Home latest News Punjab ਭਰ ‘ਚ 27 ਨਵੰਬਰ ਨੂੰ ਹੋਵੇਗੀ ਬਲੈਕਆਊਟ ਮੌਕ ਡ੍ਰਿਲ, ਰਾਤ 8...

Punjab ਭਰ ‘ਚ 27 ਨਵੰਬਰ ਨੂੰ ਹੋਵੇਗੀ ਬਲੈਕਆਊਟ ਮੌਕ ਡ੍ਰਿਲ, ਰਾਤ 8 ਵਜੇ ਵੱਜਣਗੇ ਸਾਇਰਨ

4
0
ਪੰਜਾਬ ‘ਚ ਨਾਗਰਿਕ ਸੁਰੱਖਿਆ ਪ੍ਰਬੰਧਾਂ ਤੇ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਦੀਆਂ ਤਿਆਰੀਆਂ ਨੂੰ ਪਰਖਣ ਲਈ 27 ਨਵੰਬਰ ਨੂੰ ਪੂਰੇ ਸੂਬੇ ‘ਚ ਏਅਰ ਰੇਡ ਤੇ ਬਲੈਕਆਊਟ ਮੌਕ ਡ੍ਰਿਲ ਕਰਵਾਈ ਜਾਵੇਗੀ। ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ‘ਤੇ ਇਹ ਅਭਿਆਸ ਸਾਰੇ ਜ਼ਿਲ੍ਹਿਆਂ ‘ਚ ਰਾਤ 8 ਵਜੇ ਸ਼ੁਰੂ ਹੋਵੇਗਾ। ਇਸ ਦੌਰਾਨ ਸਾਇਰਨ ਵਜਾ ਕੇ ਲੋਕਾਂ ਨੂੰ ਹਵਾਈ ਹਮਲੇ ਦੀ ਚਿਤਾਵਨੀ ਦੇਣ ਦੀ ਪ੍ਰਕਿਰਿਆ ਦਾ ਅਭਿਆਸ ਕੀਤਾ ਜਾਵੇਗਾ।
ਦੋ ਮਿੰਟ ਤੱਕ ਵੱਜਣਗੇ ਸਾਇਰਨ, ਚੁਣੇ ਇਲਾਕਿਆਂ ‘ਚ ਹੋਵੇਗਾ ਬਲੈਕਆਊਟ
ਮੌਕ ਡ੍ਰਿਲ ਦੀ ਸ਼ੁਰੂਆਤ ਦੋ ਮਿੰਟ ਤੱਕ ਉੱਚੀ ਤੇ ਹੌਲੀ ਆਵਾਜ਼ ਵਾਲੇ ਸਾਇਰਨ ਵਜਾ ਕੇ ਕੀਤੀ ਜਾਵੇਗੀ। ਇਸ ਤੋਂ ਬਾਅਦ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਤੇ ਸਿਵਲ ਡਿਫੈਂਸ ਕੰਟਰੋਲਰ ਵੱਲੋਂ ਚੁਣੇ ਗਏ ਇਲਾਕਿਆਂ ‘ਚ ਸੰਕੇਤਕ ਬਲੈਕਆਊਟ ਕੀਤਾ ਜਾਵੇਗਾ। ਇਸ ਦੌਰਾਨ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣ ਲਈ ਕਿਹਾ ਗਿਆ ਹੈ। ਹਾਲਾਂਕਿ, ਹਸਪਤਾਲਾਂ ਤੇ ਹੋਰ ਜ਼ਰੂਰੀ ਸੇਵਾਵਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ।
ਅੱਗ ਬੁਝਾਉਣ ਤੋਂ ਲੈ ਕੇ ਬਚਾਅ ਕਾਰਜਾਂ ਤੱਕ ਹੋਵੇਗਾ ਅਭਿਆਸ
ਇਸ ਮੌਕ ਡ੍ਰਿਲ ਦੌਰਾਨ ਵੱਖ-ਵੱਖ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਦੀ ਤਿਆਰੀ ਵੀ ਪਰਖੀ ਜਾਵੇਗੀ। ਇਸ ‘ਚ ਅੱਗ ਬੁਝਾਉਣ, ਤਲਾਸ਼ੀ ਤੇ ਬਚਾਅ ਕਾਰਜ, ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ਤੱਕ ਪਹੁੰਚਾਉਣ ਦਾ ਅਭਿਆਸ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਆਵਾਜਾਈ ਤੇ ਭੀੜ ਨੂੰ ਕੰਟਰੋਲ ਕਰਨ ਸਬੰਧੀ ਪ੍ਰਬੰਧਾਂ ਦੀ ਵੀ ਜਾਂਚ ਕੀਤੀ ਜਾਵੇਗੀ। ਅਭਿਆਸ ਦੇ ਅੰਤ ‘ਚ ਲਗਾਤਾਰ ਦੋ ਮਿੰਟ ਤੱਕ ਉੱਚੀ ਆਵਾਜ਼ ਵਾਲਾ ਸਾਇਰਨ ਵਜਾਇਆ ਜਾਵੇਗਾ, ਜੋ ਆਲ ਕਲੀਅਰ ਦਾ ਸੰਕੇਤ ਹੋਵੇਗਾ।
ਪ੍ਰਸ਼ਾਸਨ ਨੇ ਲੋਕਾਂ ਨੂੰ ਨਾ ਘਬਰਾਉਣ ਦੀ ਕੀਤੀ ਅਪੀਲ
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ 27 ਨਵੰਬਰ ਨੂੰ ਸਾਇਰਨ ਦੀ ਆਵਾਜ਼ ਸੁਣ ਕੇ ਘਬਰਾਉਣ ਦੀ ਲੋੜ ਨਹੀਂ ਹੈ। ਇਹ ਕਿਸੇ ਅਸਲ ਹਵਾਈ ਹਮਲੇ ਦੀ ਚਿਤਾਵਨੀ ਨਹੀਂ, ਸਗੋਂ ਨਾਗਰਿਕ ਸੁਰੱਖਿਆ ਪ੍ਰਬੰਧਾਂ ਦੀ ਤਿਆਰੀ ਪਰਖਣ ਲਈ ਕਰਵਾਈ ਜਾ ਰਹੀ ਨਿਯਮਤ ਮੌਕ ਡ੍ਰਿਲ ਹੈ।
ਇਸ ਅਭਿਆਸ ਦਾ ਮੁੱਖ ਮਕਸਦ ਕਿਸੇ ਵੀ ਅਣਸੁਖਾਵੀਂ ਸਥਿਤੀ ਦੌਰਾਨ ਪੁਲਿਸ, ਪ੍ਰਸ਼ਾਸਨ, ਸਿਹਤ ਵਿਭਾਗ, ਫਾਇਰ ਬ੍ਰਿਗੇਡ ਤੇ ਹੋਰ ਸਬੰਧਤ ਵਿਭਾਗਾਂ ਵਿਚਾਲੇ ਤਾਲਮੇਲ ਨੂੰ ਮਜ਼ਬੂਤ ਕਰਨਾ ਹੈ, ਤਾਂ ਜੋ ਐਮਰਜੈਂਸੀ ਸਮੇਂ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

LEAVE A REPLY

Please enter your comment!
Please enter your name here