ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਇਕੱਠੇ ਨਜ਼ਰ ਆਏ।
ਪੰਜਾਬ ਲੋਕ ਭਵਨ ‘ਚ ਲੋਹੜੀ ਦਾ ਤਿਉਹਾਰ ਬਹੁਤ ਹੀ ਧੁੰਮ-ਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਕੀਤਾ ਗਿਆ। ਸਮਾਰੋਹ ‘ਚ ਹਰਿਆਣਾ ਦੇ ਰਾਜਪਾਲ ਪ੍ਰੋ. ਆਸ਼ੀਮ ਕੁਮਾਰ ਘੋਸ਼, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਪਹੁੰਚੇ ਸਨ।
ਇਸ ਤੋਂ ਇਲਾਵਾ ਹਰਿਆਣਾ ਵਿਧਾਨ ਸਭਾ ਤੇ ਸਪੀਕਰ ਹਰਵਿੰਦਰ ਕਲਿਆਣ, ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ, ਹਰਜੋਤ ਸਿੰਘ ਬੈਂਸ, ਸੰਜੀਵ ਅਰੋੜਾ, ਰਾਜ ਸਭਾ ਮੈਂਬਰ ਅਸ਼ੋਕ ਮਿੱਤਲ, ਚੰਡੀਗੜ੍ਹ ਦੇ ਮੇਅਰ ਹਰਪ੍ਰੀਤ ਕੌਰ ਬਬਲਾ ਸਮੇਤ ਹੋਰ ਕਈ ਰਾਜਨੀਤਿਕ ਹਸਤੀਆਂ ਸਮਾਰੋਹ ‘ਚ ਪਹੁੰਚੀਆਂ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਇਕੱਠੇ ਨਜ਼ਰ ਆਏ। ਪ੍ਰੋਗਰਾਮ ਦੌਰਾਨ ਸੀਐਮ ਮਾਨ ਤੇ ਸੀਐਮ ਸੈਣੀ ਆਪਸ ‘ਚ ਗਲੇ ਮਿਲੇ, ਇਸ ਮੁਲਾਕਾਤ ਦੀਆਂ ਵੀਡੀਓ ਤੇ ਤਸਵੀਰਾਂ ਇੰਟਰਨੈਟ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਦੋਵੇਂ ਆਗੂ ਖੁਸ਼ੀ ਦੇ ਪਲ ਸਾਂਝੇ ਕਰਦੇ ਹੋਏ ਨਜ਼ਰ ਆਏ।
ਲੋਹੜੀ ਦੀਆਂ ਸ਼ੁਭਕਮਾਨਾਵਾਂ ਦਿੰਦੇ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਅਜਿਹੇ ਤਿਉਹਾਰ ਭਾਈਚਾਰਕ ਤੇ ਸਮਾਜਿਕ ਮਹੱਤਵ ‘ਤੇ ਪ੍ਰਕਾਸ਼ ਪਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਤਿਉਹਾਰ ਆਪਸੀ ਸਦਭਾਵਨਾ ਨੂੰ ਵਧਾਉਂਦੇ ਹਨ, ਸਮਾਜਿਕ ਏਕਤਾ ਨੂੰ ਮਜ਼ਬੂਤ ਕਰਦੇ ਹਨ ਤੇ ਸਾਡੀਆਂ ਕਦਰਾਂ-ਕੀਮਤਾ ਨੂੰ ਸੁਰੱਖਿਅਤ ਰੱਖਣ ‘ਚ ਮਦਦ ਕਰਦੇ ਹਨ।