ਪੈਟਰੋਲ ਦਾ ਇਹ ਲੰਗਰ ਚੰਡੀਗੜ੍ਹ ਦੇ ਸੈਕਟਰ-10 ਅਤੇ ਸੈਕਟਰ-7 ਸਥਿਤ ਪੈਟਰੋਲ ਪੰਪਾਂ ‘ਤੇ ਲਗਾਇਆ ਜਾਵੇਗਾ।
ਚੰਡੀਗੜ੍ਹ ਵਿੱਚ ਅੱਜ ਪੈਟਰੋਲ ਦਾ ਲੰਗਰ ਲਗਾਇਆ ਜਾ ਰਿਹਾ ਹੈ। ਅੰਮ੍ਰਿਤਸਰ ਵਾਸੀ ਰਾਕੇਸ਼ ਤ੍ਰੇਹਨ ਉਰਫ਼ ਰਾਜਾ ਦੀ ਕਿੰਗ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ। ਇਸ ਤਹਿਤ ਲੋਕ ਪੈਟਰੋਲ ਪੰਪ ‘ਤੇ ਜਾ ਕੇ ਮੁਫ਼ਤ ਪੈਟਰੋਲ ਲੈ ਸਕਣਗੇ। ਪੈਟਰੋਲ ਦਾ ਇਹ ਲੰਗਰ ਚੰਡੀਗੜ੍ਹ ਦੇ ਸੈਕਟਰ-10 ਅਤੇ ਸੈਕਟਰ-7 ਸਥਿਤ ਪੈਟਰੋਲ ਪੰਪਾਂ ‘ਤੇ ਲਗਾਇਆ ਜਾਵੇਗਾ। ਇੱਥੇ ਲੋਕਾਂ ਨੂੰ 500 ਅਤੇ 1000 ਰੁਪਏ ਦੇ ਕੂਪਨ ਦਿੱਤੇ ਜਾਣਗੇ। ਇਨ੍ਹਾਂ ਕੂਪਨਾਂ ਦੇ ਆਧਾਰ ‘ਤੇ ਲੋਕ ਆਪਣੀ ਗੱਡੀ ਵਿੱਚ ਪੈਟਰੋਲ ਭਰਵਾ ਸਕਣਗੇ। ਇਸ ਸਮਾਗਮ ਲਈ ਪੈਟਰੋਲ ਪੰਪਾਂ ‘ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਬਿਟਕੋਇਨ ਦੇ ਮੁਨਾਫ਼ੇ ਨਾਲ ਲੋਕਾਂ ਦੀ ਸੇਵਾ
ਰਾਕੇਸ਼ ਤ੍ਰੇਹਨ ਨੂੰ ਰਾਜਾ ਦੀ ਕਿੰਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਹ ਬਿਟਕੋਇਨ ਦਾ ਕਾਰੋਬਾਰ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਿਟਕੋਇਨ ਤੋਂ ਹੋਣ ਵਾਲੇ ਮੁਨਾਫ਼ੇ ਦਾ ਇੱਕ ਹਿੱਸਾ ਉਹ ਲੋਕਾਂ ਦੀ ਸੇਵਾ ਵਿੱਚ ਖਰਚ ਕਰਦੇ ਹਨ। ਇਸੇ ਤਹਿਤ ਪੈਟਰੋਲ ਦਾ ਲੰਗਰ ਲਗਾਇਆ ਜਾ ਰਿਹਾ ਹੈ। ਪੈਟਰੋਲ ਤੋਂ ਬਾਅਦ ਉਨ੍ਹਾਂ ਦਾ ਅਗਲਾ ਟੀਚਾ ਆਈਫੋਨ ਦਾ ਲੰਗਰ ਲਗਾਉਣ ਦਾ ਹੈ।
ਖੁਦ ਨੂੰ ਦੱਸਦੇ ਹਨ ਮਹਾਮਾਈ ਦਾ ਭਗਤ
ਰਾਕੇਸ਼ ਤ੍ਰੇਹਨ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਕੱਪੜਿਆਂ ਦਾ ਕਾਰੋਬਾਰ ਕਰਦੇ ਸਨ। ਰਾਕੇਸ਼ ਦਾ ਕਹਿਣਾ ਹੈ ਕਿ ਉਹ ਮਹਾਮਾਈ ਦੇ ਭਗਤ ਹਨ ਅਤੇ ਉਨ੍ਹਾਂ ‘ਤੇ ਮਾਤਾ ਦੀ ਕਿਰਪਾ ਹੈ। ਇਸੇ ਕਿਰਪਾ ਨਾਲ ਉਹ ਸਮੇਂ-ਸਮੇਂ ‘ਤੇ ਲੋਕਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਉਂਦੇ ਹਨ।
ਰਾਕੇਸ਼ ਤ੍ਰੇਹਨ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਵਿੱਚ ਕਈ ਤਰ੍ਹਾਂ ਦੇ ਲੰਗਰ ਲਗਾ ਚੁੱਕੇ ਹਨ। ਹਾਲ ਹੀ ਵਿੱਚ ਸੈਕਟਰ-8 ਵਿੱਚ ਲਗਾਏ ਗਏ ਲੰਗਰ ਦੌਰਾਨ ਲੋਕਾਂ ਨੂੰ 500-500 ਰੁਪਏ ਦੇ ਨੋਟ ਦੇਣ ਦੇ ਨਾਲ ਫਾਸਟ ਫੂਡ, ਮੈਕਡੋਨਲਡਜ਼ ਦੇ ਬਰਗਰ ਅਤੇ ਕੋਲਡ ਡ੍ਰਿੰਕ ਵੀ ਉਪਲਬਧ ਕਰਵਾਈ ਗਈ ਸੀ।