰ ਦਿੱਤੀ। ਲੋਕ ਅਜੇ ਸੰਭਲ ਹੀ ਰਹੇ ਸਨ ਕਿ ਇੱਕ ਹੋਰ ਟਰੱਕ ਚਾਲਕ ਆਇਆ ਤੇ ਕਾਰਾਂ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਟਰੱਕ ਡਿਵਾਇਡਰ ਟੱਪ ਕੇ ਦੂਸਰੀ ਸੜਕ ‘ਤੇ ਚਲਾ ਗਿਆ, ਜਿੱਥੇ ਉਸ ਨੇ ਬਾਈਕ ਸਵਾਰ ਨੂੰ ਕੁਚਲ ਦਿੱਤਾ। ਬਾਈਕ ਸਵਾਰ ਦੀ ਪਹਿਚਾਣ ਬੰਟੀ ਨਿਵਾਸੀ ਕਰਤਾਰਪੁਰ ਵਜੋਂ ਹੋਈ ਹੈ। ਇਸ ਹਾਦਸੇ ਜ਼ਖ਼ਮੀਆਂ ਦੀ ਪਹਿਚਾਣ ਅਨਿਲ ਨਿਵਾਸੀ ਹਿਮਾਚਲ ਪ੍ਰਦੇਸ਼, ਅਰਜੁਨ ਨਿਵਾਸੀ ਬਟਾਲਾ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਡਿਵਾਇਡਰ ਟੱਪ ਕੇ ਟਰੱਕ ਨਾਲ ਮੋਟਰਸਾਈਕਲ ਸਵਾਰ ਨੂੰ ਕੁਚਲਣ ਵਾਲਾ ਟਰੱਕ ਡਿਵਾਇਡਰ ਨਸ਼ੇ ‘ਚ ਸੀ। ਉਸ ਨੂੰ ਥਾਣਾ 8 ਦੇ ਹਵਾਲੇ ਕਰ ਦਿੱਤਾ ਗਿਆ ਹੈ। ਮੁਲਜ਼ਮ ਡਰਾਈਵਰ ਦੀ ਪਹਿਚਾਣ ਗੁਰਭੇਨ ਸਿੰਘ ਵਜੋਂ ਹੋਈ ਹੈ। ਇਸ ਹਾਦਸੇ ਤੋਂ ਬਾਅਦ ਮੌਕੇ ਤੋਂ ਇੱਕ ਕਾਰ ਚਾਲਕ ਵੀ ਫਰਾਰ ਹੋ ਗਿਆ ਹੈ। ਪੁਲਿਸ ਨੇ ਕਾਰ ਚਾਲਕ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।