ਯੂਨੀਵਰਸਿਟੀ ਦੇ ਆਡੀਟੋਰੀਅਮ ‘ਚ ਕਨਵੋਕੇਸ਼ਨ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਅੰਮ੍ਰਿਤਸਰ ਦੇ ਦੌਰੇ ‘ਤੇ ਹਨ। ਰਾਸ਼ਟਰਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀਐਨਡੀਯੂ) ਦੇ 50ਵੇਂ ਕਨਵੋਕੇਸ਼ਨ ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਦੌਰਾਨ ਉਹ ਸਟੂਡੈਂਟਸ ਨੂੰ ਡਿਗਰੀਆਂ ਪ੍ਰਦਾਨ ਕਰਨਗੇ। ਉਨ੍ਹਾਂ ਦੇ ਆਗਮਨ ਨੂੰ ਦੇਖਦੇ ਹੋਏ ਅੰਮ੍ਰਿਤਸਰ ‘ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਰਾਸ਼ਟਰਪਤੀ ਦੇ ਦੌਰੇ ਦੇ ਮੱਦੇਨਜ਼ਰ ਪੰਜਾਬ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਗੁਰਦਾਸਪੁਰ, ਜਲੰਧਰ, ਤਰਨਤਾਰਨ ਤੇ ਲੁਧਿਆਣਾ ਤੋਂ ਲਗਭਗ 2500 ਹੋਰ ਪੁਲਿਸ ਮੁਲਾਜ਼ਮਾਂ ਨੂੰ ਬੁਲਾਇਆ ਹੈ। ਪੂਰੇ ਸ਼ਹਿਰ ‘ਚ ਪੁਲਿਸ ਚੌਕਸ ਹੈ।
ਇਸ ਤੋਂ ਇਲਾਵਾ ਸਰਹੱਦੀ ਇਲਾਕੇ ‘ਚ ਵੀ ਪੁਲਿਸ ਤੇ ਸੁਰੱਖਿਆ ਬਲ ਪੂਰੀ ਤਰ੍ਹਾਂ ਚੌਕਸ ਹਨ। ਅੰਮ੍ਰਿਤਸਰ ਦੇ ਪ੍ਰੋਗਰਾਮ ‘ਚ ਰਾਸ਼ਟਰਪਤੀ ਦੇ ਨਾਲ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਸਾਂਸਦ ਵਿਕਰਮ ਸਾਹਨੀ ਤੇ ਸਾਂਸਦ ਗੁਰਜੀਤ ਸਿੰਘ ਔਜਲਾ ਵੀ ਮੌਜੂਦ ਰਹਿਣਗੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਪ੍ਰੋਗਰਾਮ ‘ਚ ਸ਼ਾਮਲ ਹੋਣਾ ਸੀ, ਪਰ ਉਨ੍ਹਾਂ ਨੂੰ ਅੱਜ ਸ੍ਰੀ ਅਕਾਲ ਤਖ਼ਤ ਅੱਗੇ ਪੇਸ਼ ਹੋਣ ਦਾ ਹੁਕਮ ਜਾਰੀ ਹੋਇਆ ਹੈ, ਸੀਐਮ ਮਾਨ ਨੇ ਇਸ ਪ੍ਰੋਗਰਾਮ ‘ਚ ਮੌਜੂਦ ਨਾ ਹੋਣ ਨੂੰ ਲੈ ਕੇ ਰਾਸ਼ਟਰਪਤੀ ਦਫ਼ਤਰ ਨੂੰ ਜਾਣਕਾਰੀ ਦੇ ਦਿੱਤੀ ਸੀ।
ਯੂਨੀਵਰਸਿਟੀ ਦੇ ਆਡੀਟੋਰੀਅਮ ‘ਚ ਕਨਵੋਕੇਸ਼ਨ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ। ਯੂਨੀਵਰਸਿਟੀ ‘ਚ ਮੁੱਖ ਮਹਿਮਾਨ ਰਾਸ਼ਟਰਪਤੀ ਤੇ ਬਾਕੀ ਹਸਤੀਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜਿਨ੍ਹਾਂ ਬੱਚਿਆਂ ਨੂੰ ਡਿਗਰੀਆਂ ਮਿਲਣੀਆਂ ਹਨ, ਉਹ ਵੀ ਯੂਨੀਵਰਸਿਟੀ ਪਹੁੰਚ ਚੁੱਕੇ ਹਨ। ਸ਼ਹਿਰ ‘ਚ ਹਰ ਜਗ੍ਹਾ ਅਲਰਟ ਹੈ। ਪੁਲਿਸ ਵੱਲੋਂ ਰੇਲਵੇ ਸਟੇਸ਼ਨ, ਬੱਸ ਅੱਡੇ ਤੇ ਹਵਾਈ ਅੱਡੇ ਸਮੇਤ ਹੋਰ ਭੀ ਭੀੜ ਵਾਲੀਆਂ ਥਾਂਵਾਂ ‘ਤੇ ਚੈਕਿੰਗ ਕੀਤੀ ਜਾ ਰਹੀ ਹੈ।