Home latest News Moga ‘ਚ AAP ਦੀ ਰੈਲੀ ਤੋਂ ਪਹਿਲਾਂ ਵੱਡਾ ਹਾਦਸਾ, ਕੌਫੀ ਮਸ਼ੀਨ ਫਟਣ...

Moga ‘ਚ AAP ਦੀ ਰੈਲੀ ਤੋਂ ਪਹਿਲਾਂ ਵੱਡਾ ਹਾਦਸਾ, ਕੌਫੀ ਮਸ਼ੀਨ ਫਟਣ ਕਾਰਨ ਮਜ਼ਦੂਰ ਦੀ ਮੌਤ

2
0
ਆਮ ਆਦਮੀ ਪਾਰਟੀ ਦੇ 14ਵੇਂ ਸਥਾਪਨਾ ਦਿਵਸ ਮੌਕੇ ਮੋਗਾ ਵਿੱਚ ਹੋਣ ਜਾ ਰਹੀ ‘ਖੁਸ਼ਹਾਲ ਪੰਜਾਬ ਮਹਾ ਰੈਲੀ’ ਤੋਂ ਪਹਿਲਾਂ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਰੈਲੀ ਦੀਆਂ ਤਿਆਰੀਆਂ ਦੌਰਾਨ ਅਚਾਨਕ ਕੌਫੀ ਬਣਾਉਣ ਵਾਲੀ ਮਸ਼ੀਨ ਵਿੱਚ ਜ਼ੋਰਦਾਰ ਧਮਾਕਾ ਹੋ ਗਿਆ। ਇਸ ਹਾਦਸੇ ਵਿੱਚ ਮਸ਼ੀਨ ਦਾ ਇੱਕ ਹਿੱਸਾ ਉੱਥੇ ਕੰਮ ਕਰ ਰਹੇ ਇੱਕ ਮਜ਼ਦੂਰ ਦੇ ਸਿਰ ਵਿੱਚ ਜਾ ਵੱਜਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਕਰੀਬ 10 ਵਜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਮਸ਼ੀਨ ‘ਚ ਜ਼ਿਆਦਾ ਦਬਾਅ ਬਣਨ ਕਾਰਨ ਇਹ ਅਚਾਨਕ ਫਟ ਗਈ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਮਸ਼ੀਨ ਦਾ ਇੱਕ ਹਿੱਸਾ ਟੁੱਟ ਕੇ ਸਿੱਧਾ ਮਜ਼ਦੂਰ ਦੇ ਸਿਰ ਵਿੱਚ ਜਾ ਲੱਗਿਆ। ਇਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।
ਹਾਦਸੇ ਤੋਂ ਬਾਅਦ ਰੈਲੀ ਵਾਲੀ ਥਾਂ ‘ਤੇ ਹਫੜਾ-ਦਫੜੀ ਮਚ ਗਈ। ਜਿੱਥੇ ਇੱਕ ਪਾਸੇ ਮਹਾ ਰੈਲੀ ਦੀਆਂ ਤਿਆਰੀਆਂ ਪੂਰੇ ਜ਼ੋਰਾਂ ‘ਤੇ ਚੱਲ ਰਹੀਆਂ ਸਨ, ਉੱਥੇ ਹੀ ਇਸ ਮੰਦਭਾਗੀ ਘਟਨਾ ਨੇ ਖੁਸ਼ੀ ਦੇ ਮਾਹੌਲ ਨੂੰ ਸੋਗ ‘ਚ ਬਦਲ ਦਿੱਤਾ। ਫਿਲਹਾਲ ਇਸ ਹਾਦਸੇ ‘ਚ ਜਾਨ ਗੁਆਉਣ ਵਾਲੇ ਮਜ਼ਦੂਰ ਦੀ ਪਛਾਣ ਤੇ ਘਟਨਾ ਦੇ ਹੋਰ ਵੇਰਵਿਆਂ ਸਬੰਧੀ ਅਧਿਕਾਰਤ ਜਾਣਕਾਰੀ ਦੀ ਉਡੀਕ ਹੈ।
ਕੇਜਰੀਵਾਲ ਤੇ ਸੀਐਮ ਮਾਨ ਸਮੇਤ ਲੀਡਰਸ਼ਿਪ ਰੈਲੀ ‘ਚ ਹੋਵੇਗੀ ਸ਼ਾਮਲ
ਦੱਸ ਦੇਈਏ ਕਿ ਅੱਜ ਮੋਗਾ ਦੇ ਪਿੰਡ ਮਟਵਾਣੀ ਵਿਖੇ ਆਮ ਆਦਮੀ ਪਾਰਟੀ ਵੱਲੋਂ ‘ਖੁਸ਼ਹਾਲ ਪੰਜਾਬ ਮਹਾ ਰੈਲੀ’ ਕੀਤੀ ਜਾ ਰਹੀ ਹੈ। ਪਾਰਟੀ ਦੇ 14ਵੇਂ ਸਥਾਪਨਾ ਦਿਵਸ ਮੌਕੇ ਹੋਣ ਵਾਲੀ ਇਸ ਰੈਲੀ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਮੁਹਿੰਮ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ।
ਇਸ ਸਮਾਗਮ ‘ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਕਈ ਸੀਨੀਅਰ ਆਗੂਆਂ ਦੇ ਸ਼ਾਮਲ ਹੋਣ ਦਾ ਪ੍ਰੋਗਰਾਮ ਹੈ। ਇਸ ਤੋਂ ਇਲਾਵਾ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਕੈਬਨਿਟ ਮੰਤਰੀਆਂ, ਵਿਧਾਇਕਾਂ ਤੇ ਪਾਰਟੀ ਦੇ ਹੋਰ ਆਗੂ ਵੀ ਰੈਲੀ ‘ਚ ਪਹੁੰਚਣਗੇ।
116 ਏਕੜ ‘ਚ ਤਿਆਰ ਕੀਤਾ ਗਿਆ ਰੈਲੀ ਦਾ ਪੰਡਾਲ
ਰੈਲੀ ਲਈ ਪਿੰਡ ਮਟਵਾਣੀ ‘ਚ ਕਰੀਬ 116 ਏਕੜ ਜ਼ਮੀਨ ‘ਤੇ ਵੱਡੇ ਪੱਧਰ ‘ਤੇ ਪ੍ਰਬੰਧ ਕੀਤੇ ਗਏ ਹਨ। ਪਾਰਟੀ ਵੱਲੋਂ ਇਸ ਸਮਾਗਮ’ਚ ਇੱਕ ਲੱਖ ਤੋਂ ਵੱਧ ਲੋਕਾਂ ਦੇ ਪਹੁੰਚਣ ਦੀ ਉਮੀਦ ਜਤਾਈ ਗਈ ਹੈ, ਜਦਕਿ ਡੇਢ ਲੱਖ ਦੇ ਕਰੀਬ ਲੋਕਾਂ ਦੀ ਸਮਰੱਥਾ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਬੰਧ ਕੀਤੇ ਗਏ ਹਨ।
ਵੱਡੀ ਗਿਣਤੀ ‘ਚ ਵਰਕਰਾਂ ਅਤੇ ਸਮਰਥਕਾਂ ਦੇ ਪਹੁੰਚਣ ਦੀ ਸੰਭਾਵਨਾ ਨੂੰ ਦੇਖਦਿਆਂ ਬੈਠਣ, ਪੀਣ ਵਾਲੇ ਪਾਣੀ, ਖਾਣੇ ਅਤੇ ਪਖਾਨਿਆਂ ਸਮੇਤ ਹੋਰ ਜ਼ਰੂਰੀ ਸਹੂਲਤਾਂ ਦਾ ਇੰਤਜ਼ਾਮ ਕੀਤਾ ਗਿਆ ਹੈ।

LEAVE A REPLY

Please enter your comment!
Please enter your name here