Home Crime Ludhiana Court ‘ਚ ਬੰਬ ਧਮਾਕੇ ਦੀ ਧਮਕੀ, ਲੋਕ ਅਦਾਲਤ ਦੌਰਾਨ ਸੈਸ਼ਨ ਜੱਜ...

Ludhiana Court ‘ਚ ਬੰਬ ਧਮਾਕੇ ਦੀ ਧਮਕੀ, ਲੋਕ ਅਦਾਲਤ ਦੌਰਾਨ ਸੈਸ਼ਨ ਜੱਜ ਨੂੰ ਆਈ ਈਮੇਲ

10
0

ਲੁਧਿਆਣਾ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੂੰ ਸ਼ਨਿਵਾਰ ਨੂੰ ਇੱਕ ਈਮੇਲ ਰਾਹੀਂ ਬੰਬ ਧਮਾਕੇ ਨਾਲ ਉਡਾਉਣ ਦੀ ਸਨਸਨੀਖੇਜ਼ ਧਮਕੀ ਮਿਲੀ ਹੈ।

ਲੁਧਿਆਣਾ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੂੰ ਸ਼ਨਿਵਾਰ ਨੂੰ ਇੱਕ ਈਮੇਲ ਰਾਹੀਂ ਬੰਬ ਧਮਾਕੇ ਨਾਲ ਉਡਾਉਣ ਦੀ ਸਨਸਨੀਖੇਜ਼ ਧਮਕੀ ਮਿਲੀ ਹੈ। ਇਹ ਧਮਕੀ ਭਰਿਆ ਸੰਦੇਸ਼ ਅਜਿਹੇ ਨਾਜ਼ੁਕ ਸਮੇਂ ਸਾਹਮਣੇ ਆਇਆ ਜਦੋਂ ਅਦਾਲਤੀ ਕੰਪਲੈਕਸ ਵਿੱਚ ਕੇਸਾਂ ਦੇ ਨਿਪਟਾਰੇ ਲਈ ਨੈਸ਼ਨਲ ਲੋਕ ਅਦਾਲਤ ਚੱਲ ਰਹੀ ਸੀ ਅਤੇ ਉੱਥੇ ਜੱਜਾਂ, ਵਕੀਲਾਂ ਸਮੇਤ ਸੈਂਕੜਿਆਂ ਦੀ ਤਾਦਾਦ ਵਿੱਚ ਆਮ ਲੋਕ ਹਾਜ਼ਰ ਸਨ। ਈਮੇਲ ਮਿਲਦੇ ਸਾਰ ਹੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਿੱਚ ਭਾਜੜ ਪੈ ਗਈ। ਸੁਰੱਖਿਆ ਏਜੰਸੀਆਂ ਨੂੰ ਤੁਰੰਤ ਹਾਈ ਅਲਰਟ ‘ਤੇ ਕਰ ਦਿੱਤਾ ਗਿਆ ਅਤੇ ਡੌਗ ਸਕੁਐਡ ਦੇ ਨਾਲ-ਨਾਲ ਬੰਬ ਨਿਰੋਧਕ ਦਸਤੇ ਨੇ ਪੂਰੇ ਅਦਾਲਤੀ ਕੰਪਲੈਕਸ ਦੀ ਬਾਰੀਕੀ ਨਾਲ ਤਲਾਸ਼ੀ ਮੁਹਿੰਮ ਵਿੱਢ ਦਿੱਤੀ।
ਜਾਣਕਾਰੀ ਮੁਤਾਬਕ, ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਧਿਕਾਰਤ ਈਮੇਲ ਆਈਡੀ ‘ਤੇ 12 ਸਤੰਬਰ ਨੂੰ deniseseward01@gmail.com ਨਾਮਕ ਈਮੇਲ ਪਤੇ ਤੋਂ ਇਹ ਧਮਕੀ ਭਰਿਆ ਸੁਨੇਹਾ ਭੇਜਿਆ ਗਿਆ। ਈਮੇਲ ਭੇਜਣ ਵਾਲੇ ਅਨਸਰ ਨੇ ਖ਼ੁਦ ਨੂੰ ਖ਼ਾਲਿਸਤਾਨ ਨੈਸ਼ਨਲ ਆਰਮੀ ਅਤੇ ਬੱਬਰ ਖ਼ਾਲਸਾ (ਪਰਮਾਰ-ਕੈਨੇਡਾ) ਨਾਲ ਸਬੰਧਤ ਹੋਣ ਦਾ ਦਾਅਵਾ ਕੀਤਾ ਹੈ। ਇਸ ਖ਼ੌਫ਼ਨਾਕ ਮੈਸੇਜ ਵਿੱਚ ਦੁਪਹਿਰ 1:11 ਵਜੇ ਅਦਾਲਤੀ ਪਰਿਸਰ ਦੇ ਅੰਦਰ ਜ਼ਬਰਦਸਤ ਬੰਬ ਧਮਾਕਾ ਕਰਨ ਦੀ ਸਿੱਧੀ ਚਿਤਾਵਨੀ ਦਿੱਤੀ ਗਈ ਸੀ।

ਹਵਾਈ ਅੱਡਿਆਂ ਅਤੇ ਸਿਆਸੀ ਆਗੂਆਂ ‘ਤੇ ਵੀ ਹਮਲੇ ਦੀ ਚੇਤਾਵਨੀ

ਸਾਹਮਣੇ ਆਈ ਇਸ ਧਮਕੀ ਭਰੀ ਈਮੇਲ ਵਿੱਚ ਨਾ ਸਿਰਫ਼ ਲੁਧਿਆਣਾ ਜ਼ਿਲ੍ਹਾ ਅਦਾਲਤ ਅਤੇ ਚੱਲ ਰਹੀ ਲੋਕ ਅਦਾਲਤ ਨੂੰ ਉਡਾਉਣ ਦੀ ਗੱਲ ਕਹੀ ਗਈ ਹੈ, ਸਗੋਂ ਮੋਹਾਲੀ ਅਤੇ ਹਲਵਾਰਾ ਏਅਰਪੋਰਟ ਨੂੰ ਵੀ ਹਿੰਸਕ ਨਿਸ਼ਾਨਾ ਬਣਾਉਣ ਦੀ ਖੁੱਲ੍ਹੀ ਧਮਕੀ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਸ਼ਰਾਰਤੀ ਅਨਸਰ ਵੱਲੋਂ ਸੂਬੇ ਦੇ ਕੁਝ ਪ੍ਰਮੁੱਖ ਸਿਆਸੀ ਨੇਤਾਵਾਂ ਨੂੰ ਵੀ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ, ਜਿਸ ਕਾਰਨ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੁਲਿਸ ਵਿਭਾਗ ਦੇ ਕੰਨ ਖੜ੍ਹੇ ਹੋ ਗਏ ਹਨ।

ਜ਼ਿਲ੍ਹਾ ਜੱਜ ਨੇ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਸੁਰੱਖਿਆ ਦੇ ਦਿੱਤੇ ਆਦੇਸ਼

ਸੰਵੇਦਨਸ਼ੀਲ ਧਮਕੀ ਪ੍ਰਾਪਤ ਹੁੰਦੇ ਹੀ ਲੁਧਿਆਣਾ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਬਿਨਾਂ ਦੇਰੀ ਕੀਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਅਧਿਕਾਰਤ ਪੱਤਰ ਲਿਖ ਕੇ ਸਮੁੱਚੇ ਮਾਮਲੇ ਤੋਂ ਜਾਣੂ ਕਰਵਾਇਆ। ਉਨ੍ਹਾਂ ਪੱਤਰ ਰਾਹੀਂ ਹਦਾਇਤ ਕੀਤੀ ਕਿ ਕਚਹਿਰੀ ਵਿੱਚ ਮੌਜੂਦ ਜੁਡੀਸ਼ੀਅਲ ਅਧਿਕਾਰੀਆਂ, ਅਦਾਲਤੀ ਮੁਲਾਜ਼ਮਾਂ, ਵਕੀਲਾਂ ਅਤੇ ਆਪਣੇ ਕੇਸਾਂ ਦੇ ਸਿਲਸਿਲੇ ਵਿੱਚ ਪੁੱਜੇ ਆਮ ਨਾਗਰਿਕਾਂ ਦੀ ਜਾਨ-ਮਾਲ ਦੀ ਸੁਰੱਖਿਆ ਹਰ ਹਾਲ ਯਕੀਨੀ ਬਣਾਈ ਜਾਵੇ। ਇਸ ਦੇ ਨਾਲ ਹੀ ਅਦਾਲਤੀ ਇਮਾਰਤ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਤੁਰੰਤ ਠੋਸ ਅਤੇ ਸਖ਼ਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ। ਪੁਲਿਸ ਦੀਆਂ ਸਾਈਬਰ ਅਤੇ ਤਕਨੀਕੀ ਟੀਮਾਂ ਈਮੇਲ ਭੇਜਣ ਵਾਲੇ ਦਾ ਆਈਪੀ ਐਡਰੈੱਸ ਟਰੇਸ ਕਰਨ ਵਿੱਚ ਜੁਟੀਆਂ ਹੋਈਆਂ ਹਨ।

LEAVE A REPLY

Please enter your comment!
Please enter your name here