ਸੀਐਮ ਭਗਵੰਤ ਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਤੋਂ ਬਾਹਰ ਆ ਗਏ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਸਥਿਤ ਸਭ ਤੋਂ ਉੱਚੀ ਸਿੱਖ ਸੰਸਥਾ ਅਕਾਲ ਤਖ਼ਤ ਸਾਹਿਬ ਵਿਖੇ ਅੱਜ (15 ਜਨਵਰੀ) ਪੇਸ਼ ਹੋਏ । ਮਾਨ ਲਗਭਗ 45 ਮਿੰਟ ਤੱਕ ਅੰਦਰ ਰਹੇ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਜਥੇਦਾਰ ਨੂੰ ਆਪਣੇ ਬਿਆਨਾਂ ਬਾਰੇ ਸਪੱਸ਼ਟੀਕਰਨ ਦੇ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ, “ਮੈਂ ਇਹ ਵੀ ਸਪੱਸ਼ਟ ਕੀਤਾ ਕਿ ਸੋਸ਼ਲ ਮੀਡੀਆ ‘ਤੇ ਇੱਕ ਕਹਾਣੀ ਬਣਾਈ ਜਾ ਰਹੀ ਹੈ ਕਿ ਮੈਂ ਅਕਾਲ ਤਖ਼ਤ ਨੂੰ ਚੁਣੌਤੀ ਦੇ ਰਿਹਾ ਹਾਂ। ਮੈਂ ਅਕਾਲ ਤਖ਼ਤ ਅੱਗੇ ਆਪਣਾ ਸਿਰ ਝੁਕਾਇਆ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਅਜਿਹਾ ਨਹੀਂ ਹੈ। ਮੇਰੇ ਕੋਲ ਅਜਿਹਾ ਕਰਨ ਦੀ ਨਾ ਤਾਂ ਹਿੰਮਤ ਹੈ ਅਤੇ ਨਾ ਹੀ ਅਧਿਕਾਰ ਹੈ।”
ਸੀਐਮ ਮਾਨ ਨੇ ਕਿਹਾ ਕਿ ਮੈਂ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕਿਸੇ ਵੀ ਤਰ੍ਹਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਲੇਂਜ ਨਹੀਂ ਕਰ ਰਿਹਾ। ਮੇਰੀ ਐਨੀ ਓਕਾਤ ਵੀ ਨਹੀਂ ਹੈ ਕਿ ਮੈਂ ਸਿੱਖਾਂ ਦੀ ਮਿਨੀ ਪਾਰਲੀਮੈਂਟ ਅਤੇ ਸਰਬਉੱਚ ਸੰਸਥਾਂ ਨਾਲ ਇਸ ਤਰ੍ਹਾਂ ਦਾ ਕੰਮ ਕਰਾਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣਾ ਪੱਖ ਪੇਸ਼ ਕਰ ਦਿੱਤਾ ਹੈ। ਜਥੇਦਾਰ ਨੇ ਕਿਹਾ ਕਿ ਤੁਹਾਡਾ ਜਵਾਬ ਸਾਡੇ ਕੋਲ ਪਹੁੰਚ ਗਿਆ ਹੈ। ਅੱਗੇ ਜੋ ਵੀ ਹੋਵੇਗਾ, ਉਸ ਬਾਰੇ ਤੁਹਾਨੂੰ ਦੱਸ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਜਥੇਦਾਰ ਜੋ ਵੀ ਫੈਸਲਾ ਲੈਣਗੇ, ਉਹ ਸਿਰ-ਮੱਥੇ ਤੇ ਹੋਵੇਗਾ।