ਤਰਨਤਾਰਨ ਅਧੀਨ ਪੈਂਦੇ ਨੌਸ਼ਹਿਰਾ ਪੰਨੂੰਆਂ ਦੇ ਕੋਲ ਸੀਆਈਏ (CIA) ਪੁਲਿਸ ਅਤੇ ਬਦਮਾਸ਼ ਸਾਜਨ ਸਿੰਘ ਵਿਚਾਲੇ ਮੁਕਾਬਲਾ ਹੋ ਗਿਆ।
ਤਰਨਤਾਰਨ ਅਧੀਨ ਪੈਂਦੇ ਨੌਸ਼ਹਿਰਾ ਪੰਨੂੰਆਂ ਦੇ ਕੋਲ ਸੀਆਈਏ (CIA) ਪੁਲਿਸ ਅਤੇ ਬਦਮਾਸ਼ ਸਾਜਨ ਸਿੰਘ ਵਿਚਾਲੇ ਮੁਕਾਬਲਾ ਹੋ ਗਿਆ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਪੈਰ ‘ਤੇ ਗੋਲੀ ਲੱਗਣ ਕਾਰਨ ਸਾਜਨ ਸਿੰਘ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਕਾਬੂ ਕਰਕੇ ਇਲਾਜ ਲਈ ਤਰਨਤਾਰਨ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਫੜਿਆ ਗਿਆ ਮੁਲਜ਼ਮ ਸਾਜਨ ਸਿੰਘ ਸਾਲ 2022 ਵਿੱਚ ਸਰਹਾਲੀ ਥਾਣੇ ‘ਤੇ ਹੋਏ ਆਰਪੀਜੀ (RPG) ਹਮਲੇ ਦੇ ਦੋਸ਼ੀ ਅਜਮੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਲੋੜੀਂਦਾ ਸੀ।
ਗੁਪਤ ਸੂਚਨਾ ‘ਤੇ ਕੀਤੀ ਗਈ ਸੀ ਘੇਰਾਬੰਦੀ
ਐਸਪੀ (ਇਨਵੈਸਟੀਗੇਸ਼ਨ) ਡਾ. ਰਿਪੁਤਾਪਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਕੋਟ ਮੁਹੰਮਦ ਖ਼ਾਂ ਦਾ ਰਹਿਣ ਵਾਲਾ ਸਾਜਨ ਸਿੰਘ ਬਾਈਕ ‘ਤੇ ਨੌਸ਼ਹਿਰਾ ਪੰਨੂੰਆਂ ਇਲਾਕੇ ਵਿੱਚ ਘੁੰਮ ਰਿਹਾ ਹੈ। ਇਸ ਸੂਚਨਾ ਦੇ ਆਧਾਰ ‘ਤੇ ਸੀਆਈਏ ਤਰਨਤਾਰਨ ਅਤੇ ਸਰਹਾਲੀ ਥਾਣੇ ਦੀ ਸਾਂਝੀ ਪੁਲਿਸ ਟੀਮ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਗਸ਼ਤ ਸ਼ੁਰੂ ਕੀਤੀ।
ਪੁਲਿਸ ਪਾਰਟੀ ‘ਤੇ ਕੀਤੀ ਫਾਇਰਿੰਗ
ਗਸ਼ਤ ਦੌਰਾਨ ਜਦੋਂ ਸ਼ੱਕੀ ਬਾਈਕ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਰੁਕਣ ਦੀ ਬਜਾਏ ਬਾਈਕ ਦੀ ਰਫ਼ਤਾਰ ਵਧਾ ਦਿੱਤੀ ਅਤੇ ਪੁਲਿਸ ਟੀਮ ‘ਤੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਆਤਮ-ਰੱਖਿਆ ਵਿੱਚ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਸਾਜਨ ਸਿੰਘ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਕੇ ਡਿੱਗ ਪਿਆ ਅਤੇ ਪੁਲਿਸ ਨੇ ਉਸ ਨੂੰ ਦਬੋਚ ਲਿਆ।
11 ਸਤੰਬਰ ਨੂੰ ਹੋਇਆ ਸੀ ਅਜਮੀਤ ਦਾ ਕਤਲ
ਐਸਪੀ ਨੇ ਦੱਸਿਆ ਕਿ 11 ਸਤੰਬਰ ਦੀ ਰਾਤ ਨੂੰ ਨੌਸ਼ਹਿਰਾ ਪੰਨੂੰਆਂ ਵਿੱਚ ਦੋ ਬਾਈਕ ਸਵਾਰ ਹਮਲਾਵਰਾਂ ਨੇ ਅਜਮੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਮ੍ਰਿਤਕ ਅਜਮੀਤ ਸਿੰਘ ਸਰਹਾਲੀ ਥਾਣੇ ‘ਤੇ ਹੋਏ ਆਰਪੀਜੀ ਹਮਲੇ ਦਾ ਦੋਸ਼ੀ ਸੀ। ਪੁਲਿਸ ਜਾਂਚ ਦੌਰਾਨ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਵਿੱਚ ਸਾਜਨ ਸਿੰਘ ਦਾ ਨਾਂ ਮੁੱਖ ਤੌਰ ‘ਤੇ ਸਾਹਮਣੇ ਆਇਆ ਸੀ।
ਮਾਮਲੇ ਦੀ ਜਾਂਚ ਜਾਰੀ
ਅਜਮੀਤ ਸਿੰਘ ਦੇ ਕਤਲ ਪਿੱਛੇ ਦੇ ਮੁੱਖ ਕਾਰਨ ਅਤੇ ਇਸ ਵਾਰਦਾਤ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਬਾਰੇ ਐਸਪੀ ਡਾ. ਰਿਪੁਤਾਪਨ ਸਿੰਘ ਨੇ ਦੱਸਿਆ ਕਿ ਫ਼ਿਲਹਾਲ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੀ ਗੁਪਤਤਾ ਬਣਾਈ ਰੱਖਣ ਲਈ ਅਜੇ ਸਾਰੇ ਤੱਥਾਂ ਦਾ ਖ਼ੁਲਾਸਾ ਨਹੀਂ ਕੀਤਾ ਜਾ ਸਕਦਾ, ਪਰ ਜਲਦੀ ਹੀ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਕੇ ਬਾਕੀ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।