Home Crime Amritsar ਪਹੁੰਚੀ ਜੰਮੂ-ਕਸ਼ਮੀਰ ਪੁਲਿਸ, AK47-ਡਰੱਗਸ ਸਮੇਤ 2 ਨੌਜਵਾਨ ਕਾਬੂ

Amritsar ਪਹੁੰਚੀ ਜੰਮੂ-ਕਸ਼ਮੀਰ ਪੁਲਿਸ, AK47-ਡਰੱਗਸ ਸਮੇਤ 2 ਨੌਜਵਾਨ ਕਾਬੂ

2
0

ਸੂਤਰਾਂ ਦੀ ਜਾਣਕਾਰੀ ਮੁਤਾਬਕ, ਤਲਾਸ਼ੀ ਦੌਰਾਨ ਏਕੇ-47 ਹਥਿਆਰ ਤੇ ਡਰੱਗ ਬਰਾਮਦ ਹੋਇਆ ਹੈ।

ਅੰਮ੍ਰਿਤਸਰ ਦੀ ਡਰੀਮ ਸਿਟੀ ਕਲੋਨੀ ‘ਚ ਅੱਜ ਸਵੇਰੇ ਜੰਮੂ-ਕਸ਼ਮੀਰ ਪੁਲਿਸ ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸਾਂਝਾ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਇੱਕ ਫਲੈਟ ‘ਚ ਛਾਪੇਮਾਰੀ ਕਰਕੇ ਪੁਲਿਸ ਨੇ ਦੋ ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਹੈ। ਛਾਪੇਮਾਰੀ ਦੌਰਾਨ ਇੱਕ ਏਕੇ-47 ਰਾਈਫਲ, ਇੱਕ ਪਿਸਤੌਲ ਤੇ ਕਰੀਬ 500 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਸੂਤਰਾਂ ਮੁਤਾਬਕ, ਜੰਮੂ ਪੁਲਿਸ ਨੂੰ ਇੱਕ ਵਾਰੰਟਸ਼ੁਦਾ ਵਿਅਕਤੀ ਸਬੰਧੀ ਖੁਫੀਆ ਜਾਣਕਾਰੀ ਮਿਲੀ ਸੀ, ਜਿਸ ਦੇ ਆਧਾਰ ‘ਤੇ ਉਸ ਨੂੰ ਟਰੇਸ ਕਰਦਿਆਂ ਪੁਲਿਸ ਟੀਮ ਅੰਮ੍ਰਿਤਸਰ ਦੀ ਡਰੀਮ ਸਿਟੀ ਕਲੋਨੀ ‘ਚ ਪਹੁੰਚੀ। ਇਸ ਤੋਂ ਬਾਅਦ ਜੰਮੂ ਪੁਲਿਸ ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਾਂਝੇ ਤੌਰ ‘ਤੇ ਫਲੈਟ ‘ਚ ਰੇਡ ਕੀਤੀ।
ਮੌਕੇ ‘ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਕਈ ਉੱਚ ਅਧਿਕਾਰੀ ਵੀ ਪਹੁੰਚੇ ਤੇ ਪੂਰੇ ਇਲਾਕੇ ਨੂੰ ਘੇਰ ਕੇ ਸਰਚ ਆਪਰੇਸ਼ਨ ਚਲਾਇਆ ਗਿਆ। ਘਟਨਾ ਤੋਂ ਬਾਅਦ ਡਰੀਮ ਸਿਟੀ ਕਲੋਨੀ ‘ਚ ਦਹਿਸ਼ਤ ਤੇ ਸਹਿਮ ਦਾ ਮਾਹੌਲ ਬਣ ਗਿਆ ਹੈ। ਸਥਾਨਕ ਲੋਕਾਂ ‘ਚ ਚਰਚਾ ਹੈ ਕਿ ਕਿਰਾਏ ਦੇ ਫਲੈਟ ‘ਚ ਹਥਿਆਰ ਤੇ ਨਸ਼ਾ ਮਿਲਣਾ ਸੁਰੱਖਿਆ ਪੱਖੋਂ ਵੱਡੀ ਚਿੰਤਾ ਦਾ ਵਿਸ਼ਾ ਹੈ।
ਜਾਣਕਾਰੀ ਅਨੁਸਾਰ ਇਹ ਪਰਿਵਾਰ ਡਰੀਮ ਸਿਟੀ ਕਲੋਨੀ ‘ਚ ਕਿਰਾਏ ‘ਤੇ ਰਹਿ ਰਿਹਾ ਸੀ। ਪੁਲਿਸ ਵੱਲੋਂ ਫਲੈਟ ਦੇ ਮਾਲਕ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਰਾਏਦਾਰਾਂ ਦੀ ਪੁਸ਼ਟੀ ਤੇ ਪੁਲਿਸ ਵੈਰੀਫਿਕੇਸ਼ਨ ਕਰਵਾਈ ਗਈ ਸੀ ਜਾਂ ਨਹੀਂ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਡੀਐੱਸਪੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਜੰਮੂ-ਕਸ਼ਮੀਰ ਤੇ ਪੰਜਾਬ ਪੁਲਿਸ ਦਾ ਇਹ ਇੱਕ ਸਾਂਝਾ ਆਪਰੇਸ਼ਨ ਸੀ। ਉਨ੍ਹਾਂ ਕਿਹਾ ਕਿ ਜੰਮੂ ਪੁਲਿਸ ਦੀ ਇਨਪੁੱਟ ਦੇ ਆਧਾਰ ‘ਤੇ ਡਰੀਮ ਸਿਟੀ ਦੇ ਇੱਕ ਘਰ ‘ਚ ਰੇਡ ਕੀਤੀ ਗਈ, ਜਿੱਥੋਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਸੂਰਜਦੀਪ ਸਿੰਘ ਵਾਸੀ ਸ਼ੇਖਪੁਰਾ ਤੇ ਹਰਪ੍ਰੀਤ ਸਿੰਘ ਵਾਸੀ ਦੇਵੀਦਾਸਪੁਰਾ ਵਜੋਂ ਹੋਈ ਹੈ।
ਪੁਲਿਸ ਨੇ ਦੋਵਾਂ ਨੌਜਵਾਨਾਂ ਦੀਆਂ ਗੱਡੀਆਂ ਨੂੰ ਵੀ ਆਪਣੇ ਕਬਜ਼ੇ ‘ਚ ਲੈ ਲਿਆ ਹੈ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਤੇ ਪੂਰੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here