Home Desh ਸੀਐਮ ਮਾਨ ਬੋਲੇ- 2026 ‘ਚ ਵੀ ਵਿਕਾਸ ਦੇ ਕੰਮ ਜਾਰੀ ਰੱਖਾਂਗੇ, ਬਾਦਲ...

ਸੀਐਮ ਮਾਨ ਬੋਲੇ- 2026 ‘ਚ ਵੀ ਵਿਕਾਸ ਦੇ ਕੰਮ ਜਾਰੀ ਰੱਖਾਂਗੇ, ਬਾਦਲ ਹੋਏ ਨਤਮਸਤਕ, ਵੜਿੰਗ ਨੇ ਕੀ ਕਿਹਾ?

1
0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ।

ਨਵੇਂ ਸਾਲ ਦੇ ਆਮਦ ਦੇ ਨਾਲ ਜਿੱਥੇ ਪੂਰੇ ਵਿਸ਼ਵ ਚ ਜਸ਼ਨ ਦਾ ਮਾਹੌਲ ਹੈ, ਉੱਥੇ ਨਵੇਂ ਸਾਲ ਚ ਲੋਕ ਨਵੇਂ ਟੀਚੇ ਹਾਸਲ ਕਰਨ ਦੇ ਸੰਕਲਪ ਵੀ ਲੈ ਰਹੇ ਹਨ। ਇਸ ਦੌਰਾਨ ਪੰਜਾਬ ਦੇ ਵੱਖ-ਵੱਖ ਪਾਰਟੀਆਂ ਦੇ ਆਗੂ ਵੀ ਨਵੇਂ ਸਾਲ ਦੀਆਂ ਵਧਾਈਆਂ ਦੇਣ ਦੇ ਨਾਲ-ਨਾਲ ਨਵੇਂ ਸੰਕਲਪ ਤੇ ਪੰਜਾਬ ਦੇ ਵਿਕਾਸ ਲਈ ਵਚਨਬੱਧ ਹੋਣ ਦੇ ਦਾਅਵੇ ਕਰ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਨਵੇਂ ਸਾਲ ਦੀ ਵਧਾਈ ਦਿੱਤੀ ਹੈ ਤੇ ਨਵੇਂ ਸਾਲ ਦੇ ਟੀਚੇ ਵੀ ਲੋਕਾਂ ਨਾਲ ਸਾਂਝੇ ਕੀਤੇ ਹਨ।

ਮੁੱਖ ਮੰਤਰੀ ਮਾਨ ਨੇ ਦਿੱਤੀ ਵਧਾਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਵਾਅਦਾ ਕੀਤਾ ਹੈ ਕਿ ਉਹ 2026 ਚ ਵੀ ਪਿਛਲੇ ਸਾਲਾਂ ਵਾਂਗ ਵਿਕਾਸ ਦੇ ਕੰਮ ਜਾਰੀ ਰੱਖਣਗੇ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਆਪਣਾ ਸੰਦੇਸ਼ ਸਾਂਝਾ ਕੀਤਾ ਹੈ।
ਸੀਐਮ ਮਾਨ ਨੇ ਲਿਖਿਆ ਹੈ- ਨਵੇਂ ਸਾਲ 2026 ਦੀਆਂ ਆਪ ਸਭ ਨੂੰ ਮੁਬਾਰਕਾਂ। ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਡਾ ਆਉਣ ਵਾਲਾ ਸਾਲ ਖੁਸ਼ੀਆਂ ਅਤੇ ਕਾਮਯਾਬੀ ਭਰਿਆ ਹੋਵੇ। ਅਸੀਂ ਆਪਣੇ ਫ਼ਰਜ਼ ਵਜੋਂ ਬੀਤੇ ਸਾਲ 2025 ਵਿੱਚ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ, ਬੱਚਿਆਂ ਨੂੰ ਚੰਗੀ ਸਿੱਖਿਆ, ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ। ਪੰਜਾਬ ਦੇ ਮੱਥੇ ਤੋਂ ਨਸ਼ੇ ਅਤੇ ਭ੍ਰਿਸ਼ਟਾਚਾਰ ਵਰਗੇ ਕਲੰਕ ਸਾਫ਼ ਕਰਨ ਲਈ ਸਖ਼ਤ ਐਕਸ਼ਨ ਕੀਤੇ। ਇਸੇ ਲੜੀ ਤਹਿਤ ਆਉਣ ਵਾਲੇ ਨਵੇਂ ਸਾਲ ਵਿੱਚ ਵੀ ਵਿਕਾਸ ਦੇ ਕੰਮ ਇਸੇ ਤਰ੍ਹਾਂ ਜਾਰੀ ਰਹਿਣਗੇ।

2026 ਪਾਰਟੀ ਲਈ ਅਹਿਮ- ਰਾਜਾ ਵੜਿੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਲ 2026 ਪਾਰਟੀ ਲਈ ਅਹਿਮ ਹੈ ਤੇ ਉਨ੍ਹਾਂ ਨੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਦੇ ਵਰਕਰ ਮਿਹਨਤ ਨਾਲ ਕੰਮ ਕਰਨਗੇ ਤੇ 2027 ਦੀਆਂ ਚੋਣਾਂ ਚ ਪਾਰਟੀ ਦੀ ਜਿੱਤ ਪੱਕੀ ਕਰਨਗੇ।
ਰਾਜਾ ਵੜਿੰਗ ਨੇ ਲਿਖਿਆ- ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ। ਇਹ ਸਾਲ ਭਰਪੂਰ ਖੁਸ਼ੀਆਂ ਅਤੇ ਸਫਲਤਾ ਲੈ ਕੇ ਆਵੇ। ਮੈਂ ਪੰਜਾਬ ਕਾਂਗਰਸ ਦੇ ਵਰਕਰਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਪਾਰਟੀ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਸਖ਼ਤ ਮਿਹਨਤ ਕੀਤੀ ਹੈ। 2026 ਸਾਡੇ ਲਈ ਮਹੱਤਵਪੂਰਨ ਹੋਵੇਗਾ, ਅਤੇ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ 2027 ਦੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਆਪਣੇ ਜੋਸ਼ ਅਤੇ ਉਤਸ਼ਾਹ ਨੂੰ ਬਣਾਈ ਰੱਖੋਗੇ। ਨਵਾਂ ਸਾਲ 2026 ਮੁਬਾਰਕ।

ਬਾਦਲ ਨੇ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਨੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ-ਨਵੇਂ ਸਾਲ (2026) ਦੀ ਆਮਦ ‘ਤੇ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਨਤਮਸਤਕ ਹੋ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਆਪ ਸਭ ਨੂੰ ਨਵਾਂ ਸਾਲ ਮੁਬਾਰਕ, ਗੁਰੂ ਸਾਹਿਬ ਮੇਹਰ ਕਰਨ ਇਹ ਸਾਲ ਆਪ ਸਭ ਲਈ ਖੁਸ਼ੀਆਂ ਅਤੇ ਤਰੱਕੀ ਲੈਕੇ ਆਵੇ।

LEAVE A REPLY

Please enter your comment!
Please enter your name here