Home latest News ਤਿੰਨ ਮਹੀਨਿਆਂ ਤੋਂ 28 ਸਾਲਾ ਨੌਜਵਾਨ ਲਾਪਤਾ, ਪਰਿਵਾਰ ਨੇ ਪੁਲਿਸ ਦੀ ਕਾਰਵਾਈ...

ਤਿੰਨ ਮਹੀਨਿਆਂ ਤੋਂ 28 ਸਾਲਾ ਨੌਜਵਾਨ ਲਾਪਤਾ, ਪਰਿਵਾਰ ਨੇ ਪੁਲਿਸ ਦੀ ਕਾਰਵਾਈ ‘ਤੇ ਚੁੱਕੇ ਗੰਭੀਰ ਸਵਾਲ, ਧਰਨੇ ਦੀ ਚਿਤਾਵਨੀ

5
0

ਅੰਮ੍ਰਿਤਸਰ ਦੇ ਪਿੰਡ ਮੂਲੇ ਚੱਕ ‘ਚ ਇੱਕ 28 ਸਾਲਾ ਨੌਜਵਾਨ ਦੇ ਪਿਛਲੇ ਤਿੰਨ ਮਹੀਨਿਆਂ ਤੋਂ ਲਾਪਤਾ ਹੋਣ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ‘ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਆਪਣੇ ਪੁੱਤਰ ਨੂੰ ਜਲਦ ਲੱਭਣ ਦੀ ਮੰਗ ਕੀਤੀ ਹੈ।

31 ਅਗਸਤ ਨੂੰ ਘਰੋਂ ਗਿਆ ਤੇ ਵਾਪਸ ਨਹੀਂ ਆਇਆ

ਪਰਿਵਾਰ ਮੁਤਾਬਕ ਜਤਿੰਦਰ ਸਿੰਘ 31 ਅਗਸਤ ਨੂੰ ਘਰੋਂ ਗਿਆ ਸੀ, ਜਿਸ ਤੋਂ ਬਾਅਦ ਉਹ ਵਾਪਸ ਨਹੀਂ ਆਇਆ। ਪਰਿਵਾਰ ਦਾ ਇਲਜ਼ਾਮ ਹੈ ਕਿ ਉਸ ਦੀ ਗੁੰਮਸ਼ੁਦਗੀ ਤੋਂ ਪਹਿਲਾਂ ਉਸ ਦੀ ਕੁਝ ਵਿਅਕਤੀਆਂ ਨਾਲ ਰੰਜਿਸ਼ ਸੀ। ਪਰਿਵਾਰ ਇਸ ਮਾਮਲੇ ਨੂੰ ਕੁਝ ਮਹੀਨੇ ਪਹਿਲਾਂ ਦਾਣਾ ਮੰਡੀ ਨੇੜੇ ਏਐਸਆਈ ਹਰਜੀਤ ਸਿੰਘ ਦੇ ਹੋਏ ਕਤਲ ਨਾਲ ਵੀ ਜੋੜ ਕੇ ਦੇਖ ਰਿਹਾ ਹੈ।

ਪਰਿਵਾਰ ਨੇ ਦਾਅਵਾ ਕੀਤਾ ਕਿ ਲਾਪਤਾ ਨੌਜਵਾਨ ਦੀ ਐਕਟਿਵਾ ਵੀ ਬਰਾਮਦ ਹੋਈ ਸੀ, ਜਿਸ ਦਾ ਰੰਗ ਬਦਲ ਕੇ ਚਿੱਟੇ ਤੋਂ ਕਾਲਾ ਕਰ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਉਨ੍ਹਾਂ ਨੂੰ ਆਪਣੇ ਪੁੱਤਰ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਥਾਣੇ ਦੇ ਐਸਐਚਓ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਇਨਸਾਫ਼ ਦੀ ਗੁਹਾਰ ਲਗਾ ਚੁੱਕੇ ਹਨ, ਪਰ ਹਾਲੇ ਤੱਕ ਉਨ੍ਹਾਂ ਨੂੰ ਕੋਈ ਸੰਤੋਸ਼ਜਨਕ ਜਵਾਬ ਨਹੀਂ ਮਿਲਿਆ।

ਮਾਮਲੇ ਦੀ ਜਾਂਚ ਜਾਰੀ: ਪੁਲਿਸ

ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਗੁੰਮਸ਼ੁਦਗੀ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਤੇ ਨੌਜਵਾਨ ਦੀ ਭਾਲ ਜਾਰੀ ਹੈ। ਪਿੰਡ ਵਾਸੀਆਂ ਤੇ ਪੀੜਤ ਪਰਿਵਾਰ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਨੌਜਵਾਨ ਦਾ ਕੋਈ ਸੁਰਾਗ ਨਾ ਲੱਗਿਆ ਤਾਂ ਆਉਣ ਵਾਲੇ ਦਿਨਾਂ ‘ਚ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਧਰਨਾ ਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ।

ਪਰਿਵਾਰ ਵੱਲੋਂ ਸਵਾਲ ਕੀਤਾ ਜਾ ਰਿਹਾ ਹੈ ਕਿ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ 28 ਸਾਲਾ ਜਤਿੰਦਰ ਸਿੰਘ ਕਿੱਥੇ ਹੈ? ਪਰਿਵਾਰ ਨੂੰ ਆਪਣੇ ਪੁੱਤਰ ਬਾਰੇ ਜਵਾਬ ਕਦੋਂ ਮਿਲੇਗਾ?

LEAVE A REPLY

Please enter your comment!
Please enter your name here