Home latest News ਏਸ਼ੀਆਈ ਖੇਡਾਂ ਤੋਂ ਪਹਿਲਾਂ ਇਤਿਹਾਸਕ ਮੁਕਾਬਲਾ, ਜਾਪਾਨ ‘ਚ ਟੀ-20 ਮੈਚ ਖੇਡਣਗੀਆਂ ਭਾਰਤ-ਜਾਪਾਨ...

ਏਸ਼ੀਆਈ ਖੇਡਾਂ ਤੋਂ ਪਹਿਲਾਂ ਇਤਿਹਾਸਕ ਮੁਕਾਬਲਾ, ਜਾਪਾਨ ‘ਚ ਟੀ-20 ਮੈਚ ਖੇਡਣਗੀਆਂ ਭਾਰਤ-ਜਾਪਾਨ ਦੀਆਂ ਟੀਮਾਂ

12
0

 ਭਾਰਤੀ ਮਰਦ ਕ੍ਰਿਕਟ ਟੀਮ 22 ਸਤੰਬਰ ਨੂੰ ਜਾਪਾਨ ਵਿਰੁੱਧ ਆਪਣਾ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਖੇਡੇਗੀ।

ਇਹ ਮੈਚ ਭਾਰਤ-ਜਾਪਾਨ ਕੂਟਨੀਤਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਦੇ ਜਸ਼ਨ ਦੀ ਸ਼ੁਰੂਆਤ ਦਾ ਪ੍ਰਤੀਕ ਹੋਵੇਗਾ। ਜਾਪਾਨ ਦੇ ਸਾਨੋ ’ਚ ਹੋਣ ਵਾਲਾ ਇਹ ਮੈਚ ਭਾਰਤੀ ਟੀਮ ਨੂੰ 19 ਸਤੰਬਰ ਤੋਂ ਚਾਰ ਅਕਤੂਬਰ ਤੱਕ ਆਈਚੀ-ਨਾਗੋਯਾ ’ਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਤੋਂ ਪਹਿਲਾਂ ਆਪਣੇ ਟੀਮ ਸੁਮੇਲ ਨੂੰ ਬਿਹਤਰ ਬਣਾਉਣ ਤੇ ਲੈਅ ਹਾਸਲ ਕਰਨ ਦਾ ਅਹਿਮ ਮੌਕਾ ਹੋਵੇਗਾ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਕਿਹਾ ਕਿ ਜਾਪਾਨ ਕ੍ਰਿਕਟ ਐਸੋਸੀਏਸ਼ਨ (ਜੇਸੀਏ) ਤੇ ਬੀਸੀਸੀਆਈ ਨੂੰ ਇਹ ਐਲਾਨ ਕਰਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਦੋਵਾਂ ਦੇਸ਼ਾਂ ਦੀਆਂ ਮਰਦ ਟੀਮਾਂ ਭਾਰਤ-ਜਾਪਾਨ ਕੂਟਨੀਤਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਦੇ ਜਸ਼ਨ ਦੀ ਸ਼ੁਰੂਆਤ ਲਈ ਇਕ ਟੀ-20 ਮੈਚ ਖੇਡਣਗੀਆਂ। ਇਸ ਮੈਚ ਰਾਹੀਂ ਇਹ ਟੀਮਾਂ ਜਾਪਾਨ ਦੇ ਤੋਚਿਗੀ ਸੂਬੇ ’ਚ ਸਾਨੋ ਇੰਟਰਨੈਸ਼ਨਲ ਕ੍ਰਿਕਟ ਗਰਾਊਂਡ ’ਤੇ ਸੁਜ਼ੂਕੀ ਕੱਪ ਲਈ ਮੁਕਾਬਲਾ ਕਰਨਗੀਆਂ।
ਇਹ ਮੈਚ ਸਪੋਰਟ 75 ਪਹਿਲ ਦਾ ਪਹਿਲਾ ਕਦਮ ਹੋਵੇਗਾ। ਇਹ ਪਹਿਲ ਜਾਪਾਨੀ ਪ੍ਰਧਾਨ ਮੰਤਰੀ ਸਨਾਏ ਤਕਾਇਚੀ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਸਿਖਰ ਸੰਮੇਲਨ ਦੌਰਾਨ ਹੋਏ ਸਮਝੌਤੇ ਨਾਲ ਸ਼ੁਰੂ ਹੋਈ ਹੈ। ਇਸਦਾ ਮੰਤਵ ਖੇਡ ਦੇ ਹਰ ਖੇਤਰ ’ਚ ਭਾਰਤ ਤੇ ਜਾਪਾਨ ਵਿਚਾਲੇ ਲੋਕਾਂ ਦੇ ਆਪਸੀ ਲੈਣ-ਦੇਣ ਤੇ ਸਹਿਯੋਗ ਨੂੰ ਹੋਰ ਹੱਲਾਸ਼ੇਰੀ ਦੇਣਾ ਹੈ, ਨਾਲ ਹੀ 2036 ’ਚ ਓਲੰਪਿਕ ਤੇ ਪੈਰਾਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦੀ ਭਾਰਤ ਦੀ ਖਾਹਿਸ਼ ਨੂੰ ਵੀ ਧਿਆਨ ’ਚ ਰੱਖਣਾ ਹੈ।
ਮੈਚ ’ਚ ਭਾਰਤੀ ਟੀਮ ਦੀ ਕਪਤਾਨੀ ਸ਼੍ਰੇਅਸ ਅਈਅਰ ਕਰੇਗਾ, ਜਦਕਿ ਟੀਮ ’ਚ ਉਪਕਪਤਾਨ ਤਿਲਕ ਵਰਮਾ, ਸੰਜੂ ਸੈਮਸਨ ਤੇ ਨੌਜਵਾਨ ਸਨਸਨੀ ਵੈਭਵ ਸੂਰਿਆਵੰਸ਼ੀ ਵਰਗੇ ਅਹਿਮ ਖਿਡਾਰੀ ਸ਼ਾਮਲ ਹੋਣਗੇ। ਉਥੇ ਹੀ ਸਿੱਧਾ ਨਾਕਆਊਟ ਪੜਾਅ ’ਚ ਥਾਂ ਬਣਾਉਣ ਵਾਲੀ ਭਾਰਤੀ ਟੀਮ 28 ਸਤੰਬਰ ਨੂੰ ਏਸ਼ਿਆਈ ਖੇਡਾਂ ’ਚ ਕੁਆਰਟਰ ਫਾਈਨਲ ’ਚ ਆਪਣੀ ਏਸ਼ਿਆਈ ਖੇਡਾਂ ਦੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਨੇ ਕਿਹਾ ਕਿ ਭਾਰਤ-ਜਾਪਾਨ ਦਾ ਇਹ ਮੁਕਾਬਲਾ ਕ੍ਰਿਕਟ ਨੂੰ ਆਪਣੀ ਪਹੁੰਚ ਵਧਾਉਣ ਤੇ ਨਵੀਆਂ ਅਣਛੂਹੀਆਂ ਥਾਵਾਂ ਤੱਕ ਲਿਜਾਣ ਦਾ ਮੰਚ ਪ੍ਰਦਾਨ ਕਰੇਗਾ। ਇਸ ਨਾਲ ਜਾਪਾਨ ਤੇ ਪੂਰਬੀ ਏਸ਼ੀਆ ’ਚ ਜ਼ਿਆਦਾ ਲੋਕਾਂ ਤੱਕ ਇਸ ਖੇਡ ਨੂੰ ਪਹੁੰਚਾਉਣ ਦਾ ਮੌਕਾ ਮਿਲੇਗਾ। ਉਥੇ ਹੀ, ਜੇਸੀਏ ਦੇ ਸੀਈਓ ਨਾਓਕੀ ਮੀਆਜੀ ਨੇ ਕਿਹਾ ਕਿ ਮੌਜੂਦਾ ਵਿਸ਼ਵ ਚੈਂਪੀਅਨ ਨੂੰ ਜਾਪਾਨ ’ਚ ਕ੍ਰਿਕਟ ਦੇ ਮੈਦਾਨ ’ਤੇ ਬੁਲਾਉਣਾ ਸਾਡੀ ਐਸੋਸੀਏਸ਼ਨ ਲਈ ਇਕ ਯਾਦਗਾਰ ਸਮਾਂ ਹੈ।

LEAVE A REPLY

Please enter your comment!
Please enter your name here