ਯੂਨੀਵਰਸਿਟੀ ਦੇ ਵਿਦਿਆਰਥਣਾਂ ਨੇ ਮੰਗਲਵਾਰ ਨੂੰ ਹੋਣ ਵਾਲੇ ਪ੍ਰੋਗਰਾਮ ਲਈ ਇਜਾਜ਼ਤ ਮੰਗੀ ਸੀ।
ਜਲੰਧਰ ਦੇ ਇੰਦਰ ਕੁਮਾਰ ਗੁਜਰਾਲ- ਪੰਜਾਬ ਟੈਕਨੀਕਲ ਯੂਨੀਵਰਸਿਟੀ (IKG_PTU) ਦੀਆਂ ਵਿਦਿਆਰਥਣਾਂ ਉਸ ਸਮੇਂ ਸੜਕਾਂ ‘ਤੇ ਉੱਤਰ ਆਈਆਂ, ਜਦੋਂ ਉਨ੍ਹਾਂ ਨੂੰ ਮੁੰਡਿਆ ਨਾਲ ਡਾਂਡੀਆ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਹ ਵਿਵਾਦ ਸੋਮਵਾਰ ਨੂੰ ਸ਼ੁਰੂ ਹੋਇਆ ਤੇ ਇਸ ਤੋਂ ਬਾਅਦ ਵਿਦਿਆਰਥਣਾਂ ਨੇ ਯੂਨੀਵਰਸਿਟੀ ਦੇ ਗੇਟ ਦੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਵਿਦਿਆਰਥਣਾਂ ਨੇ ਯੂਨੀਵਰਸਿਟੀ ਦੇ ਡੀਨ ਸਟੂਡੈਂਟ ਵੈਲਫੇਅਰ ‘ਤੇ ਦੁਰਵਿਵਹਾਰ ਦਾ ਇਲਜ਼ਾਮ ਵੀ ਲਗਾਇਆ ਹੈ।
ਭੇਦਭਾਵ ਕਰਨ ਦਾ ਇਲਜ਼ਾਮ
ਯੂਨੀਵਰਸਿਟੀ ਦੇ ਵਿਦਿਆਰਥਣਾਂ ਨੇ ਮੰਗਲਵਾਰ ਨੂੰ ਹੋਣ ਵਾਲੇ ਪ੍ਰੋਗਰਾਮ ਲਈ ਇਜਾਜ਼ਤ ਮੰਗੀ ਸੀ। ਵਿਦਿਆਰਥਣਾਂ ਨੇ ਕਿਹਾ ਕਿ ਉਨ੍ਹਾਂ ਨੇ ਮੁੰਡਿਆਂ ਨਾਲ ਡਾਂਡੀਆ ਖੇਡਣ ਦੀ ਇਜਾਜ਼ਤ ਮੰਗੀ ਸੀ, ਪਰ ਡੀਨ ਨੇ ਉਨ੍ਹਾਂ ਦੀ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ। ਜਦੋਂ ਵਾਈਸ ਚਾਂਸਲਰ ਨੇ ਵੀ ਮਾਮਲੇ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਤਾਂ ਉਨ੍ਹਾਂ ਨੂੰ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਡੀਨ ਸਟੂਡੈਂਟ ਵੈਲਫੇਅਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਹੋਟਲ ਬੁੱਕ ਕਰ ਡਾਂਡੀਆ ਖੇਡਣ ਦੀ ਸਲਾਹ ਦਿੱਤੀ। ਵਿਦਿਆਰਥਣਾਂ ਮੁੰਡਿਆਂ ਤੇ ਕੁੜੀਆਂ ਵਿਚਕਾਰ ਭੇਦਭਾਵ ਦਾ ਦੋਸ਼ ਲਗਾਇਆ।
ਵਿਦਿਆਰਥਣਾਂ ਨੇ ਦੋਸ਼ ਲਗਾਇਆ ਕਿ ਯੂਨੀਵਰਸਿਟੀ ਦੇ ਡੀਨ ਸਟੂਡੈਂਟ ਵੈਲਫੇਅਰ ਨੇ ਉਨ੍ਹਾਂ ਦੀਆਂ ਮੰਗਾਂ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਉਹ ਸਿਰਫ਼ ਕੁੜੀਆਂ ਨੂੰ ਡਾਂਡੀਆ ਖੇਡਣ ਦੀ ਇਜਾਜ਼ਤ ਦੇਣਗੇ। ਵਿਦਿਆਰਥਣਾਂ ਨੇ ਯੂਨੀਵਰਸਿਟੀ ਦੇ ਡੀਨ ਸਟੂਡੈਂਟ ਵੈਲਫੇਅਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਵਿਵਾਦ ਨੂੰ ਵੱਧਦਾ ਦੇਖ ਪੁਲਿਸ ਵੀ ਮੌਕੇ ‘ਤੇ ਪਹੁੰਚੀ।
ਆਈਕੇਜੀ-ਪੀਟੀਯੂ ਦੇ ਵਾਈਸ ਚਾਂਸਲਰ ਦਾ ਬਿਆਨ
ਆਈਕੇਜੀ-ਪੀਟੀਯੂ ਦੇ ਵਾਈਸ ਚਾਂਸਲਰ ਡਾ. ਸੁਸ਼ੀਲ ਮਿੱਤਲ ਨੇ ਕਿਹਾ ਕਿ ਕੁੜੀਆਂ ਯੂਨੀਵਰਸਿਟੀ ‘ਚ ਮੁੰਡਿਆਂ ਨਾਲ ਡਾਂਡੀਆ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਚਾਹੁੰਦੀਆਂ ਸਨ। ਉਨ੍ਹਾਂ ਨੂੰ ਰਾਤ 8 ਵਜੇ ਤੱਕ ਇਜਾਜ਼ਤ ਦਿੱਤੀ ਗਈ ਸੀ, ਪਰ ਉਹ ਰਾਤ 10 ਵਜੇ ਤੱਕ ਡਾਂਡੀਆ ਖੇਡਣ ਦੀ ਮੰਗ ਕਰ ਰਹੀਆਂ ਸਨ। ਸੁਰੱਖਿਆ ਕਾਰਨਾਂ ਕਰਕੇ ਇਨਕਾਰ ਕਰ ਦਿੱਤਾ ਗਿਆ।
ਪੀਟੀਯੂ ਮਨੇਜਮੈਂਟ ਨੇ ਸਥਿਤੀ ਨੂੰ ਦੇਖਦੇ ਹੋਏ 3 ਅਕਤੂਬਰ ਤੱਕ ਕੈਂਪਸ ‘ਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਅਧਿਕਾਰੀਆਂ ਦੀ ਕਹਿਣਾ ਹੈ ਕਿ ਉਹ ਸਿਰਫ਼ ਨਿਯਮਾਂ ਦੇ ਆਧਾਰ ‘ਤੇ ਪ੍ਰੋਗਰਾਮ ਦੀ ਇਜਾਜ਼ਤ ਦੇ ਸਕਦੇ ਹਨ। ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਮਨੇਜਮੈਂਟ ਮੁੰਡੇ ਤੇ ਕੁੜੀਆਂ ਨਾਲ ਭੇਦਭਾਵ ਕਰ ਰਿਹਾ ਹੈ।