Home Desh Punjab ‘ਚ ਚੀਨੀ ਦੇ ਭਾਅ 70 ਰੁਪਏ ਤੱਕ ਪਹੁੰਚੇ, ਗੰਨੇ ਦੀ ਘਟਦੀ...

Punjab ‘ਚ ਚੀਨੀ ਦੇ ਭਾਅ 70 ਰੁਪਏ ਤੱਕ ਪਹੁੰਚੇ, ਗੰਨੇ ਦੀ ਘਟਦੀ ਪੈਦਾਵਾਰ ਨੇ ਵਧਾਈ ਚਿੰਤਾ

8
0

ਪੰਜਾਬ ਵਿੱਚ ਡੇਢ ਮਹੀਨਾ ਪਹਿਲਾਂ 40 ਤੋਂ 45 ਰੁਪਏ ਪ੍ਰਤੀ ਕਿਲੋ ਦੇ ਰੇਟ ‘ਤੇ ਚੀਨੀ ਮਿਲ ਰਹੀ ਸੀ

ਪੰਜਾਬ ਵਿੱਚ ਇੱਕ ਪਾਸੇ ਗੰਨੇ ਦੀ ਪੈਦਾਵਾਰ ਘਟਦੀ ਜਾ ਰਹੀ ਹੈ ਅਤੇ ਦੂਜੇ ਪਾਸੇ ਪਿਛਲੇ ਕੁਝ ਦਿਨਾਂ ਤੋਂ ਚੀਨੀ ਦੀਆਂ ਕੀਮਤਾਂ ਵਿੱਚ ਵੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਗੰਨੇ ਦੀ ਘਟਦੀ ਖੇਤੀ ਕਾਰਨ ਕੇਂਦਰ ਅਤੇ ਸੂਬਾ ਸਰਕਾਰ ਦੇ ਫ਼ਸਲੀ ਵਿਭਿੰਨਤਾ ਦੇ ਯਤਨਾਂ ਨੂੰ ਵੀ ਝਟਕਾ ਲੱਗਾ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਇਹ ਸੰਕਟ ਹੋਰ ਡੂੰਘਾ ਹੋ ਸਕਦਾ ਹੈ। ਗੰਨਾ ਵਿਕਾਸ ਡਾਇਰੈਕਟੋਰੇਟ ਦੀ ਰਿਪੋਰਟ ਮੁਤਾਬਕ, ਸੂਬੇ ਵਿੱਚ ਪਿਛਲੇ ਛੇ ਸਾਲਾਂ ਦੌਰਾਨ ਗੰਨੇ ਦੀ ਪੈਦਾਵਾਰ ਵਿੱਚ ਔਸਤ 7.74 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਸੂਬਾ ਸਰਕਾਰ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਕਈ ਯਤਨ ਕਰ ਰਹੀ ਹੈ, ਪਰ ਇਸ ਦੇ ਬਾਵਜੂਦ ਸਰਕਾਰ ਨੂੰ ਉਮੀਦ ਮੁਤਾਬਕ ਨਤੀਜੇ ਨਹੀਂ ਮਿਲ ਰਹੇ ਹਨ। ਹਰ ਸਾਲ ਹੀ ਗੰਨੇ ਦੀ ਪੈਦਾਵਾਰ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੂਬੇ ਵਿੱਚ ਸਾਲ 2020-21 ਦੌਰਾਨ ਗੰਨੇ ਦੀ 74.9 ਲੱਖ ਟਨ ਪੈਦਾਵਾਰ ਹੋਈ ਸੀ, ਜੋ 2021-22 ਵਿੱਚ ਘਟ ਕੇ 71.3 ਲੱਖ ਟਨ ਰਹਿ ਗਈ। ਇਸੇ ਤਰ੍ਹਾਂ 2022-23 ਅਤੇ 2023-24 ਦੌਰਾਨ 75.1 ਲੱਖ ਟਨ ਪੈਦਾਵਾਰ ਦਰਜ ਕੀਤੀ ਗਈ, ਪਰ ਮੁੜ ਇਸ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਅਤੇ ਸਾਲ 2024-25 ਦੌਰਾਨ ਪੈਦਾਵਾਰ ਘਟ ਕੇ 72.8 ਲੱਖ ਟਨ ਰਹਿ ਗਈ। ਇਸੇ ਤਰ੍ਹਾਂ ਸਾਲ 2025-26 ਦੌਰਾਨ ਪਿਛਲੇ ਕੁਝ ਸਾਲਾਂ ਵਿੱਚ ਸਭ ਤੋਂ ਘੱਟ 69.1 ਲੱਖ ਟਨ ਪੈਦਾਵਾਰ ਹੋਈ ਹੈ, ਜਿਸ ਨੇ ਸਰਕਾਰ ਦੀ ਚਿੰਤਾ ਵੀ ਵਧਾ ਦਿੱਤੀ ਹੈ।
ਪਿਛਲੇ ਕੁਝ ਸਾਲਾਂ ਤੋਂ ਗੰਨੇ ਦੀ ਫ਼ਸਲ ਦੇ ਰਕਬੇ ਵਿੱਚ ਵੀ ਕਮੀ ਆਈ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਚੀਨੀ ਦੀਆਂ ਕੀਮਤਾਂ ‘ਤੇ ਹੋਰ ਅਸਰ ਦੇਖਣ ਨੂੰ ਮਿਲ ਸਕਦਾ ਹੈ। ਪਿਛਲੇ ਇੱਕ ਮਹੀਨੇ ਦੇ ਅੰਦਰ ਹੀ ਚੀਨੀ ਦੀਆਂ ਕੀਮਤਾਂ ਕਈ ਗੁਣਾ ਵੱਧ ਗਈਆਂ ਹਨ।
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬੇ ਦੇ ਗੰਨਾ ਕਿਸਾਨਾਂ ਨੂੰ ਸਰਕਾਰ ਸਭ ਤੋਂ ਵੱਧ ਕੀਮਤ ਦਿੰਦੀ ਰਹੀ ਹੈ ਅਤੇ ਅੱਗੇ ਵੀ ਇਸ ਨੂੰ ਜਾਰੀ ਰੱਖਿਆ ਜਾਵੇਗਾ। ਸੂਬਾ ਸਰਕਾਰ ਗੰਨੇ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਉੱਨਤ ਬੀਜਾਂ ਦੀ ਸਪਲਾਈ, ਸਬਸਿਡੀ ਵਾਲੀ ਖੇਤੀ ਮਸ਼ੀਨਰੀ, ਖਾਦ, ਨਦੀਨਨਾਸ਼ਕ ਅਤੇ ਕੀਟਨਾਸ਼ਕ, ਮਿੱਟੀ ਜਾਂਚ ਦੀਆਂ ਸਹੂਲਤਾਂ, ਜਾਗਰੂਕਤਾ ਕੈਂਪ ਅਤੇ ਟ੍ਰੇਨਿੰਗ ਪ੍ਰੋਗਰਾਮਾਂ ‘ਤੇ ਕੰਮ ਕਰ ਰਹੀ ਹੈ।

ਕਿਸਾਨਾਂ ਨੂੰ ਸਮੇਂ ਸਿਰ ਮਿਲੇ ਫ਼ਸਲ ਦਾ ਭਾਅ

ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਖੇਤੀਬਾੜੀ ਮਾਹਰ ਵਿਨੋਦ ਕੁਮਾਰ ਚੌਧਰੀ ਨੇ ਦੱਸਿਆ ਕਿ ਪੰਜਾਬ ਵਿੱਚ ਕਿਸਾਨਾਂ ਵੱਲੋਂ ਗੰਨੇ ਦੀ ਖੇਤੀ ਤੋਂ ਦੂਰੀ ਬਣਾਉਣ ਦਾ ਸਭ ਤੋਂ ਵੱਡਾ ਕਾਰਨ ਭੁਗਤਾਨ ਵਿੱਚ ਦੇਰੀ ਹੋਣਾ ਹੈ। ਇਸ ਤੋਂ ਇਲਾਵਾ ਫ਼ਸਲ ਦੀ ਕਟਾਈ ਲਈ ਮਜ਼ਦੂਰਾਂ ਦੀ ਭਾਰੀ ਕਮੀ ਅਤੇ ਲਾਗਤ ਵਧਣਾ ਵੀ ਇਸ ਦੇ ਵੱਡੇ ਕਾਰਨ ਹਨ। ਇਹੀ ਕਾਰਨ ਹੈ ਕਿ ਕਿਸਾਨ ਝੋਨੇ ਅਤੇ ਕਣਕ ਵਰਗੀਆਂ ਫ਼ਸਲਾਂ ਵੱਲ ਰੁਖ ਕਰ ਰਹੇ ਹਨ। ਪਹਿਲਾਂ ਹੀ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਘਟ ਰਿਹਾ ਹੈ। ਅਜਿਹੇ ਵਿੱਚ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਿਸਾਨਾਂ ਨੂੰ ਫ਼ਸਲ ਦਾ ਭਾਅ ਸਮੇਂ ਸਿਰ ਮਿਲੇ।

ਚੀਨੀ ਦੀ ਜਮਾਖੋਰੀ ‘ਤੇ ਵੀ ਸਰਕਾਰ ਦੀ ਸਖ਼ਤੀ

ਚੀਨੀ ਦੀ ਜਮਾਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਸਟਾਕ ਅਤੇ ਬਾਜ਼ਾਰ ਵਿੱਚ ਸਪਲਾਈ ਦੀ ਨਿਗਰਾਨੀ ਸਖ਼ਤ ਕਰ ਦਿੱਤੀ ਹੈ। ਹੁਣ ਕੋਈ ਵੀ ਚੀਨੀ ਕਾਰੋਬਾਰੀ ਇੱਕ ਥਾਂ ‘ਤੇ 4000 ਕੁਇੰਟਲ ਤੋਂ ਵੱਧ ਸਟਾਕ ਨਹੀਂ ਰੱਖ ਸਕੇਗਾ। ਇਸ ਤੋਂ ਇਲਾਵਾ ਖਰੀਦੀ ਗਈ ਚੀਨੀ ਨੂੰ 30 ਦਿਨਾਂ ਤੋਂ ਵੱਧ ਸਮੇਂ ਤੱਕ ਰੱਖਣ ‘ਤੇ ਵੀ ਰੋਕ ਰਹੇਗੀ। ਇਹ ਵਿਵਸਥਾ 30 ਨਵੰਬਰ 2026 ਤੱਕ ਲਾਗੂ ਰਹੇਗੀ। ਖੁਰਾਕ ਅਤੇ ਨਾਗਰਿਕ ਸਪਲਾਈ ਮੰਤਰੀ ਲਾਲਚੰਦ ਕਟਾਰੂਚਕ ਨੇ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਵਿਭਾਗੀ ਅਧਿਕਾਰੀਆਂ ਨੂੰ ਚੀਨੀ ਦੀ ਉਪਲਬਧਤਾ, ਸਟਾਕ ਅਤੇ ਬਾਜ਼ਾਰ ਵਿੱਚ ਸਪਲਾਈ ‘ਤੇ ਲਗਾਤਾਰ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਲੋੜੀਂਦੀ ਮਾਤਰਾ ਵਿੱਚ ਚੀਨੀ ਉਪਲਬਧ ਕਰਵਾਉਣਾ ਸਰਕਾਰ ਦੀ ਪਹਿਲੀ ਤਰਜੀਹ ਹੈ।

ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਕਰ ਰਹੇ ਕੰਮ : ਨਵਦੀਪ ਜੀਦਾ

ਸ਼ੂਗਰਫੈੱਡ ਦੇ ਪ੍ਰਧਾਨ ਨਵਦੀਪ ਜੀਦਾ ਨੇ ਕਿਹਾ ਕਿ ਸਰਕਾਰੀ ਚੀਨੀ ਮਿੱਲਾਂ ਸਿਰਫ਼ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਚੀਨੀ ਤਿਆਰ ਕਰ ਰਹੀਆਂ ਹਨ, ਜਦੋਂਕਿ ਨਿੱਜੀ ਮਿੱਲਾਂ ਵਾਲੇ ਪੈਸੇ ਨੂੰ ਤਰਜੀਹ ਦੇ ਕੇ ਐਥੇਨੌਲ ਤਿਆਰ ਕਰਨ ਵਿੱਚ ਜੁਟ ਗਏ ਹਨ, ਜਿਸ ਕਾਰਨ ਚੀਨੀ ਦੀ ਕਮੀ ਹੋਰ ਵੱਧ ਰਹੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਵੀ ਐਥੇਨੌਲ ਬਣਾਉਣ ਲਈ ਯੋਜਨਾ ਭੇਜੀ ਸੀ, ਜਿਸ ਤਹਿਤ 90 ਫ਼ੀਸਦੀ ਪੈਸਾ ਕੇਂਦਰ ਸਰਕਾਰ ਅਤੇ 10 ਫ਼ੀਸਦੀ ਪੈਸਾ ਸੂਬਾ ਸਰਕਾਰ ਵੱਲੋਂ ਲਗਾਇਆ ਜਾਣਾ ਸੀ।
ਸੂਬਾ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਚੀਨੀ ਬਣਾਉਣ ਨੂੰ ਤਰਜੀਹ ਦਿੱਤੀ ਅਤੇ ਕੇਂਦਰ ਸਰਕਾਰ ਦੀ ਐਥੇਨੌਲ ਪਲਾਂਟ ਵਾਲੀ ਯੋਜਨਾ ਨੂੰ ਸਿਰੇ ਤੋਂ ਨਕਾਰ ਦਿੱਤਾ। ਨਾਮਧਾਰੀ ਸਟੋਰ ਸੰਚਾਲਕ ਸੁਰਮੁਖ ਸਿੰਘ ਨੇ ਦੱਸਿਆ ਕਿ ਚੀਨੀ ਦਾ ਰੇਟ ਹਰ ਰੋਜ਼ ਬਦਲ ਰਿਹਾ ਹੈ। ਇਸ ਦੀ ਕੀਮਤ ਇੱਕ ਤੋਂ ਦੋ ਰੁਪਏ ਪ੍ਰਤੀ ਦਿਨ ਵੱਧ ਰਹੀ ਹੈ। ਉਨ੍ਹਾਂ ਦੱਸਿਆ ਕਿ ਇੱਕ ਮਹੀਨਾ ਪਹਿਲਾਂ 45 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਚੀਨੀ ਮਿਲਦੀ ਸੀ, ਪਰ ਅੱਜ ਇਹ 70 ਰੁਪਏ ਤੱਕ ਪਹੁੰਚ ਗਈ ਹੈ।
ਦੁਕਾਨਦਾਰ ਮਹੇਸ਼ ਨੇ ਕਿਹਾ ਕਿ ਹਰ ਰੋਜ਼ ਵੱਧ ਰਹੇ ਚੀਨੀ ਦੇ ਰੇਟ ਨੂੰ ਘਟਾਉਣ ਲਈ ਕੇਂਦਰ ਸਰਕਾਰ ਨੂੰ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ। ਨਿੱਜੀ ਮਿੱਲਾਂ ਵਾਲਿਆਂ ਨੂੰ ਕੇਂਦਰ ਸਰਕਾਰ ਸਖ਼ਤ ਹੁਕਮ ਦੇਵੇ, ਤਾਂ ਜੋ ਲੋਕਾਂ ਨੂੰ ਪਹਿਲਾਂ ਵਾਂਗ ਘੱਟ ਰੇਟ ‘ਤੇ ਚੀਨੀ ਆਸਾਨੀ ਨਾਲ ਮਿਲ ਸਕੇ। ਦੁਕਾਨਦਾਰ ਨੇ ਦੱਸਿਆ ਕਿ ਚੀਨੀ ਦੇ ਰੇਟ ਵਧਣ ਕਾਰਨ ਆਮ ਘਰਾਂ ਦੀ ਰਸੋਈ ਦਾ ਬਜਟ ਪੂਰੀ ਤਰ੍ਹਾਂ ਵਿਗੜ ਗਿਆ ਹੈ।

ਇੱਕ ਮਹੀਨੇ ਵਿੱਚ ਕਰੀਬ 35 ਫ਼ੀਸਦੀ ਤੱਕ ਵਧੇ ਦਾਮ : ਕਾਰੋਬਾਰੀ ਰਾਹੁਲ ਅਨੇਜਾ

ਕਾਰੋਬਾਰੀ ਰਾਹੁਲ ਅਨੇਜਾ ਨੇ ਕਿਹਾ ਕਿ ਅੰਮ੍ਰਿਤਸਰ ਦੇ ਬਾਜ਼ਾਰ ਵਿੱਚ ਕਰੀਬ ਇੱਕ ਮਹੀਨਾ ਪਹਿਲਾਂ ਚੀਨੀ 46 ਤੋਂ 48 ਰੁਪਏ ਪ੍ਰਤੀ ਕਿਲੋ ਦੇ ਵਿਚਕਾਰ ਮਿਲ ਰਹੀ ਸੀ। ਅਗਸਤ ਦੇ ਮੱਧ ਤੱਕ ਇਸ ਦਾ ਭਾਅ 54-56 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਅਤੇ ਹੁਣ ਖੁਦਰਾ ਬਾਜ਼ਾਰ ਵਿੱਚ ਕਰੀਬ 65 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ। ਚੀਨੀ ਮਹਿੰਗੀ ਹੋਣ ਨਾਲ ਚਾਹ-ਕੌਫੀ ਤੋਂ ਲੈ ਕੇ ਮਿਠਾਈਆਂ, ਬੇਕਰੀ ਉਤਪਾਦਾਂ ਅਤੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਲਾਗਤ ਵੱਧ ਸਕਦੀ ਹੈ। ਮਿਠਾਈ ਕਾਰੋਬਾਰੀਆਂ ਲਈ ਇਹ ਵਾਧਾ ਖ਼ਾਸ ਤੌਰ ‘ਤੇ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਤਿਉਹਾਰੀ ਸੀਜ਼ਨ ਵਿੱਚ ਉਤਪਾਦਨ ਵਧਾਉਣ ਲਈ ਵੱਡੀ ਮਾਤਰਾ ਵਿੱਚ ਚੀਨੀ ਦੀ ਲੋੜ ਪੈਂਦੀ ਹੈ।

ਮਹਿੰਗਾਈ ਹੋਰ ਵਧਣ ਦਾ ਖ਼ਦਸ਼ਾ

ਕਿਸਾਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਤਿਉਹਾਰੀ ਸੀਜ਼ਨ ਤੋਂ ਠੀਕ ਪਹਿਲਾਂ ਚੀਨੀ ਦੀਆਂ ਕੀਮਤਾਂ ਵਿੱਚ ਇਸ ਤਰ੍ਹਾਂ ਦਾ ਵਾਧਾ ਆਮ ਗੱਲ ਹੈ, ਪਰ ਮੌਜੂਦਾ ਸਮੇਂ ਵਿੱਚ ਗੰਨੇ ਦੀ ਵਰਤੋਂ ਐਥੇਨੌਲ ਬਣਾਉਣ ਵਿੱਚ ਹੋ ਰਹੀ ਹੈ। ਜਿੰਨਾ ਗੰਨਾ ਚੀਨੀ ਮਿੱਲਾਂ ਤੱਕ ਪਹੁੰਚਣਾ ਚਾਹੀਦਾ ਸੀ, ਉਹ ਨਹੀਂ ਪਹੁੰਚ ਸਕਿਆ ਅਤੇ ਇਸੇ ਕਾਰਨ ਚੀਨੀ ਦੀ ਕੀਮਤ ਵਿੱਚ ਵਾਧਾ ਹੋਇਆ ਹੈ। ਕਿਸਾਨ ਆਗੂ ਬਲਵਿੰਦਰ ਸਿੰਘ ਨੇ ਕਿਹਾ ਕਿ ਸਾਵਣ ਮਹੀਨੇ ਦੌਰਾਨ ਹੋਈ ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਗੰਨੇ ਦੀ ਫ਼ਸਲ ਵੀ ਖਰਾਬ ਹੋ ਗਈ। ਇਸ ਨਾਲ ਗੰਨੇ ਦੀ ਗੁਣਵੱਤਾ ਅਤੇ ਬਾਅਦ ਵਿੱਚ ਚੀਨੀ ਦੇ ਉਤਪਾਦਨ ‘ਤੇ ਵੀ ਅਸਰ ਪੈ ਸਕਦਾ ਹੈ।

ਬ੍ਰਾਂਡਿਡ ਚੀਨੀ ਦੇ ਭਾਅ 70 ਰੁਪਏ ਤੋਂ ਵੀ ਵੱਧ

ਪ੍ਰਮੁੱਖ ਰਿਟੇਲ ਕਾਰੋਬਾਰੀ ਰਮਨ ਅਗਰਵਾਲ ਦਾ ਕਹਿਣਾ ਹੈ ਕਿ ਚੀਨੀ ਦੀਆਂ ਕੀਮਤਾਂ ਵਿੱਚ ਲਗਾਤਾਰ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਅੱਜ ਬਾਜ਼ਾਰ ਵਿੱਚ ਖੁਦਰਾ ਚੀਨੀ ਦੇ ਭਾਅ ਗੁਣਵੱਤਾ ਦੇ ਹਿਸਾਬ ਨਾਲ 65 ਰੁਪਏ ਪ੍ਰਤੀ ਕਿਲੋ ਤੋਂ 70 ਰੁਪਏ ਪ੍ਰਤੀ ਕਿਲੋ ਦੇ ਦਾਇਰੇ ਵਿੱਚ ਹਨ, ਜਦੋਂਕਿ ਪੈਕਿੰਗ ਵਾਲੀ ਬ੍ਰਾਂਡਿਡ ਚੀਨੀ ਦੇ ਭਾਅ 70 ਰੁਪਏ ਪ੍ਰਤੀ ਕਿਲੋ ਤੋਂ ਵੀ ਉੱਪਰ ਚੱਲ ਰਹੇ ਹਨ। ਇਸ ਨਾਲ ਆਮ ਲੋਕਾਂ ਦਾ ਬਜਟ ਵਿਗੜ ਰਿਹਾ ਹੈ। ਅਗਸਤ ਤੋਂ ਨਵੰਬਰ ਦੇ ਵਿਚਕਾਰ ਗਣੇਸ਼ ਚਤੁਰਥੀ, ਦਸਹਿਰਾ ਅਤੇ ਦੀਵਾਲੀ ਕਾਰਨ ਮਿਠਾਈਆਂ, ਬੇਕਰੀ ਉਤਪਾਦਾਂ ਅਤੇ ਪੀਣ ਵਾਲੀਆਂ ਚੀਜ਼ਾਂ ਵਿੱਚ ਚੀਨੀ ਦੀ ਖਪਤ ਵੱਧ ਜਾਂਦੀ ਹੈ। ਇਸੇ ਦੌਰਾਨ ਮਹਾਰਾਸ਼ਟਰ ਅਤੇ ਕਰਨਾਟਕ ਵਰਗੇ ਪ੍ਰਮੁੱਖ ਗੰਨਾ ਉਤਪਾਦਕ ਸੂਬਿਆਂ ਵਿੱਚ ਮੌਸਮ ਅਤੇ ਘੱਟ ਬਾਰਿਸ਼ ਕਾਰਨ ਗੰਨੇ ਦੀ ਉਪਲਬਧਤਾ ਪ੍ਰਭਾਵਿਤ ਹੋਈ ਹੈ।

ਹੁਣ ਜ਼ਿਆਦਾ ਸਟਾਕ ਜਮ੍ਹਾਂ ਨਹੀਂ ਕਰ ਸਕਣਗੇ, ਤਿਉਹਾਰੀ ਸੀਜ਼ਨ ਵਿੱਚ ਹੋਵੇਗੀ ਦਿੱਕਤ : ਮਿੱਤਲ

ਜਲੰਧਰ ਦੀ ਚੀਨੀ ਵਪਾਰੀ ਰੇਹਾਨ ਮਿੱਤਲ ਮੁਤਾਬਕ, ਕੇਂਦਰ ਸਰਕਾਰ ਦੇ ਨਿਰਦੇਸ਼ਾਂ ਤਹਿਤ ਹੁਣ ਚੀਨੀ ਦਾ ਜ਼ਿਆਦਾ ਸਟਾਕ ਜਮ੍ਹਾਂ ਨਹੀਂ ਕੀਤਾ ਜਾ ਸਕੇਗਾ। ਮੰਗ ਜ਼ਿਆਦਾ ਅਤੇ ਸਪਲਾਈ ਘੱਟ ਹੋਣ ਕਾਰਨ ਵੀ ਚੀਨੀ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਆਉਣ ਵਾਲੇ ਤਿਉਹਾਰੀ ਸੀਜ਼ਨ ਵਿੱਚ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸ਼ੂਗਰ ਮਿੱਲਾਂ ਹੁਣ ਚੀਨੀ ਬਣਾਉਣ ਦੀ ਬਜਾਏ ਐਥੇਨੌਲ ਬਣਾਉਣ ‘ਤੇ ਜ਼ਿਆਦਾ ਜ਼ੋਰ ਦੇ ਰਹੀਆਂ ਹਨ। ਇਸ ਦੀ ਮੁੱਖ ਵਜ੍ਹਾ ਐਥੇਨੌਲ ਤੋਂ ਹੋਣ ਵਾਲਾ ਮੁਨਾਫ਼ਾ ਹੈ, ਜਿਸ ਕਾਰਨ ਚੀਨੀ ਦੀਆਂ ਕੀਮਤਾਂ ‘ਤੇ ਵੀ ਅਸਰ ਪੈ ਰਿਹਾ ਹੈ।

LEAVE A REPLY

Please enter your comment!
Please enter your name here