Home latest News ਕੈਨੇਡਾ ਦੇ ਗੁਰਦੁਆਰਾ ਸਾਹਿਬ ‘ਚ ਦੋ ਧੜੇ ਭਿੜੇ, ਜੰਮ ਕੇ ਹੋਈ ਹੱਥੋਪਾਈ-ਉਤਰੀਆਂ...

ਕੈਨੇਡਾ ਦੇ ਗੁਰਦੁਆਰਾ ਸਾਹਿਬ ‘ਚ ਦੋ ਧੜੇ ਭਿੜੇ, ਜੰਮ ਕੇ ਹੋਈ ਹੱਥੋਪਾਈ-ਉਤਰੀਆਂ ਪੱਗਾਂ; ਕਮੇਟੀ ਦੇ ਪ੍ਰਬੰਧ ਨੂੰ ਲੈ ਕੇ ਵਿਵਾਦ

5
0
ਕੈਨੇਡਾ ਦੇ ਗੁਰਦੁਆਰਾ ਸਾਹਿਬਾਨ ‘ਚ ਪ੍ਰਬੰਧਕ ਕਮੇਟੀਆਂ ਨੂੰ ਲੈ ਕੇ ਚੱਲ ਰਹੇ ਵਿਵਾਦ ਇੱਕ ਵਾਰ ਫਿਰ ਚਰਚਾ ‘ਚ ਹਨ। ਤਾਜ਼ਾ ਮਾਮਲਾ ਹੈਮਿਲਟਨ ਦੇ ਗੁਰਦੁਆਰਾ ਸ਼ਹੀਦਗੜ੍ਹ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿੱਥੇ 22 ਨਵੰਬਰ ਨੂੰ ਦੋ ਧੜਿਆਂ ਵਿਚਾਲੇ ਜ਼ਬਰਦਸਤ ਤਕਰਾਰ ਹੋ ਗਈ। ਮਾਮਲਾ ਇੰਨਾ ਵਧ ਗਿਆ ਕਿ ਦੋਵਾਂ ਪਾਸਿਆਂ ਤੋਂ ਹੱਥੋਪਾਈ ਤੇ ਧੱਕਾ-ਮੁੱਕੀ ਸ਼ੁਰੂ ਹੋ ਗਈ। ਇਸ ਦੌਰਾਨ ਇੱਕ-ਦੂਜੇ ਨੂੰ ਥੱਪੜ ਮਾਰੇ ਗਏ ਤੇ ਕੁਝ ਵਿਅਕਤੀਆਂ ਦੀਆਂ ਪੱਗਾਂ ਵੀ ਉਤਰ ਗਈਆਂ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਇਸ ਘਟਨਾ ਦੀ ਪੁਸ਼ਟੀ ਗੁਰਦੁਆਰਾ ਸ਼ਹੀਦਗੜ੍ਹ ਸਾਹਿਬ ਦੇ ਬਾਬਾ ਤਜਿੰਦਰ ਸਿੰਘ ਨੇ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਸਾਰੇ ਲੋਕ ਆਪਸੀ ਸਹਿਯੋਗ ਨਾਲ ਗੁਰੂ ਘਰ ਦੀ ਸੇਵਾ ਤੇ ਪ੍ਰਬੰਧ ਚਲਾਉਂਦੇ ਸਨ, ਪਰ ਹੁਣ ਆਪਸੀ ਮਤਭੇਦ ਇੰਨੇ ਵਧ ਗਏ ਹਨ ਕਿ ਗੱਲ ਮਾਰ-ਕੁੱਟ ਤੱਕ ਪਹੁੰਚ ਗਈ ਹੈ। ਉਨ੍ਹਾਂ ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਗੁਰੂ ਘਰ ਦੇ ਅੰਦਰ ਅਜਿਹੇ ਹਾਲਾਤ ਬਣਨਾ ਬੇਹੱਦ ਮੰਦਭਾਗਾ ਹੈ।
ਕਮੇਟੀ ਦੇ ਪ੍ਰਬੰਧ ਤੇ ਗੋਲਕ ਦੇ ਪੈਸਿਆਂ ਨੂੰ ਲੈ ਕੇ ਵਿਵਾਦ
ਸੂਤਰਾਂ ਮੁਤਾਬਕ, ਇਸ ਪੂਰੇ ਵਿਵਾਦ ਪਿੱਛੇ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਕਬਜ਼ੇ, ਚੌਧਰ ਤੇ ਗੋਲਕ ‘ਚ ਇਕੱਠੀ ਹੋਣ ਵਾਲੀ ਮਾਇਆ ਦੇ ਪ੍ਰਬੰਧ ਨੂੰ ਲੈ ਕੇ ਮਤਭੇਦ ਦੱਸੇ ਜਾ ਰਹੇ ਹਨ। ਹਾਲਾਂਕਿ, ਵਿਵਾਦ ਦੇ ਸਾਰੇ ਪਹਿਲੂਆਂ ਬਾਰੇ ਅਜੇ ਕੋਈ ਅਧਿਕਾਰਤ ਵੇਰਵਾ ਸਾਹਮਣੇ ਨਹੀਂ ਆਇਆ।
ਘਟਨਾ ਤੋਂ ਬਾਅਦ ਕੈਨੇਡਾ ‘ਚ ਰਹਿਣ ਵਾਲੇ ਪੰਜਾਬੀ ਭਾਈਚਾਰੇ ਤੇ ਸਿੱਖ ਸੰਗਤ ‘ਚ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਕਸਰ ਨੌਜਵਾਨਾਂ ਤੇ ਨਵੇਂ ਆਏ ਵਿਦਿਆਰਥੀਆਂ ਨੂੰ ਅਨੁਸ਼ਾਸਨਹੀਣਤਾ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ, ਪਰ ਇਸ ਮਾਮਲੇ ‘ਚ ਗੁਰਦੁਆਰਾ ਪ੍ਰਬੰਧ ਨਾਲ ਜੁੜੇ ਵੱਡੀ ਉਮਰ ਦੇ ਲੋਕਾਂ ਵਿਚਾਲੇ ਹੀ ਅਜਿਹੀ ਸਥਿਤੀ ਪੈਦਾ ਹੋ ਗਈ।
ਸੰਗਤ ਨੂੰ ਫ਼ੈਸਲਿਆਂ ‘ਚ ਸ਼ਾਮਲ ਨਾ ਕਰਨ ‘ਤੇ ਵੀ ਉੱਠੇ ਸਵਾਲ
ਇਸ ਘਟਨਾ ਤੋਂ ਬਾਅਦ ਸੰਗਤ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਕਾਰਜਪ੍ਰਣਾਲੀ ‘ਤੇ ਵੀ ਸਵਾਲ ਚੁੱਕੇ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਗੁਰੂ ਘਰ ਲਈ ਦਾਨ ਤੇ ਚੜ੍ਹਾਵਾ ਇਕੱਠਾ ਕਰਨ ਦੀ ਗੱਲ ਆਉਂਦੀ ਹੈ ਤਾਂ ਆਮ ਸੰਗਤ ਨੂੰ ਅੱਗੇ ਰੱਖਿਆ ਜਾਂਦਾ ਹੈ, ਪਰ ਪ੍ਰਬੰਧ ਨਾਲ ਜੁੜੇ ਵੱਡੇ ਫ਼ੈਸਲਿਆਂ ‘ਚ ਸੰਗਤ ਦੀ ਰਾਏ ਨੂੰ ਅਹਿਮੀਅਤ ਨਹੀਂ ਦਿੱਤੀ ਜਾਂਦੀ।
ਸਿੱਖ ਭਾਈਚਾਰੇ ਨਾਲ ਸਬੰਧਤ ਲੋਕਾਂ ਨੇ ਕਿਹਾ ਕਿ ਕੁਝ ਵਿਅਕਤੀਆਂ ਦੀ ਆਪਸੀ ਖਿੱਚੋਤਾਣ ਤੇ ਹਉਮੈ ਕਾਰਨ ਪੂਰੇ ਭਾਈਚਾਰੇ ਦੀ ਛਵੀ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬਾਨ ਦੇ ਆਪਸੀ ਪਿਆਰ, ਸਾਂਝ ਤੇ ਭਾਈਚਾਰੇ ਦੇ ਸਿਧਾਂਤਾਂ ਨੂੰ ਯਾਦ ਰੱਖਦਿਆਂ ਧਾਰਮਿਕ ਅਸਥਾਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਿੱਜੀ ਵਿਵਾਦ ਜਾਂ ਸਿਆਸੀ ਖਿੱਚੋਤਾਣ ਦਾ ਕੇਂਦਰ ਨਾ ਬਣਾਇਆ ਜਾਵੇ।
ਇਸ ਤੋਂ ਪਹਿਲਾਂ ਮਾਲਟਨ ਸਾਹਿਬ ਗੁਰਦੁਆਰੇ ‘ਚ ਵੀ ਹੋਇਆ ਸੀ ਹੰਗਾਮਾ
ਜ਼ਿਕਰਯੋਗ ਹੈ ਕਿ ਕੈਨੇਡਾ ਦੇ ਗੁਰਦੁਆਰਾ ਸਾਹਿਬਾਨ ‘ਚ ਵਿਵਾਦ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ 20 ਅਕਤੂਬਰ 2026 ਨੂੰ ਮਿਸੀਸਾਗਾ ਸਥਿਤ ਇਤਿਹਾਸਕ ਗੁਰਦੁਆਰਾ ਮਾਲਟਨ ਸਾਹਿਬ ‘ਚ ਵੀ ਇੱਕ ਮਹਿਲਾ ਵੱਲੋਂ ਹੰਗਾਮਾ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਸੀ।
ਜਾਣਕਾਰੀ ਮੁਤਾਬਕ, ਚੌਪਹਿਰਾ ਸਾਹਿਬ ਦੇ ਪਾਠ ਦੌਰਾਨ ਮਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਪਹੁੰਚ ਗਈ ਸੀ। ਬੇਅਦਬੀ ਦੇ ਖ਼ਦਸ਼ੇ ਕਾਰਨ ਉੱਥੇ ਮੌਜੂਦ ਸੰਗਤ ਨੇ ਤੁਰੰਤ ਉਸ ਨੂੰ ਉੱਥੋਂ ਹਟਾਇਆ। ਇਸ ਤੋਂ ਬਾਅਦ ਮਹਿਲਾ ਨੇ ਉੱਥੇ ਬੋਲਣਾ ਸ਼ੁਰੂ ਕਰ ਦਿੱਤਾ ਤੇ ਫਰਸ਼ ‘ਤੇ ਲੇਟ ਗਈ।

LEAVE A REPLY

Please enter your comment!
Please enter your name here