ਇਸ ਮੇਲੇ ‘ਚ ਸਭ ਤੋਂ ਚਰਚਿਤ ਇੱਕ ਪਰੰਪਰਾ ਨੂਰਦੀਨ ਦੀ ਕਬਰ ‘ਤੇ ਜੁੱਤੀਆਂ ਮਾਰਨਾ ਹੈ।
ਮਾਘੀ ਮੌਕੇ ਸਿੱਖ ਸੰਗਤਾਂ ਵੱਡੀ ਗਿਣਤੀ ‘ਚ ਸ੍ਰੀ ਮੁਕਤਸਰ ਸਾਹਿਬ ਵਿਖੇ ਇਸ਼ਨਾਨ ਕਰ ਰਹੀਆਂ ਹਨ ਤੇ ਨਤਮਸਤਕ ਹੋ ਰਹੀਆਂ ਹਨ। ਮਾਘੀ ਮੌਕੇ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਮੱਥਾ ਟੇਕਣ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ ਆਉਂਦੇ ਹਨ। ਅੱਜ ਸਵੇਰ ਤੋਂ ਹੀ ਗੁਰੂ ਸਾਹਿਬ ਅੱਗੇ ਨਤਮਸਤਕ ਹੋਣ ਲਈ ਲੰਬੀਆਂ ਕਤਾਰਾਂ ਨਜ਼ਰ ਆ ਰਹੀਆਂ ਹਨ।
ਉੱਥੇ ਹੀ, ਇਸ ਮੇਲੇ ‘ਚ ਸਭ ਤੋਂ ਚਰਚਿਤ ਇੱਕ ਪਰੰਪਰਾ ਨੂਰਦੀਨ ਦੀ ਕਬਰ ‘ਤੇ ਜੁੱਤੀਆਂ ਮਾਰਨਾ ਹੈ। ਇੱਥੇ ਆਉਣ ਵਾਲੇ ਸਿੱਖ ਸ਼ਰਧਾਲੂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਿੱਠ ‘ਤੇ ਵਾਰ ਕਰਨ ਦੇ ਬਦਲੇ ਨੂਰਦੀਨ ਨੂੰ ਸਜ਼ਾ ਦਿੰਦੇ ਹਨ। ਮੇਲੇ ਦੇ ਅੰਤ ‘ਚ ਨਿਹੰਗਾਂ ਵੱਲੋਂ ਇਸ ਨੂੰ ਤੋੜ੍ਹ ਦਿੱਤਾ ਜਾਂਦਾ ਹੈ। ਹਰ ਸਾਲ ਇਸ ਕਬਰ ਨੂੰ ਬਣਾਇਆ ਜਾਂਦਾ ਹੈ।
ਕੀ ਹੈ ਮੁਕਤਸਰ ਸਾਹਿਬ ਦਾ ਇਤਿਹਾਸ?
ਐਸਜੀਪੀਸੀ ਦੇ ਅਨੁਸਾਰ ਸ੍ਰੀ ਦਰਬਾਰ ਸਾਹਿਬ, ਮੁਕਤਸਰ ਸਾਹਿਬ ਉਹ ਪਵਿੱਤਰ ਧਰਤੀ ਹੈ, ਜਿੱਥੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ-ਸਿਤਮ ਵਿਰੁੱਧ ਆਖਿਰੀ ਧਰਮ ਯੁੱਧ ‘ਤੇ ਫਤਿਹ (ਜਿੱਤ) ਪ੍ਰਾਪਤ ਕੀਤੀ। ਇਸ ਅਸਥਾਨ ਦਾ ਪਹਿਲਾਂ ਨਾਮ ਖਿਦਰਾਣੇ ਦੀ ਢਾਬ ਸੀ। ਗੁਰੂ ਸਾਹਿਬ ਚਮਕੌਰ ਦੀ ਜੰਗ ਤੋਂ ਮਾਛੀਵਾੜੇ, ਆਲਮਗੀਰ, ਰਾਏਕੋਰਟ ਦੀਨੇ ਕਾਂਗੜ, ਕੋਟ ਕਪੂਰੇ ਤੋਂ ਹੁੰਦੇ ਹੋਏ ਇੱਥੇ ਪਹੁੰਚੇ ਸਨ।
ਦੁਸ਼ਮਣ ਵੀ ਗੁਰੂ ਸਾਹਿਬ ਦੇ ਪਿੱਛਾ ਕਰਦੇ ਹੋਏ ਇੱਥੇ ਪਹੁੰਚ ਗਏ। ਇਸ ਅਸਥਾਨ ‘ਤੇ 21 ਵੈਸਾਖ, 1762 ਬਿ: (1762 ਈ:) ਨੂੰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਦੀ ਸ਼ਾਹੀ ਫੌਜ ਨਾਲ ਜੰਗ ਹੋਈ। ਇਸ ਯੁੱਧ ਸਮੇਂ ਉਹ ਸਿੰਘ ਸ਼ਹਾਦਤ ਦਾ ਜਾਮ ਪੀ ਗਏ, ਜੋ ਗੁਰੂ ਸਾਹਿਬ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਘੇਰੇ ਸਮੇਂ ਬੇਦਾਵਾ ਦੇ ਆਏ ਸਨ ਤੇ ਉਨ੍ਹਾਂ ਨੂੰ ਮਨਮੁਖ ਤੋਂ ਗੁਰਮੁਖ ਹੋਣ ਲਈ ਸ਼ਹਾਦਤਾਂ ਪ੍ਰਾਪਤ ਕਰਨੀਆਂ ਪਈਆਂ। ਮਾਈ ਭਾਗੋ ਵੀ ਇਸ ਜੰਗ ਸਮੇਂ ਗੰਭੀਰ ਜ਼ਖ਼ਮੀਹੋ ਗਏ, ਜੋ ਸਿਹਤਯਾਬ ਹੋਣ ਤੋਂ ਉਪਰੰਤ ਆਖ਼ਿਰੀ ਦਮ ਤੱਕ ਗੁਰੂ ਚਰਨਾਂ ਨਾਲ ਜੁੜੇ ਰਹੇ।
ਜੰਗ ਖ਼ਤਮ ਹੋਣ ਤੋਂ ਬਾਅਦ ਗੁਰੂ ਸਾਹਿਬ ਜੀ ਖੁਦ ਸ਼ਹੀਦ ਸਿੰਘਾਂ ਕੋਲ ਗਏ ਤੇ ਉਨ੍ਹਾਂ ਨੂੰ ਵਰਦਾਨ ਤੇ ਸਨਮਾਨ ਬਖ਼ਸ਼ਿਆ। ਗੁਰੂ ਜੀ ਨੇ ਸਨਮੁਖ ਹੋਇਆ ਨੂੰ ਜਨਮ-ਮਰਨ ਤੋਂ ਮੁਕਤ ਕਰਦਿਆਂ, ਗੁਰਸਿੱਖੀ ਮਾਰਗ ਦੇ ਮਾਰਗ ਦਰਸ਼ਕ ਬਣਾਇਆ। ਗੁਰਸਿੱਖਾਂ ਦੇ ਬੰਧਨ ਮੁਕਤ ਹੋਣ ਕਰਕੇ ਇਸ ਅਸਥਾਨ ਦਾ ਨਾਮ ‘ਮੁਕਤਸਰ‘ ਦੇ ਨਾਮ ਨਾਲ ਪ੍ਰਸਿੱਧ ਹੋਇਆ।
ਕੀ ਹੈ ਨੂਰਦੀਨ ਦੀ ਕਬਰ ਦਾ ਇਤਿਹਾਸ?
ਸਿੱਖ ਇਤਿਹਾਸ ਮੁਤਾਬਕ ਨੂਰਦੀਨ ਨੂੰ ਲੈ ਕੇ ਵੱਖ-ਵੱਖ ਗੱਲਾਂ ਪ੍ਰਚਲਿਤ ਹਨ। ਗੁਰਦੁਆਰਾ ਸ੍ਰੀ ਦਾਤਨਸਰ ਸਾਹਿਬ ਦੇ ਇਤਿਹਾਸ ਮੁਤਾਬਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੁਰਦੁਆਰਾ ਟਿੱਬੀ ਸਾਹਿਬ ਦੇ ਅਸਥਾਨ ਤੋਂ ਆ ਕੇ ਅੰਮ੍ਰਿਤ ਵੇਲੇ ਦਾਤਣ-ਕੁਰਲਾ ਕਰ ਰਹੇ ਸਨ। ਇਸ ਸਮੇਂ ਸਰਹੰਦ ਦੇ ਸੂਬੇਦਾਰ ਵੱਲੋਂ ਭੇਜਿਆ ਗਿਆ ਸੂਹੀਆਂ ਨੂਰਦੀਨ ਨਾਮ ਦਾ ਮੁਸਲਮਾਨ ਵਿਅਕਤੀ, ਜਿਸ ਨੇ ਸਿੱਖ ਭੇਸ ਬਣਾ ਕੇ ਗੁਰੂ ਸਾਹਿਬ ‘ਤੇ ਤਲਵਾਰ ਨਾਲ ਪਿੱਠ ਪਿੱਛੇ ਵਾਰ ਕੀਤਾ।
ਗੁਰੂ ਸਾਹਿਬ ਨੇ ਬਹੁਤ ਫੁਰਤੀ ਨਾਲ ਵਾਰ ਰੋਕ ਕੇ ਜਲ ਵਾਲਾ ਗੜਵਾ ਮਾਰ ਕੇ ਨੂਰਦੀਨ ਨੂੰ ਚਿੱਤ ਕਰ ਦਿੱਤਾ। ਨੂਰਦੀਨ ਦੀ ਕਬਰ ਇਸ ਗੁਰਦੁਆਰੇ ਦੇ ਚੜਦੇ ਵੱਲ ਬਾਹਰਲੇ ਪਾਸੇ ਬਣੀ ਹੋਈ ਹੈ। ਗੁਰੂ ਸਾਹਿਬ ਦਰਸ਼ਨ ਕਰਨ ਆਏ ਸ਼ਰਧਾਲੂ ਕਬਰ ‘ਤੇ ਪੰਜ-ਪੰਜ ਜੁੱਤੀਆਂ ਮਾਰਦੇ ਹਨ। ਇਸ ਅਸਥਾਨ ਦੇ ਨਿਹੰਗ ਸਿੰਘ ਘੋੜ ਦੋੜ ਤੇ ਨੇਜੇ ਬਾਜ਼ੀ ਦੇ ਜੋਹਰ ਦਿਖਾਉਂਦੇ ਹਨ।