ਖੇਪ ਵਿੱਚੋਂ 2 ਕਿਲੋ ਆਰਡੀਐਕਸ, 4 ਗ੍ਰਨੇਡ ਅਤੇ ਇੱਕ ਵਾਕੀ-ਟਾਕੀ ਬਰਾਮਦ ਕੀਤੀ ਗਈ ਹੈ।
ਬਟਾਲਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਦੋਂ ISI ਨਾਲ ਜੁੜੇ ਅੱਤਵਾਦੀ ਮਾਡਿਊਲ ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸਦਾ ਇੱਕ ਸਾਥੀ ਅਜੇ ਵੀ ਫਰਾਰ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰਵਿੰਦਰਪਾਲ ਸਿੰਘ ਰਵੀ ਵਜੋਂ ਹੋਈ ਹੈ। ਉਹ ISI ਨਾਲ ਜੁੜੇ ਬੱਬਰ ਖਾਲਸਾ ਇੰਟਰਨੈਸ਼ਨਲ ਅੱਤਵਾਦੀ ਮਾਡਿਊਲ ਦੇ ਮੈਂਬਰ ਨਿਸ਼ਾਨ ਵਾਸੀ ਜੋੜੀਆਂ ਡੇਰਾ ਬਾਬਾ ਨਾਨਕ ਦੇ ਸੰਪਰਕ ‘ਚ ਰਹਿੰਦਾ ਸੀ।
ਜਾਣਕਾਰੀ ਅਨੁਸਾਰ, ਨਿਸ਼ਾਨ ਇਸ ਸਮੇਂ ਯੂਕੇ ਵਿੱਚ ਬੈਠਾ ਹੈ ਅਤੇ ਉਹ 2022 ਵਿੱਚ ਸਟੱਡੀ ਵੀਜ਼ੇ ‘ਤੇ ਵਿਦੇਸ਼ ਗਿਆ ਸੀ। ਉਸਦਾ ਮੁੱਖ ਹੈਂਡਲਰ ਅੱਤਵਾਦੀ ਹਰਿੰਦਰ ਸਿੰਘ ਰਿੰਦਾ ਹੈ, ਜੋ ਇਸ ਸਮੇਂ ਪਾਕਿਸਤਾਨ ਵਿੱਚ ਹੈ ਅਤੇ ਹੈਪੀ ਪਸ਼ੀਆਂ ਦੇ ਨਾਲ ਹੈ। ਉਸ ਵੱਲੋਂ ਭੇਜੀ ਗਈ ਇਹ ਖੇਪ ਰਵਿੰਦਰਪਾਲ ਸਿੰਘ ਰਵੀ ਨੇ ਮਹਿਤਾ ਅੰਮ੍ਰਿਤਸਰ ਤੋਂ ਚੁੱਕੀ ਸੀ ਅਤੇ ਬਟਾਲਾ ਦੇ ਬਾਲ ਪੁਰੀਆਂ ਪਿੰਡ ਵਿੱਚ ਲੁਕਾਈ ਹੋਈ ਸੀ।
ਇਸ ਖੇਪ ਵਿੱਚੋਂ 2 ਕਿਲੋ ਆਰਡੀਐਕਸ, 4 ਗ੍ਰਨੇਡ ਅਤੇ ਇੱਕ ਵਾਕੀ-ਟਾਕੀ ਬਰਾਮਦ ਕੀਤੀ ਗਈ ਹੈ। ਐਸਐਸਪੀ ਬਟਾਲਾ ਸੋਹੇਲ ਕਾਸਿਮ ਮੀਰ ਨੇ ਕਿਹਾ ਕਿ ਇਹ ਖੇਪ ਕਿਸੇ ਹੋਰ ਨੇ ਚੁੱਕਣੀ ਸੀ, ਪਰ ਇਸ ਤੋਂ ਪਹਿਲਾਂ ਬਟਾਲਾ ਪੁਲਿਸ ਨੇ ਇੱਕ ਵਿਅਕਤੀ ਨੂੰ ਖੇਪ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਗ੍ਰਨੇਡ ਪਾਕਿਸਤਾਨ ਵਿੱਚ ਬਣੇ ਸਨ ਅਤੇ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।