ਪੰਜਾਬ ਪੁਲਿਸ ਨੂੰ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਖ਼ਿਲਾਫ਼ ਵੱਡੀ ਸਫਲਤਾ ਮਿਲੀ ਹੈ। ਕਾਊਂਟਰ ਇੰਟੈਲੀਜੈਂਸ ਵਿੰਗ ਦੀ ਓਵਰਸੀਜ਼ ਫਿਊਜਿਟਿਵ ਟ੍ਰੈਕਿੰਗ ਐਂਡ ਐਕਸਟ੍ਰੈਡੀਸ਼ਨ ਸੈੱਲ (OFTEC) ਨੇ ਦਵਿੰਦਰ ਬੰਬੀਹਾ ਗੈਂਗ ਨਾਲ ਜੁੜੇ 3 ਵਾਂਟੇਡ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਨੂੰ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਮਲੇਸ਼ੀਆ ਤੋਂ ਭਾਰਤ ਡਿਪੋਰਟ ਕਰਵਾਇਆ ਗਿਆ ਹੈ।
ਕਤਲ, ਜਬਰਨ ਵਸੂਲੀ ਤੇ ਧਮਾਕਿਆਂ ਸਮੇਤ ਕਈ ਮਾਮਲੇ
ਪੁਲਿਸ ਮੁਤਾਬਕ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਪੰਜਾਬ ‘ਚ ਕਈ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ‘ਚ ਕਤਲ, ਜਬਰਨ ਵਸੂਲੀ, ਵਿਸਫੋਟਕ ਪਦਾਰਥ ਰੱਖਣ ਤੇ ਹੈਂਡ ਗ੍ਰਨੇਡ ਹਮਲੇ ਵਰਗੇ ਮਾਮਲੇ ਸ਼ਾਮਲ ਹਨ।
ਜਾਂਚ ਏਜੰਸੀਆਂ ਦੇ ਅਨੁਸਾਰ, ਇਨ੍ਹਾਂ ਮੁਲਜ਼ਮਾਂ ਦੇ ਸਬੰਧ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨਾਲ ਜੁੜੇ ਨੈੱਟਵਰਕ ਨਾਲ ਹੋਣ ਦੇ ਦਾਅਵੇ ਵੀ ਸਾਹਮਣੇ ਆਏ ਹਨ। ਪੁਲਿਸ ਮੁਤਾਬਕ ਇਹ ਮੁਲਜ਼ਮ ਲੁਧਿਆਣਾ ‘ਚ ਹੋਏ ਇੱਕ ਯੋਜਨਾਬੱਧ ਹੈਂਡ ਗ੍ਰਨੇਡ ਧਮਾਕੇ ਦੀ ਸਾਜ਼ਿਸ਼ ‘ਚ ਕਥਿਤ ਤੌਰ ਤੇ ਮੁੱਖ ਭੂਮਿਕਾ ‘ਚ ਰਹੇ ਹਨ। ਪੁਲਿਸ ਹੁਣ ਇਸ ਮਾਮਲੇ ‘ਚ ਮੁਲਜ਼ਮਾਂ ਦੀ ਭੂਮਿਕਾ ਤੇ ਉਨ੍ਹਾਂ ਦੇ ਅਪਰਾਧਿਕ ਨੈੱਟਵਰਕ ਨਾਲ ਜੁੜੇ ਕਨੈਕਸ਼ਨਾਂ ਦੀ ਵੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਪੁੱਛਗਿੱਛ ਲਈ ਪੰਜਾਬ ਲਿਆਂਦਾ ਜਾ ਰਿਹਾ
ਤਿੰਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੂੰ ਅਗਲੀ ਪੁੱਛਗਿੱਛ ਤੇ ਕਾਨੂੰਨੀ ਕਾਰਵਾਈ ਲਈ ਪੰਜਾਬ ਲਿਆਂਦਾ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਵਿਦੇਸ਼ਾਂ ‘ਚ ਬੈਠੇ ਬੰਬੀਹਾ ਗੈਂਗ ਦੇ ਹੋਰ ਨੈੱਟਵਰਕ, ਹਥਿਆਰਾਂ ਦੀ ਤਸਕਰੀ ਤੇ ਫੰਡਿੰਗ ਸਬੰਧੀ ਵਿਸਥਾਰ ਨਾਲ ਪੁੱਛਗਿੱਛ ਕੀਤੀ ਜਾਵੇਗੀ।