Home latest News Ajnala ਦੇ ਪਿੰਡ ਤੇੜਾ ਕਲਾਂ ‘ਚ 20 ਦਿਨ ਬਾਅਦ ਕਬਰ ਚੋਂ ਕੱਢੀ...

Ajnala ਦੇ ਪਿੰਡ ਤੇੜਾ ਕਲਾਂ ‘ਚ 20 ਦਿਨ ਬਾਅਦ ਕਬਰ ਚੋਂ ਕੱਢੀ ਗਈ ਵਿਅਕਤੀ ਦੀ ਲਾਸ਼, ਭੈਣ ਨੇ ਭਰਾ ਦੀ ਮੌਤ ‘ਤੇ ਜਤਾਇਆ ਸ਼ੱਕ

5
0

ਮਿਲੀ ਜਾਣਕਾਰੀ ਅਨੁਸਾਰ ਸੋਨੀ ਮਸੀਹ ਦੀ ਮੌਤ 27 ਜੁਲਾਈ 2026 ਨੂੰ ਹੋਈ ਸੀ।

ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਤੇੜਾ ਕਲਾਂ ‘ਚ ਕਰੀਬ 20 ਦਿਨ ਪਹਿਲਾਂ ਮਰੇ ਇੱਕ ਵਿਅਕਤੀ ਦੀ ਲਾਸ਼ ਨੂੰ ਪਰਿਵਾਰ ਵੱਲੋਂ ਮੌਤ ਦੇ ਕਾਰਨਾਂ ਤੇ ਸ਼ੱਕ ਜਤਾਏ ਜਾਣ ਤੋਂ ਬਾਅਦ ਕਬਰ ‘ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਮ੍ਰਿਤਕ ਦੀ ਪਛਾਣ ਸੋਨੀ ਮਸੀਹ ਵਾਸੀ ਤੇੜਾ ਕਲਾਂ ਵਜੋਂ ਹੋਈ ਹੈ। ਪਰਿਵਾਰ ਵੱਲੋਂ ਮੌਤ ਦੇ ਹਾਲਾਤਾਂ ਨੂੰ ਲੈ ਕੇ ਇਤਰਾਜ਼ ਪ੍ਰਗਟ ਕੀਤੇ ਜਾਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।

27 ਜੁਲਾਈ ਨੂੰ ਹੋਈ ਸੀ ਮੌਤ

ਮਿਲੀ ਜਾਣਕਾਰੀ ਅਨੁਸਾਰ ਸੋਨੀ ਮਸੀਹ ਦੀ ਮੌਤ 27 ਜੁਲਾਈ 2026 ਨੂੰ ਹੋਈ ਸੀ। ਉਸ ਸਮੇਂ ਪਰਿਵਾਰਕ ਮੈਂਬਰਾਂ ਵੱਲੋਂ ਰੀਤੀ-ਰਿਵਾਜਾਂ ਮੁਤਾਬਕ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਸੀ। ਕੁਝ ਦਿਨ ਬਾਅਦ ਮ੍ਰਿਤਕ ਦੀ ਭੈਣ ਕੋਮਲ, ਜੋ ਪਿੰਡ ਪੱਖੋਕੇ ਨਾਲ ਸਬੰਧਤ ਦੱਸੀ ਜਾ ਰਹੀ ਹੈ, ਨੇ ਆਪਣੇ ਭਰਾ ਦੀ ਮੌਤ ਦੇ ਕਾਰਨਾਂ ਨੂੰ ਲੈ ਕੇ ਸ਼ੱਕ ਪ੍ਰਗਟ ਕੀਤਾ ਤੇ ਪ੍ਰਸ਼ਾਸਨ ਕੋਲ ਇਸ ਸਬੰਧੀ ਆਪਣਾ ਬਿਆਨ ਦਰਜ ਕਰਵਾਇਆ।
ਪਰਿਵਾਰ ਵੱਲੋਂ ਸ਼ੱਕ ਜਤਾਏ ਜਾਣ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਲਾਸ਼ ਨੂੰ ਕਬਰ ‘ਚੋਂ ਬਾਹਰ ਕੱਢ ਕੇ ਮੈਡੀਕਲ ਜਾਂਚ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਸ ਲਈ ਐਸਡੀਐਮ ਅਜਨਾਲਾ ਤੋਂ ਮਨਜ਼ੂਰੀ ਲਈ ਗਈ। ਮਨਜ਼ੂਰੀ ਮਿਲਣ ਤੋਂ ਬਾਅਦ ਪ੍ਰਸ਼ਾਸਨ ਤੇ ਪੁਲਿਸ ਦੀ ਮੌਜੂਦਗੀ ‘ਚ ਕਬਰ ਖੋਲ੍ਹ ਕੇ ਲਾਸ਼ ਨੂੰ ਬਾਹਰ ਕੱਢਿਆ ਗਿਆ।
ਇਸ ਕਾਰਵਾਈ ਦੌਰਾਨ ਕਾਰਜਕਾਰੀ ਮੈਜਿਸਟ੍ਰੇਟ, ਤਹਿਸੀਲਦਾਰ ਸਰਦਾਰ ਕਾਹਨ ਸਿੰਘ ਤੇ ਅਜਨਾਲਾ ਦੇ ਮੈਡੀਕਲ ਅਫਸਰ ਸਮੇਤ ਸਬੰਧਤ ਅਧਿਕਾਰੀ ਮੌਕੇ ਤੇ ਮੌਜੂਦ ਰਹੇ। ਅਧਿਕਾਰੀਆਂ ਦੀ ਨਿਗਰਾਨੀ ਹੇਠ ਲਾਸ਼ ਨੂੰ ਕਬਰਿਸਤਾਨ ‘ਚੋਂ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਕਾਰਵਾਈ ਜਾ ਰਹੀ ਪੋਸਟਮਾਰਟਮ ਰਿਪੋਰਟ

ਅਧਿਕਾਰੀਆਂ ਨੇ ਦੱਸਿਆ ਕਿ ਪਰਿਵਾਰ ਵੱਲੋਂ ਦਿੱਤੀ ਗਈ ਸ਼ਿਕਾਇਤ ਤੇ ਮੌਤ ਨੂੰ ਲੈ ਕੇ ਪ੍ਰਗਟ ਕੀਤੇ ਗਏ ਸ਼ੱਕ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਗਈ ਹੈ। ਹੁਣ ਪੋਸਟਮਾਰਟਮ ਦੀ ਰਿਪੋਰਟ ਇਸ ਮਾਮਲੇ ‘ਚ ਅਹਿਮ ਸਬੂਤ ਸਾਬਤ ਹੋਵੇਗੀ। ਰਿਪੋਰਟ ‘ਚ ਮੌਤ ਦੇ ਅਸਲ ਕਾਰਨਾਂ ਸਬੰਧੀ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ਤੇ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਸੋਨੀ ਮਸੀਹ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ ਸੀ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਮੌਜੂਦ ਸੀ।

LEAVE A REPLY

Please enter your comment!
Please enter your name here