ਚੌਕੀ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਆਰਟੀਏ ਦੇ ਗੰਨਮੈਨ ਨੇ ਉਨ੍ਹਾਂ ਨੂੰ ਬਾਥਰੂਮ ‘ਚ ਮ੍ਰਿਤਕ ਪਾਇਆ ਤੇ ਪੁਲਿਸ ਨੂੰ ਸੂਚਿਤ ਕੀਤਾ।
ਜਲੰਧਰ ਦੇ ਖੇਤਰੀ ਟਰਾਂਸਪੋਰਟ ਅਥਾਰਟੀ (ਆਰਟੀਏ) ਅਧਿਕਾਰੀ ਰਵਿੰਦਰ ਸਿੰਘ ਗਿੱਲ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀ ਲਾਸ਼ ਜਲੰਧਰ ਹਾਈਟਸ ‘ਚ ਉਨ੍ਹਾਂ ਦੇ ਫਲੈਟ ਦੇ ਬਾਥਰੂਮ ‘ਚ ਮਿਲੀ। ਮੌਤ ਦਾ ਕਾਰਨ ਫਿਲਹਾਲ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ, ਪਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਰਵਿੰਦਰ ਸਿੰਘ ਚੰਡੀਗੜ੍ਹ ਮੁੱਖ ਦਫ਼ਤਰ ਦਾ ਚਾਰਜ ਸੰਭਾਲ ਰਹੇ ਸਨ, ਪਰ ਉਨ੍ਹਾਂ ਨੂੰ ਜਲੰਧਰ ਆਰਟੀਏ ਦਾ ਵਾਧੂ ਚਾਰਜ ਦਿੱਤਾ ਗਿਆ ਸੀ।
ਚੌਕੀ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਆਰਟੀਏ ਦੇ ਗੰਨਮੈਨ ਨੇ ਉਨ੍ਹਾਂ ਨੂੰ ਬਾਥਰੂਮ ‘ਚ ਮ੍ਰਿਤਕ ਪਾਇਆ ਤੇ ਪੁਲਿਸ ਨੂੰ ਸੂਚਿਤ ਕੀਤਾ। ਜਾਣਕਾਰੀ ਮੁਤਾਬਕ ਸਵੇਰੇ ਜਦੋਂ ਰਵਿੰਦਰ ਸਿੰਘ ਕਾਫ਼ੀ ਸਮੇਂ ਤੱਕ ਬਾਥਰੂਮ ਤੋਂ ਬਾਹਰ ਨਹੀਂ ਆਏ ਤਾਂ ਉਨ੍ਹਾਂ ਤੇ ਗੰਨਮੈਨ ਤੇ ਡਰਾਈਵਰ ਨੂੰ ਸ਼ੱਕ ਹੋਇਆ। ਇਸ ਤੋਂ ਬਾਅਦ ਦਰਵਾਜ਼ਾ ਖੋਲ੍ਹ ਕੇ ਦੇਖਿਆ ਗਿਆ ਤਾਂ ਰਵਿੰਦਰ ਸਿੰਘ ਮ੍ਰਿਤ ਅਵਸਥਾ ‘ਚ ਪਏ ਹੋਏ ਸਨ।
ਇਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਚੌਂਕੀ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਮੁੱਢਲੀ ਜਾਂਚ ‘ਚ ਮੌਤ ਹਾਰਟ ਅਟੈਕ ਨਾਲ ਹੋਈ ਪ੍ਰਤੀਤ ਹੋ ਰਹੀ ਹੈ, ਪਰ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਰਵਿੰਦਰ ਸਿੰਘ ਇਸ ਤੋਂ ਪਹਿਲਾਂ ਬਠਿੰਡਾ ‘ਚ ਮੋਟਰ ਵ੍ਹੀਕਲ ਇੰਸਪੈਕਟਰ ਸੀ। ਇਸ ਤੋਂ ਬਾਅਦ ਤਰੱਕੀ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਹੈੱਡ ਆਫ਼ਿਸ ‘ਚ ਲਗਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਜਲੰਧਰ ਆਰਟੀਏ ਦਾ ਵਾਧੂ ਚਾਰਜ ਸੌਂਪਿਆ ਗਿਆ ਸੀ।
ਰਵਿੰਦਰ ਗਿੱਲ ਦੇ ਦੋ ਪੁੱਤਰ ਹਨ, ਜਿਨ੍ਹਾਂ ‘ਚੋਂ ਇੱਕ ਦਾ ਵਿਆਹ ਕੁੱਝ ਦਿਨ ਪਹਿਲਾਂ ਹੀ ਹੋਇਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਬਠਿੰਡਾ ‘ਚ ਕੀਤਾ ਜਾਵੇਗਾ। ਉਨ੍ਹਾਂ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ, ਰਿਪੋਰਟ ਆਉਣ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।