ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਮਾਤਾ ਜੀ ਦੀ ਸਿਹਤ ਠੀਕ ਨਹੀਂ ਰਹਿੰਦੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਉਨ੍ਹਾ ਨੇ ਮੁਲਾਕਾਤ ਦੌਰਾਨ ਗਵਰਨਰ ਨਾਲ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਸਬੰਧੀ ਗੱਲਬਾਤ ਕੀਤੀ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਬੀਤੀ ਦਿਨੀਂ ਗਵਰਨਰ ਨੂੰ ਚਿੱਠੀ ਲਿਖ ਕੇ ਪੈਰੋਲ ਦੇਣ ਦੀ ਸਿਫ਼ਾਰਿਸ਼ ਕੀਤੀ ਸੀ ਤੇ ਅੱਜ ਇਸੇ ਮੁੱਦੇ ‘ਤੇ ਉਨ੍ਹਾਂ ਨੇ ਗਵਰਨਰ ਨਾਲ ਮੁਲਾਕਾਤ ਕੀਤੀ।
ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਮਾਤਾ ਜੀ ਦੀ ਸਿਹਤ ਠੀਕ ਨਹੀਂ ਰਹਿੰਦੀ। ਇਸ ਸਬੰਧ ‘ਚ ਪੰਜਾਬ ਸਰਕਾਰ ਨੇ ਪਹਿਲਾਂ ਚਿੱਠੀ ਲਿਖ ਕੇ ਸਿਫ਼ਾਰਿਸ਼ ਕੀਤੀ ਸੀ ਕਿ ਮਨੁੱਖਤਾ ਦੇ ਆਧਾਰ ‘ਤੇ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦਿੱਤੀ ਜਾਵੇ ਤੇ ਹੁਣ ਇਸੇ ਸਿਲਸਿਲੇ ‘ਚ ਅੱਜ ਮੈਂ ਮੁਲਾਕਾਤ ਕਰਨ ਲਈ ਆਇਆ ਸੀ।
ਪੰਜਾਬ ਸਰਕਾਰ ਵੱਲੋਂ 10 ਦਿਨਾਂ ਦੀ ਪੈਰੋਲ ਦੀ ਸਿਫ਼ਾਰਿਸ਼
ਸੀਐਮ ਨੇ ਕਿਹਾ ਕਿ ਗਵਰਨਰ ਯੂਟੀ ਦੇ ਪ੍ਰਸ਼ਾਸਕ ਹਨ ਤੇ ਕੇਸ ਵੀ ਯੂਟੀ ‘ਚ ਚਲਦਾ ਹੈ ਤੇ ਇਨ੍ਹਾਂ ਨੇ (ਯੂਟੀ ਦੇ ਪ੍ਰਸ਼ਾਸਕ ਤੇ ਪੰਜਾਬ ਦੇ ਗਵਰਨਰ ਕਟਾਰੀਆ) ਨੇ ਇੱਥੋਂ ਸਿਫ਼ਾਰਿਸ਼ ਕਰਨੀ ਹੈ। ਉਨ੍ਹਾਂ ਨੇ ਕਿਹਾ ਕਿ ਯੂਟੀ ਦੇ ਪ੍ਰਸ਼ਾਸਕ ਦੀ ਸਿਫ਼ਾਰਿਸ਼ ਤੋਂ ਬਾਅਦ ਅੱਗਿਓਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੈਰੋਲ ਦੇ ਸਬੰਧ ‘ਚ ਫੈਸਲਾ ਲੈਣਾ ਹੈ। ਸੀਐਮ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 10 ਦਿਨ ਦੀ ਪੈਰੋਲ ਦੇਣ ਲਈ ਸਿਫ਼ਾਰਿਸ਼ ਕੀਤੀ ਹੈ, ਬਾਕੀ ਫੈਸਲਾ ਕੇਂਦਰ ਸਰਕਾਰ ਕਰੇਗੀ ਕਿ ਕਿੰਨੇ ਦਿਨਾਂ ਦੀ ਪੈਰੋਲ ਉਨ੍ਹਾਂ ਨੂੰ ਮਿਲੇਗੀ।
ਗਵਰਨਰ ਨੇ ਦਿੱਤਾ ਭਰੋਸਾ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਗਵਰਨਰ ਨੇ ਭਰੋਸਾ ਦਿੱਤਾ ਹੈ ਕਿ ਉਹ ਅੱਜ ਹੀ ਗ੍ਰਹਿ ਵਿਭਾਗ ਦੇ ਸਕੱਤਰ ਨਾਲ ਗੱਲ ਕਰਕੇ ਸਾਰੀਆਂ ਕਾਗਜ਼ੀ ਰਸਮਾਂ ਪੂਰੀਆਂ ਕਰ ਦੇਣਗੇ। ਸੀਐਮ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਜਗਤਾਰ ਸਿੰਘ ਹਵਾਰਾ ਜਲਦ ਹੀ ਆਪਣੇ ਮਾਂ ਦੇ ਸਿਰਹਾਣੇ ਬੈਠੇ ਹੋਣਗੇ ਤੇ ਇੱਕ ਮਾਂ ਦਾ ਕਾਲਜਾ ਠੰਡਾ ਹੋਵੇਗਾ। ਉਮੀਦ ਹੈ ਕਿ ਇਸ ਦੌਰਾਨ ਸੁੱਖ-ਸ਼ਾਂਤੀ ਰਹੇਗੀ ਤੇ ਮਾਨਵਤਾ ‘ਤੇ ਆਧਾਰ ‘ਤੇ ਫੈਸਲਾ ਹੋਵੇਗਾ।
































![jagtar-hawara-cm-mann[1]](https://publicpostmedia.in/wp-content/uploads/2026/08/jagtar-hawara-cm-mann1-640x360.jpg)






