Home latest News Punjab Congress ‘ਚ ਆਰ-ਪਾਰ ਦੀ ਲੜਾਈ! ਸਾਬਕਾ CM ਚੰਨੀ ਨੇ ਹਾਈਕਮਾਨ ਖਿਲਾਫ...

Punjab Congress ‘ਚ ਆਰ-ਪਾਰ ਦੀ ਲੜਾਈ! ਸਾਬਕਾ CM ਚੰਨੀ ਨੇ ਹਾਈਕਮਾਨ ਖਿਲਾਫ ਖੋਲ੍ਹਿਆ ਮੋਰਚਾ, ਦਿੱਗਜ ਆਗੂ ਪਹੁੰਚੇ ਘਰ

1
0

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਅੰਦਰੂਨੀ ਹਾਲਾਤ ਇੱਕ ਵਾਰ ਫਿਰ ਗੰਭੀਰ ਹੁੰਦੇ ਦਿਖਾਈ ਦੇ ਰਹੇ ਹਨ।

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਅੰਦਰੂਨੀ ਹਾਲਾਤ ਇੱਕ ਵਾਰ ਫਿਰ ਗੰਭੀਰ ਹੁੰਦੇ ਦਿਖਾਈ ਦੇ ਰਹੇ ਹਨ। ਸੂਬਾ ਪ੍ਰਧਾਨ ਦੀ ਕੁਰਸੀ ਨਾ ਮਿਲਣ ਕਾਰਨ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਹਾਈਕਮਾਨ ਦੇ ਫੈਸਲੇ ਤੋਂ ਬੇਹੱਦ ਨਾਰਾਜ਼ ਦੱਸੇ ਜਾ ਰਹੇ ਹਨ। ਇਹੀ ਕਾਰਨ ਹੈ ਕਿ ਹਾਈਕਮਾਨ ਵੱਲੋਂ ਉਨ੍ਹਾਂ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ਦੇ ਬਾਵਜੂਦ ਚੰਨੀ ਨੇ ਹਾਲੇ ਤੱਕ ਪਾਰਟੀ ਲੀਡਰਸ਼ਿਪ ਦਾ ਰਸਮੀ ਤੌਰ ‘ਤੇ ਧੰਨਵਾਦ ਵੀ ਨਹੀਂ ਕੀਤਾ ਹੈ।
ਆਪਣੀ ਨਾਰਾਜ਼ਗੀ ਦੇ ਵਿਚਕਾਰ ਚਰਨਜੀਤ ਸਿੰਘ ਚੰਨੀ ਨੇ ਅੱਜ ਸ਼ੁੱਕਰਵਾਰ ਨੂੰ ਮੋਰਿੰਡਾ ਸਥਿਤ ਆਪਣੇ ਗ੍ਰਹਿ ਵਿਖੇ ਇੱਕ ਅਹਿਮ ਮੀਟਿੰਗ ਸੱਦ ਲਈ ਹੈ। ਇਸ ਬੈਠਕ ਵਿੱਚ ਕਾਂਗਰਸ ਦੇ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੂੰ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ ਹੈ। ਚੰਨੀ ਦੇ ਇਸ ਸੱਦੇ ‘ਤੇ ਲੁਧਿਆਣਾ ਤੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਬਾਘਾਪੁਰਾਣਾ ਤੋਂ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਮੋਰਿੰਡਾ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਪਹੁੰਚ ਚੁੱਕੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਜੇਕਰ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਾ ਬਣਾਇਆ ਗਿਆ, ਤਾਂ ਸੂਬੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨਾ ਮੁਸ਼ਕਿਲ ਹੋ ਜਾਵੇਗਾ।
ਚੰਨੀ ਦੇ ਇਸ ਸਖ਼ਤ ਰੁਖ਼ ਅਤੇ ਸਮਰਥਕਾਂ ਦੀ ਜੁੱਟਬੰਦੀ ਕਾਰਨ ਪੰਜਾਬ ਦੀ ਸਿਆਸਤ ਵਿੱਚ ਅੱਜ ਕੋਈ ਵੱਡੇ ਹਲਚਲ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਚੰਨੀ ਦੇ ਇੱਕ ਨਜ਼ਦੀਕੀ ਆਗੂ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਪ੍ਰਧਾਨਗੀ ਦਾ ਅਹੁਦਾ ਨਾ ਮਿਲਣ ਕਾਰਨ ਚੰਨੀ ਬਹੁਤ ਖਫ਼ਾ ਹਨ ਅਤੇ ਹੁਣ ਉਹ ਆਰ-ਪਾਰ ਦੀ ਲੜਾਈ ਲੜਨ ਦਾ ਮਨ ਬਣਾ ਚੁੱਕੇ ਹਨ। ਉਹ ਇਸ ਸ਼ਕਤੀ ਪ੍ਰਦਰਸ਼ਨ ਰਾਹੀਂ ਕਾਂਗਰਸ ਹਾਈਕਮਾਨ ਨੂੰ ਆਪਣੀ ਸਿਆਸੀ ਤਾਕਤ ਦਾ ਅਹਿਸਾਸ ਕਰਵਾਉਣਾ ਚਾਹੁੰਦੇ ਹਨ।

ਸਿਆਸੀ ਮਾਹਿਰਾਂ ਅਨੁਸਾਰ ਚੰਨੀ ਦੇ ਇਸ ਸ਼ਕਤੀ ਪ੍ਰਦਰਸ਼ਨ ਦੇ 2 ਮੁੱਖ ਮਕਸਦ ਹਨ।

1. ਕੈਪਟਨ ਦੀ ਤਰਜ਼ ‘ਤੇ ਬਣਾਓ ਪ੍ਰਧਾਨ

ਸਿਆਸੀ ਮਾਹਿਰ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਦੇ ਅੰਦਰ ਸ਼ੁਰੂ ਤੋਂ ਹੀ ਇੱਕ ਰਵਾਇਤ ਰਹੀ ਹੈ ਕਿ ਚੋਣਾਂ ਸਮੇਂ ਜੋ ਆਗੂ ਪਾਰਟੀ ਦਾ ਸੂਬਾ ਪ੍ਰਧਾਨ ਹੁੰਦਾ ਹੈ, ਮੁੱਖ ਮੰਤਰੀ ਦੀ ਕੁਰਸੀ ਵੀ ਉਸੇ ਨੂੰ ਮਿਲਦੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਦੋਵੇਂ ਵਾਰ ਚੋਣਾਂ ਤੋਂ ਠੀਕ ਪਹਿਲਾਂ ਉਨ੍ਹਾਂ ਨੂੰ ਪ੍ਰਧਾਨ ਬਣਾਇਆ ਗਿਆ ਸੀ ਅਤੇ ਜਦੋਂ ਪਾਰਟੀ ਜਿੱਤੀ ਤਾਂ ਉਹ ਮੁੱਖ ਮੰਤਰੀ ਬਣੇ।
ਇਸੇ ਸਮੀਕਰਨ ਨੂੰ ਧਿਆਨ ਵਿੱਚ ਰੱਖਦਿਆਂ ਚੰਨੀ ਗੁੱਟ ਲੰਬੇ ਸਮੇਂ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵਿਰੋਧ ਕਰਦਾ ਆ ਰਿਹਾ ਹੈ। ਇਹ ਗੱਲ ਕਿਸੇ ਤੋਂ ਛੁਪੀ ਨਹੀਂ ਹੈ ਕਿ ਚੰਨੀ ਨੇ ਪਾਰਟੀ ਦੀਆਂ ਅੰਦਰੂਨੀ ਮੀਟਿੰਗਾਂ ਤੋਂ ਲੈ ਕੇ ਹਾਈਕਮਾਨ ਦੇ ਸਾਹਮਣੇ ਵੀ ਰਾਜਾ ਵੜਿੰਗ ਦੀ ਲੀਡਰਸ਼ਿਪ ‘ਤੇ ਸਵਾਲ ਚੁੱਕੇ ਹਨ ਅਤੇ ਉਨ੍ਹਾਂ ਨੂੰ ਅਸਫਲ ਆਗੂ ਦੱਸਦਿਆਂ ਪ੍ਰਧਾਨਗੀ ਤੋਂ ਹਟਾਉਣ ਦੀ ਵਕਾਲਤ ਕੀਤੀ ਹੈ।
ਸਾਲ 2017 ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਹਾਈਕਮਾਨ ‘ਤੇ ਇਸੇ ਤਰ੍ਹਾਂ ਦਾ ਦਬਾਅ ਬਣਾਇਆ ਸੀ, ਜਿਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੂੰ ਹਟਾ ਕੇ ਉਨ੍ਹਾਂ ਨੂੰ ਪ੍ਰਧਾਨਗੀ ਸੌਂਪੀ ਗਈ ਸੀ। ਪ੍ਰਧਾਨ ਬਣਨ ਦਾ ਮੁੱਖ ਮਕਸਦ ਇਹ ਹੁੰਦਾ ਹੈ ਕਿ ਟਿਕਟਾਂ ਦੀ ਵੰਡ ਵਿੱਚ ਉਸ ਨੇਤਾ ਦੀ ਮਰਜ਼ੀ ਚੱਲੇ, ਤਾਂ ਜੋ ਜਿੱਤ ਕੇ ਆਉਣ ਵਾਲੇ ਜ਼ਿਆਦਾਤਰ ਵਿਧਾਇਕ ਉਨ੍ਹਾਂ ਦੇ ਵਫ਼ਾਦਾਰ ਹੋਣ ਅਤੇ ਮੁੱਖ ਮੰਤਰੀ ਬਣਨ ਦਾ ਰਸਤਾ ਸਾਫ਼ ਹੋ ਸਕੇ।
ਕੈਪਟਨ ਨੇ ਉਸ ਸਮੇਂ ਇਸ ਮਕਸਦ ਲਈ ਜਾਟ ਮਹਾਸਭਾ ਨੂੰ ਵੀ ਸਰਗਰਮ ਕਰ ਦਿੱਤਾ ਸੀ। ਹੁਣ ਚਰਨਜੀਤ ਚੰਨੀ ਵੀ ਉਸੇ ਰਾਹ ‘ਤੇ ਚੱਲ ਰਹੇ ਹਨ। ਉਹ ਚਾਹੁੰਦੇ ਹਨ ਕਿ ਹਾਈਕਮਾਨ ਉਨ੍ਹਾਂ ਨੂੰ ਕਮਾਂਡ ਸੌਂਪੇ, ਤਾਂ ਜੋ ਜੇਕਰ 2027 ਵਿੱਚ ਕਾਂਗਰਸ ਸੱਤਾ ਵਿੱਚ ਆਉਂਦੀ ਹੈ, ਤਾਂ ਰਾਜਾ ਵੜਿੰਗ ਇਸ ਜਿੱਤ ਦਾ ਸਿਹਰਾ ਆਪਣੇ ਸਿਰ ਨਾ ਸਜਾ ਸਕਣ ਅਤੇ ਚੰਨੀ ਖੁਦ ਮੁੱਖ ਮੰਤਰੀ ਦੇ ਅਹੁਦੇ ‘ਤੇ ਦਾਅਵਾ ਪੇਸ਼ ਕਰ ਸਕਣ।

2. ਜੇ ਪ੍ਰਧਾਨਗੀ ਨਹੀਂ, ਤਾਂ ‘CM ਚਿਹਰਾ’ ਐਲਾਨੋ

ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਦੋਂ ਨਵਜੋਤ ਸਿੰਘ ਸਿੱਧੂ ਸੂਬਾ ਪ੍ਰਧਾਨ ਸਨ ਅਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਨ, ਉਦੋਂ ਵੀ ਹਾਈਕਮਾਨ ‘ਤੇ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਲਈ ਭਾਰੀ ਦਬਾਅ ਪਾਇਆ ਗਿਆ ਸੀ। ਚੰਨੀ ਭਲੀ-ਭਾਂਤ ਜਾਣਦੇ ਸਨ ਕਿ ਜੇਕਰ ਚੋਣਾਂ ਸਿੱਧੂ ਦੀ ਪ੍ਰਧਾਨਗੀ ਹੇਠ ਜਿੱਤੀਆਂ ਗਈਆਂ, ਤਾਂ ਉਨ੍ਹਾਂ ਲਈ ਦੁਬਾਰਾ ਮੁੱਖ ਮੰਤਰੀ ਬਣਨਾ ਅਸੰਭਵ ਹੋਵੇਗਾ। ਇਸ ਲਈ ਅੰਦਰੂਨੀ ਸਿਆਸਤ ਤਹਿਤ ਸਿੱਧੂ ਨੂੰ ਉਕਸਾਇਆ ਗਿਆ ਅਤੇ ਚੰਨੀ ਗੁੱਟ ਵੱਲੋਂ ਲਗਾਤਾਰ ਲਾਬਿੰਗ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਕਾਂਗਰਸ ਨੂੰ ਰਸਮੀ ਤੌਰ ‘ਤੇ ਚੰਨੀ ਨੂੰ ਸੀਐਮ ਚਿਹਰਾ ਐਲਾਨਣਾ ਪਿਆ ਸੀ।
ਮੌਜੂਦਾ ਹਾਲਾਤ ਵਿੱਚ ਵੀ ਚੰਨੀ ਉਸੇ ਪੁਰਾਣੇ ਫਾਰਮੂਲੇ ‘ਤੇ ਚੱਲ ਰਹੇ ਹਨ। ਉਹ ਚਾਹੁੰਦੇ ਹਨ ਕਿ ਜਾਂ ਤਾਂ ਉਨ੍ਹਾਂ ਨੂੰ ਪ੍ਰਧਾਨਗੀ ਦਿੱਤੀ ਜਾਵੇ, ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਰਾਜਾ ਵੜਿੰਗ ਦੇ ਪ੍ਰਧਾਨ ਰਹਿੰਦਿਆਂ ਵੀ ਹਾਈਕਮਾਨ ਪਿਛਲੀ ਵਾਰ ਵਾਂਗ ਚੰਨੀ ਨੂੰ ਹੀ ਅਧਿਕਾਰਤ ਤੌਰ ‘ਤੇ ਮੁੱਖ ਮੰਤਰੀ ਦਾ ਚਿਹਰਾ ਐਲਾਨੇ। ਰਾਜਨੀਤਿਕ ਮਾਹਿਰ ਮੁਤਾਬਕ ਕਾਂਗਰਸ ਹਾਈਕਮਾਨ ਜੱਟ-ਸਿੱਖ ਵੋਟ ਬੈਂਕ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ ਸੀ, ਇਸ ਲਈ ਰਾਜਾ ਵੜਿੰਗ ਨੂੰ ਅਹੁਦੇ ਤੋਂ ਨਹੀਂ ਹਟਾਇਆ ਗਿਆ। ਇਹੀ ਕਾਰਨ ਹੈ ਕਿ ਹੁਣ ਚੰਨੀ ਆਪਣੇ ਸਮਰਥਕ ਆਗੂਆਂ ਅਤੇ ਪੰਜਾਬ ਦੇ ਕਰੀਬ 31 ਫੀਸਦੀ ਦਲਿਤ ਵੋਟ ਬੈਂਕ ਦੇ ਦਮ ‘ਤੇ ਹਾਈਕਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਲਈ ਮਜਬੂਰ ਕਰ ਰਹੇ ਹਨ।

ਜੇਕਰ ਦੋਵੇਂ ਮੰਗਾਂ ਰੱਦ ਹੋਈਆਂ, ਤਾਂ ਚੰਨੀ ਕੋਲ ਕੀ ਰਸਤਾ ਹੈ?

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਚਰਨਜੀਤ ਸਿੰਘ ਚੰਨੀ ਪਹਿਲਾਂ ਤਾਂ ਪਾਰਟੀ ਲੀਡਰਸ਼ਿਪ ‘ਤੇ ਆਪਣੀਆਂ ਮੰਗਾਂ ਮਨਵਾਉਣ ਲਈ ਪੂਰਾ ਸਿਆਸੀ ਦਬਾਅ ਬਣਾਉਣਗੇ। ਪਰ ਜੇਕਰ ਹਾਈਕਮਾਨ ਨੇ ਪ੍ਰਧਾਨਗੀ ਜਾਂ ਸੀਐਮ ਫੇਸ ਵਿੱਚੋਂ ਕੋਈ ਵੀ ਮੰਗ ਨਾ ਮੰਨੀ, ਤਾਂ ਚੰਨੀ ਆਪਣੇ ‘ਪਲਾਨ ਬੀ’ ‘ਤੇ ਕੰਮ ਕਰ ਸਕਦੇ ਹਨ। ਇਸ ਰਣਨੀਤੀ ਤਹਿਤ ਉਹ ਆਪਣੇ ਸਾਥੀ ਆਗੂਆਂ ਨੂੰ ਨਾਲ ਲੈ ਕੇ ਇੱਕ ਨਵੇਂ ਸਿਆਸੀ ਦਲ ਜਾਂ ਪਾਰਟੀ ਦਾ ਗਠਨ ਵੀ ਕਰ ਸਕਦੇ ਹਨ।
ਜੇਕਰ ਅਜਿਹਾ ਹੋਦਾ ਹੈ, ਤਾਂ ਇਹ ਕਾਂਗਰਸ ਪਾਰਟੀ ਲਈ ਇੱਕ ਬਹੁਤ ਵੱਡਾ ਸਿਆਸੀ ਝਟਕਾ ਹੋਵੇਗਾ। ਚਰਨਜੀਤ ਸਿੰਘ ਚੰਨੀ ਪੰਜਾਬ ਦੇ ਇੱਕ ਵੱਦੇ ਦਲਿਤ ਵਰਗ ਵਿੱਚ ਖ਼ਾਸ ਪ੍ਰਭਾਵ ਰੱਖਦੇ ਹਨ ਅਤੇ ਸਾਲ 2021 ਵਿੱਚ ਉਨ੍ਹਾਂ ਦੇ 111 ਦਿਨਾਂ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਬਣੀ ਲੋਕ-ਪੱਖੀ ਤਸਵੀਰ ਦਾ ਅਸਰ ਅਜੇ ਵੀ ਮੌਜੂਦ ਹੈ। ਜੇਕਰ ਉਹ ਬਗਾਵਤ ਕਰਦੇ ਹਨ ਜਾਂ ਵੱਖਰੀ ਪਾਰਟੀ ਬਣਾਉਂਦੇ ਹਨ, ਤਾਂ ਕਾਂਗਰਸ ਦੇ ਰਵਾਇਤੀ ਦਲਿਤ ਅਤੇ ਗਰੀਬ ਤਬਕੇ ਵਿੱਚ ਇਹ ਸੁਨੇਹਾ ਜਾਵੇਗਾ ਕਿ ਪਾਰਟੀ ਵਿੱਚ ਉਨ੍ਹਾਂ ਦੇ ਆਗੂ ਦੀ ਸੁਣਵਾਈ ਨਹੀਂ ਹੋਈ। ਇਸ ਕਾਰਨ ਇਹ ਵੱਡਾ ਵੋਟ ਬੈਂਕ ਕਾਂਗਰਸ ਹੱਥੋਂ ਖਿਸਕ ਸਕਦਾ ਹੈ, ਜਿਸ ਦਾ ਸਿੱਧਾ ਸਿਆਸੀ ਫਾਇਦਾ ਵਿਰੋਧੀ ਪਾਰਟੀਆਂ ਨੂੰ ਮਿਲੇਗਾ।

ਚੰਨੀ ਗੁੱਟ ਦੇ ਦਿੱਗਜ ਆਗੂਆਂ ਦਾ ਰੁਖ਼

ਹਾਈਕਮਾਨ ਦੇ ਤਾਜ਼ਾ ਫੈਸਲੇ ਤੋਂ ਬਾਅਦ ਚੰਨੀ ਗੁੱਟ ਦੇ ਕਿਸੇ ਵੀ ਪ੍ਰਮੁੱਖ ਆਗੂ ਨੇ ਨਿਯੁਕਤੀਆਂ ਲਈ ਲੀਡਰਸ਼ਿਪ ਦਾ ਧੰਨਵਾਦ ਨਹੀਂ ਕੀਤਾ ਹੈ। ਇਸ ਧੜੇ ਵਿੱਚ ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਪਰਗਟ ਸਿੰਘ, ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵਰਗੇ ਦਿੱਗਜ ਆਗੂ ਸ਼ਾਮਲ ਹਨ।
ਇਸੇ ਦੌਰਾਨ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਇੱਕ ਸੋਸ਼ਲ ਮੀਡੀਆ ਰੀਲ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਵਿੱਚ ਉਨ੍ਹਾਂ ਨੇ ਪਿਛੋਕੜ ਵਿੱਚ ਪਾਤਸ਼ਾਹੀ ਦਾ ਚਾਅ ਰੱਖਦੇ ਹਾਂ, ਖੰਡਿਆਂ ਦੀ ਧਾਰ ਤੇ ਨੱਚਦੇ ਹਾਂ, ਸਾਨੂੰ ਆਉਂਦਾ ਹੈ ਬਦਲਾ ਲੈਣਾ ਗੀਤ ਲਗਾਇਆ ਹੋਇਆ ਹੈ।
ਸਿਆਸੀ ਹਲਕਿਆਂ ਵਿੱਚ ਇਸ ਰੀਲ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ ਅਤੇ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਵੀ ਇਸ ਲੜਾਈ ਵਿੱਚ ਚੰਨੀ ਦੇ ਨਾਲ ਖੜ੍ਹੇ ਹਨ। ਜ਼ਿਕਰਯੋਗ ਹੈ ਕਿ ਰਾਣਾ ਗੁਰਜੀਤ ਸਿੰਘ ਨੇ ਸਾਲ 2022 ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਲਹਿਰ ਦੇ ਬਾਵਜੂਦ ਨਾ ਸਿਰਫ਼ ਆਪਣੀ ਸੀਟ ਜਿੱਤੀ ਸੀ, ਬਲਕਿ ਸੁਲਤਾਨਪੁਰ ਲੋਧੀ ਤੋਂ ਆਪਣੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਜਿਤਾ ਕੇ ਆਪਣੀ ਸਿਆਸੀ ਤਾਕਤ ਦਾ ਲੋਹਾ ਮਨਵਾਇਆ ਸੀ।

LEAVE A REPLY

Please enter your comment!
Please enter your name here