ਸਪੇਨ ਨੇ ਪਹਿਲੇ ਮਿੰਟ ਤੋਂ ਪੂਰੇ 90 ਮਿੰਟ ਤੇ ਫਿਰ ਐਕਸਟਰਾ ਟਾਈਮ ਤੱਕ ਫਾਈਨਲ ‘ਚ ਦਬਦਬਾ ਬਣਾ ਰੱਖਿਆ।
ਸਪੇਨ ਇੱਕ ਵਾਰ ਫਿਰ ਫੁੱਟਬਾਲ ਜਗਤ ਦਾ ਬਾਦਸ਼ਾਹ ਬਣ ਗਿਆ ਹੈ। ਫੀਫਾ ਵਿਸ਼ਵ ਕੱਪ 2026 ਦੇ ਫਾਈਨਲ ‘ਚ, ਸਪੇਨ ਨੇ ਮੌਜੂਦਾ ਚੈਂਪੀਅਨ ਅਰਜਨਟੀਨਾ ਨੂੰ ਹਰਾ ਕੇ ਦੂਜੀ ਵਾਰ ਖਿਤਾਬ ਜਿੱਤਿਆ। ਪੂਰੇ 120 ਮਿੰਟ ਤੱਕ ਚੱਲੇ ਫਾਈਨਲ ‘ਚ, ਸਪੇਨ ਨੇ ਸਬਸਟੀਟਿਊਟ (ਬਦਲਵੇਂ) ਖਿਡਾਰੀ ਫੇਰਾਨ ਟੋਰੇਸ ਦੇ ਇੱਕਲੇ ਗੋਲ ਦੀ ਬਦੌਲਤ ਅਰਜਨਟੀਨਾ ਨੂੰ 1-0 ਨਾਲ ਹਰਾਇਆ। ਟੋਰੇਸ ਨੇ 106ਵੇਂ ਮਿੰਟ ‘ਚ ਗੋਲ ਕੀਤਾ, ਜਿਸ ਦਾ ਅਰਜਨਟੀਨਾ ਕੋਲ ਕੋਈ ਜਵਾਬ ਨਹੀਂ ਸੀ।
ਪੂਰੇ ਮੈਚ ਦੌਰਾਨ ਸਪੇਨ ਦਾ ਅਟੈਕ, ਟੋਰੇਸ ਨੇ ਕੀਤਾ ਗੋਲ
ਸ਼ੁਰੂਆਤ ਤੋਂ ਹੀ ਸਪੇਨ ਨੂੰ ਇਸ ਫਾਈਨਲ ‘ਚ ਅਰਜਨਟੀਨਾ ‘ਤੇ ਥੋੜ੍ਹਾ ਭਾਰੀ ਮੰਨਿਆ ਜਾ ਰਿਹਾ ਸੀ। ਇਹ ਟੀਮ ਦਾ ਮਜ਼ਬੂਤ ਡਿਫੈਂਸ ਤੇ ਇੱਕ ਗਤੀਸ਼ੀਲ ਨੌਜਵਾਨ ਅਟੈਕ ਅਰਜੇਨਟੀਨਾ ‘ਤੇ ਭਾਰੀ ਪਿਆ। ਆਪਣੇ ਪਿਛਲੇ ਦੋ ਮੈਚਾਂ ‘ਚ ਅਰਜਨਟੀਨਾ ਦੀ ਟੀਮ ਨੇ ਆਖਰੀ ਮਿੰਟਾਂ ‘ਚ ਖੇਡ ਦਾ ਰੁਖ਼ ਬਦਲ ਕੇ ਹਾਰ ਨੂੰ ਜਿੱਤ ‘ਚ ਬਦਲ ਦਿੱਤਾ ਸੀ। ਹਾਲਾਂਕਿ, ਸਪੇਨ ਦੇ ਖਿਲਾਫ਼ ਅਜਿਹਾ ਕਰਨਾ ਆਸਾਨ ਨਹੀਂ ਸੀ ਤੇ ਇਹ ਪੂਰੇ ਮੈਚ ‘ਚ ਸਪੱਸ਼ਟ ਸੀ।
ਸਪੇਨ ਦਾ ਦਬਦਬਾ ਅਜਿਹਾ ਸੀ ਕਿ ਨਿਯਮਤ 90 ਮਿੰਟ ਤੇ ਵਾਧੂ ਸਮੇਂ ਦੇ ਪਹਿਲੇ ਅੱਧ ਦੇ ਅੰਤ ਤੱਕ, ਉਨ੍ਹਾਂ ਨੇ ਅਰਜਨਟੀਨਾ ਦੇ ਗੋਲ ‘ਤੇ 19 ਸ਼ਾਟ ਮਾਰੇ ਸਨ, ਜਿਨ੍ਹਾਂ ‘ਚੋਂ 10 ਟੀਚੇ ‘ਤੇ ਸਨ। ਹਾਲਾਂਕਿ, ਉਹ ਗੋਲ ਨਹੀਂ ਕਰ ਪਾਏ ਤੇ ਇੱਕ ਗੋਲ ਫਾਊਲ ਕਾਰਨ ਰੱਦ ਕਰ ਦਿੱਤਾ ਗਿਆ। ਹਾਲਾਂਕਿ, ਵਾਧੂ ਸਮੇਂ ਦੇ ਦੂਜੇ ਅੱਧ ਦੀ ਸ਼ੁਰੂਆਤ ‘ਚ, ਫੇਰਾਨ ਟੋਰੇਸ ਨੇ ਖੱਬੇ ਪੈਰ ਨਾਲ ਇੱਕ ਜ਼ੋਰਦਾਰ ਸ਼ਾਟ ਮਾਰਿਆ ਜੋ ਸਿੱਧ ਗੋਲ ਦੇ ਅੰਦਰ ਗਿਆ। ਇਸ ਨਾਲ ਸਪੇਨ ਨੂੰ 1-0 ਦੀ ਬੜ੍ਹਤ ਮਿਲੀ। ਇਹ ਸਪੇਨ ਦਾ ਮੈਚ ਦਾ 20ਵਾਂ ਸ਼ਾਟ ਸੀ।
ਮੇਸੀ ਚਮਕਣ ‘ਚ ਅਸਫਲ ਰਹੇ, ਅਰਜਨਟੀਨਾ ਦਾ ਕਮਜ਼ੋਰ ਪ੍ਰਦਰਸ਼ਨ
ਦੂਜੇ ਪਾਸੇ, ਲਿਓਨਲ ਮੇਸੀ ਦਾ ਜਾਦੂ ਮੈਚ ‘ਚੋਂ ਗਾਇਬ ਸੀ ਤੇ ਇਸ ਦਾ ਅਰਜਨਟੀਨਾ ਦੇ ਪ੍ਰਦਰਸ਼ਨ ‘ਤੇ ਅਸਰ ਪਿਆ। ਸਪੇਨ ਦੇ ਗੋਲ ਕਰਨ ਤੱਕ ਅਰਜਨਟੀਨਾ ਨੇ ਪੂਰੇ ਮੈਚ ਦੌਰਾਨ ਟੀਚੇ ‘ਤੇ ਇੱਕ ਵੀ ਸ਼ਾਟ ਨਹੀਂ ਮਾਰਿਆ ਸੀ ਤੇ ਇਹ ਅਸਫਲਤਾ ਮਹਿੰਗੀ ਸਾਬਤ ਹੋਈ। ਅਰਜਨਟੀਨਾ ਨੂੰ ਆਖਰੀ ਮਿੰਟਾਂ ‘ਚ ਕੁਝ ਮੌਕੇ ਮਿਲੇ ਤੇ ਗੋਲ ‘ਤੇ ਤਿੰਨ ਅਟੈਕ ਕੀਤੇ, ਪਰ ਕੋਈ ਵੀ ਸ਼ਾਟ ਟੀਚੇ ‘ਤੇ ਨਹੀਂ ਸੀ।
ਸਪੇਨ ਨੇ ਦੂਜੀ ਵਾਰ ਜਿੱਤਿਆ ਖਿਤਾਬ
ਇਸ ਨਾਲ, ਅਰਜਨਟੀਨਾ ਦਾ ਲਗਾਤਾਰ ਦੂਜੀ ਵਾਰ ਤੇ ਕੁੱਲ ਮਿਲਾ ਕੇ ਚੌਥੀ ਵਾਰ ਖਿਤਾਬ ਜਿੱਤਾ ਦਾ ਸੁਪਨਾ ਚਕਨਾਚੂਰ ਹੋ ਗਿਆ। ਇਸ ਨਾਲ ਮੈਸੀ ਦੀ ਇੱਕ ਹੋਰ ਵਿਸ਼ਵ ਕੱਪ ਟਰਾਫੀ ਨਾਲ ਸੰਨਿਆਸ ਲੈਣ ਦੀ ਉਮੀਦ ਅਧੂਰੀ ਰਹੀ। ਇਸ ਦੌਰਾਨ, ਸਪੇਨ ਨੇ ਦੂਜੀ ਵਾਰ ਟਰਾਫੀ ਆਪਣੇ ਨਾਮ ਕੀਤੀ। ਇਤਫ਼ਾਕ ਨਾਲ, ਜਦੋਂ ਸਪੇਨ ਨੇ ਆਖਰੀ ਵਾਰ 2010 ‘ਚ ਟਰਾਫੀ ਜਿੱਤੀ ਸੀ ਤਾਂ ਉਸ ਸਮੇਂ ਵੀ ਮੈਚ ਦਾ ਇੱਕੋ ਇੱਕ ਗੋਲ ਨੇ ਉਨ੍ਹਾਂ ਨੂੰ ਚੈਂਪੀਅਨ ਬਣਾਇਆ ਸੀ ਤੇ ਉਹ ਵੀ ਵਾਧੂ ਸਮੇਂ ਦੌਰਾਨ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਜਿਵੇਂ ਉਨ੍ਹਾਂ ਨੇ 2010 ਦੇ ਵਿਸ਼ਵ ਕੱਪ ਦੀ ਜਿੱਤ ਤੋਂ ਦੋ ਸਾਲ ਪਹਿਲਾਂ ਯੂਰੋ ਕੱਪ ਜਿੱਤਿਆ ਸੀ, ਉਸੇ ਤਰ੍ਹਾਂ ਟੀਮ ਨੇ ਇਸ ਵਾਰ ਵੀ ਦੋ ਸਾਲ ਪਹਿਲਾਂ, 2024 ‘ਚ ਯੂਰੋ ਕੱਪ ਵੀ ਜਿੱਤਿਆ ਸੀ।