ਲੋਕ ਪਰਿਵਾਰਾਂ ਸਮੇਤ ਨਵੇਂ ਸਾਲ ਮੌਕੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ।
ਨਵੇਂ ਸਾਲ ਦੀ ਆਮਦ ਹੋ ਚੁੱਕੀ ਹੈ। ਪੂਰਾ ਦੇਸ਼ ਨਵੇਂ ਸਾਲ ਦਾ ਜਸ਼ਨ ਮਨਾ ਰਹਾ ਹੈ। ਨਵੇਂ ਸਾਲ ਨੂੰ ਲੈ ਕੇ ਲੋਕਾਂ ‘ਚ ਉਤਸ਼ਾਹ ਹੈ ਤੇ ਜਿੱਥੇ ਬੀਤੀ ਰਾਤ ਲੋਕਾਂ ਨੇ ਆਪਣੇ-ਆਪਣੇ ਤਰੀਕੇ ਨਾਲ ਨਵਾਂ ਸਾਲ ਮਨਾਇਆ। ਇਸ ਵਿਚਕਾਰ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ‘ਚ ਵੀ ਨਵੇਂ ਸਾਲ ਦੇ ਆਗਮਨ ਮੌਕੇ ਸ਼ਰਧਾਲੂ ਭਾਰੀ ਗਿਣਤੀ ‘ਚ ਪਹੁੰਚੇ। ਬੀਤੇ ਸਾਲ ਦੀ ਰਾਤ ਤੋਂ ਲੈ ਕੇ ਨਵਾਂ ਸਾਲ ਚੜ੍ਹਨ ਤੱਕ ਲੋਕਾਂ ਦੀ ਲੰਬੀਆਂ ਕਤਾਰਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਖਣ ਨੂੰ ਮਿਲਿਆ।
ਲੋਕ ਪਰਿਵਾਰਾਂ ਸਮੇਤ ਨਵੇਂ ਸਾਲ ਮੌਕੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਇਸ ਮੌਕੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਲਈ ਆਏ ਹਾਂ। ਉਨ੍ਹਾਂ ਕਿਹਾ ਕਿ ਨਵੇਂ ਸਾਲ ਮੌਕੇ ਅਸੀਂ ਦੇਸ਼ ਲਈ, ਪੰਜਾਬ ਲਈ ਤੇ ਆਪਣੇ ਪਰਿਵਾਰਾਂ ਲਈ ਅਰਦਾਸ ਕਰਨ ਲਈ ਪਹੁੰਚੇ ਹਾਂ, ਪਰਮਾਤਮ ਸਭ ਨੂੰ ਚੜ੍ਹਦੀ ਕਲਾ ਬਖ਼ਸ਼ੇ।
ਪੰਜਾਬ ‘ਚ ਕੜਾਕੇ ਦੀ ਠੰਡ ਪੈ ਰਹੀ ਹੈ, ਪਰ ਸ਼ਰਧਾਲੂਆਂ ਦੀ ਸ੍ਰੀ ਦਰਬਾਰ ਸਾਹਿਬ ਪ੍ਰਤੀ ਸ਼ਰਧਾ ਠੰਡ ਦੇ ਵੱਧਣ ਨਾਲ ਹੋਰ ਵੱਧਦੀ ਜਾ ਰਹੀ ਹੈ। ਸ਼ਰਧਾਲੂ ਠੰਡ ਦੀ ਪਰਵਾਹ ਨਾ ਕਰਦੇ ਹੋਏ, ਸ੍ਰੀ ਦਰਬਾਰ ਸਾਹਿਬ ਸਰਬੱਤ ਦੇ ਭਲੇ ਦੀ ਅਰਦਾਸ ਲਈ ਪਹੁੰਚ ਰਹੇ ਹਨ। ਇਹੋ ਜਿਹਾ ਸੰਗਤਾਂ ਦਾ ਇਕੱਠ ਸ਼ਹੀਦੀ ਜੋੜ ਮੇਲੇ ਦੌਰਾਨ ਵੀ ਦੇਖਣ ਨੂੰ ਮਿਲਿਆ, ਜਦੋਂ ਕੜਾਕੇ ਦੀ ਠੰਡ ਦੌਰਾਨ ਲੋਕ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਲਈ ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚ ਰਹੇ ਸਨ।
ਸੁਖਬੀਰ ਬਾਦਲ ਵੀ ਹੋਏ ਨਤਮਸਤਕ
ਨਵੇਂ ਸਾਲ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ- ਸੁਖਬੀਰ ਬਾਦਲ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਉਨ੍ਹਾਂ ਨੇ ਇਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਪਾਈਆਂ ਹਨ। ਉਨ੍ਹਾਂ ਨੇ ਲਿਖਿਆ ਕਿ, ਨਵੇਂ ਸਾਲ ਦੀ ਆਮਦ ‘ਤੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਨਤਮਸਤਕ ਹੋ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਨੇ ਲਿਖਿਆ ਆਪ ਸਭ ਨੂੰ ਨਵਾਂ ਸਾਲ ਮੁਬਾਰਕ, ਗੁਰੂ ਸਾਹਿਬ ਮੇਹਰ ਕਰਨ ਇਹ ਸਾਲ ਆਪ ਸਭ ਲਈ ਖੁਸ਼ੀਆਂ ਤੇ ਤਰੱਕੀ ਲੈ ਕੇ ਆਵੇ।