ਚੰਡੀਗੜ੍ਹ ਦੇ ਸੈਕਟਰ-11 ‘ਚ ਮੈਡੀਕਲ ਸਟੋਰ ਅੰਦਰ ਕੈਸ਼ੀਅਰ ਦੇ ਕਤਲ ਤੋਂ ਬਾਅਦ, ਦੁਕਾਨਦਾਰਾਂ ‘ਚ ਡਰ ਦਾ ਮਾਹੌਲ ਹੈ।
ਘਟਨਾ ਤੋਂ ਬਾਅਦ ਸੈਕਟਰ- 11 ਦੀਆਂ ਕੈਮਿਸ਼ਟ ਦੁਕਾਨਾਂ ਬਾਹਰ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। ਇਸ ਵਿਚਕਾਰ ਮੈਡੀਕਲ ਸੋਟਰ ਮਾਲਿਕ ਵੀ ਆਪਣੀ ਸੁਰੱਖਿਆ ਲਈ ਕੁੱਝ ਕਦਮ ਚੁੱਕ ਰਹੇ ਹਨ। ਸੈਕਟਰ-11 ਦੇ ਕੁੱਝ ਮੈਡੀਕਲ ਦੁਕਾਨਦਾਰਾਂ ਨੇ ਆਪਣੀ ਸੁਰੱਖਿਆ ਲਈ ਤੇ ਗ੍ਰਾਹਕਾਂ ਲਈ ਨੋਟਿਸ ਲਗਾਏ ਹਨ।
ਇਸ ਨੋਟਿਸ ‘ਚ ਅਪੀਲ ਕੀਤੀ ਗਈ ਹੈ ਕਿ ਕੋਈ ਵੀ ਦੁਕਾਨ ਅੰਦਰ ਆਉਂਦਾ ਹੈ ਤਾਂ ਉਹ ਆਪਣੀ ਕੈਪ (ਟੋਪੀ), ਹੁੱਡੀ (ਜੈਕਟ ਦੀ ਟੋਪੀ), ਐਨਕਾਂ, ਮਾਸਕ ਤੇ ਹੈੱਲਮੈਟ ਉਤਾਰ ਕੇ ਆਉਣ। ਦੱਸ ਦੇਈਏ ਕਿ 13 ਜੂਨ ਨੂੰ ਕੁਮਾਰ ਮੈਡੀਕਲ ਕਤਲ ਮਾਮਲੇ ‘ਚ ਦੋ ਹਮਲਾਵਰ ਟੋਪੀ ਤੇ ਮਾਸਕ ਪਹਿਨ ਕੇ ਮੈਡੀਕਲ ਸਟੋਰ ਅੰਦਰ ਆਏ ਸਨ। ਉਨ੍ਹਾਂ ਦਾ ਤੀਜ਼ਾ ਸਾਥੀ ਦੋ ਪਹੀਆ ਵਾਹਨ ‘ਤੇ ਬਾਹਰ ਖੜ੍ਹਾ ਸੀ। ਇਸ ਘਟਨਾ ਤੋਂ ਬਾਅਦ ਮੈਡੀਕਲ ਸਟੋਰ ਮਾਲਕਾਂ ਨੇ ਹੁਣ ਚਿਹਰੇ ਨੂੰ ਕਿਸੇ ਵੀ ਚੀਜ਼ ਨਾਲ ਨਾ ਢੱਕਣ ਦੀ ਅਪੀਲ ਕੀਤੀ ਹੈ।
ਦੱਸ ਦੇਈਏ ਕਿ ਮੈਡੀਕਲ ਸਟੋਰ ਤੇ ਦੇ ਕਤਲ ਦੇ ਸੰਬੰਧ ‘ਚ ਹਮਲਾਵਰਾਂ ਦੀਆਂ ਫੋਟੋਆਂ ਸਾਹਮਣੇ ਆ ਚੁੱਕੀਆਂ ਹਨ, ਪੁਲਿਸ ਕਾਤਲਾਂ ਦੇ ਭਾਲ ਕਰ ਰਹੀ ਹੈ। ਇਸ ਮਾਮਲੇ ‘ਚ ਇੱਕ ਆਡੀਓ ਰਿਕਾਰਡਿੰਗ ਵੀ ਸਾਹਮਣੇ ਆਈ ਸੀ। ਆਡੀਓ ‘ਚ ਬੋਲ ਰਿਹਾ ਵਿਅਕਤੀ ਕਤਲ ਦੀ ਜ਼ਿੰਮੇਵਾਰੀ ਲੈਂਦਾ ਹੈ ਤੇ ਆਪਣੀ ਪਛਾਣ ਗੈਂਗਸਟਰ ਗੋਲਡੀ ਢਿੱਲੋਂ ਵਜੋਂ ਕਰਦਾ ਹੈ। ਵੀਡੀਓ ‘ਚ ਵਿਅਕਤੀ ਕਹਿ ਰਿਹਾ ਹੈ ਕਿ, ਮੈਂ ਗੈਂਗਸਟਰ ਗੋਲਡੀ ਢਿੱਲੋਂ ਹਾਂ। ਮੈਂ, ਮੇਰਾ ਭਰਾ ਰਾਣਾ ਢਿੱਲੋਂ, ਬ੍ਰਦਰਜ਼ ਮੈਡੀਕਲ ਸਟੋਰ ਤੇ ਹੋਏ ਕਤਲ ਦੀ ਜ਼ਿੰਮੇਵਾਰੀ ਲੈਂਦਾ ਹਾਂ।
ਆਡੀਓ ‘ਚ ਵਿਅਕਤੀ ਚੇਤਾਵਨੀ ਵੀ ਦਿੰਦਾ ਹੈ ਕਿ ਜਿਹੜੇ ਸਾਡੇ ਫੋਨ ਨਹੀਂ ਸੁਣ ਸਕਦੇ, ਉਹ ਗੋਲੀਆਂ ਨਾਲ ਜਗਾ ਦਿੱਤੇ ਜਾਣਗੇ। ਜੋ ਕੋਈ ਵੀ ਲਾਰੈਂਸ ਤੇ ਉਸ ਦੇ ਗਿਰੋਹ ਨੂੰ ਮੈਨੂੰ ਤੇ ਮੇਰੇ ਭਰਾਵਾਂ ਨੂੰ ਨੁਕਸਾਨ ਪਹੁੰਚਾਉਣ ਲਈ ਬੁਲਾਉਂਦਾ ਹੈ। ਉਸ ਨੂੰ ਤਿਆਰ ਰਹਿਣਾ ਚਾਹੀਦਾ ਹੈ। ਉਹ ਸਾਰੇ ਲੋਕ ਜੋ ਲਾਰੈਂਸ ਨੂੰ ਪੈਸੇ ਦਿੰਦੇ ਹਨ ਤੇ ਉਸ ਦਾ ਸਮਰਥਨ ਕਰਦੇ ਹਨ, ਉਹ ਆਪਣੀ ਤਿਆਰੀ ‘ਚ ਰਹਿਣ।