ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਲਾਕੇ ‘ਚ ਕੁੱਝ ਨੌਜਵਾਨ ਨਸ਼ਾ ਵੇਚਦੇ ਹਨ ਤੇ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਗਿਆ
ਲੁਧਿਆਣਾ ਦੇ ਮਾਡਲ ਟਾਊਨ ਸਥਿਤ ਅੰਬੇਡਕਰ ਨਗਰ ਇਲਾਕੇ ‘ਚ ਇੱਕ ਨੌਜਵਾਨ ਨੂੰ ਨਸ਼ਾ ਵੇਚਣ ਵਾਲੇ ਨੂੰ ਰੋਕਣਾ ਮਹਿੰਗਾ ਪੈ ਗਿਆ। ਉਕਤ ਨੌਜਵਾਨ ‘ਤੇ ਨਸ਼ਾ ਤਸਕਰ ਤੇ ਉਸ ਦੇ ਸਾਥੀਆਂ ਨੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਨਸ਼ਾ ਤਸਕਰ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ, ਕੁੱਝ ਦੇਰ ਬਾਅਦ ‘ਚ ਨਸ਼ਾ ਤਸਕਰ ਨੇ ਆਪਣੇ ਸਾਥੀਆਂ ਸਮੇਤ ਬੋਤਲਾਂ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਘਟਨਾ ‘ਚ ਇੱਕ ਨੌਜਵਾਨ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਤੇ ਦੱਸਿਆ ਜਾ ਰਿਹਾ ਕਿ ਉਸ ‘ਤੇ ਤਲਵਾਰਾਂ ਨਾਲ ਹਮਲਾ ਕੀਤਾ ਗਿਆ ਹੈ। ਉੱਧਰ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਇਸ ਪੂਰੀ ਘਟਨਾ ਦਾ ਕਾਰਨ ਨੌਜਵਾਨ ਨਾਲ ਮੋਢਾ ਟਕਰਾਉਣ ਨੂੰ ਦੱਸਿਆ ਹੈ ਤੇ ਕਿਹਾ ਕਿ ਇਸ ਬਾਬਤ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੌਜਵਾਨ ਦੀ ਘਰ ‘ਚ ਵੜ੍ਹ ਕੇ ਕੁੱਟਮਾਰ
ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਮੁਹੱਲੇ ‘ਚ ਕੁੱਝ ਨੌਜਵਾਨ ਨਸ਼ਾ ਵੇਚ ਰਹੇ ਸਨ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਇੱਕ ਨੌਜਵਾਨ ਵੱਲੋਂ ਰੋਕਣ ਦਾ ਯਤਨ ਕੀਤਾ ਗਿਆ ਤਾਂ ਨਸ਼ਾਂ ਵੇਚਣ ਵਾਲੇ ਨੇ ਆਪਣੇ ਸਾਥੀਆਂ ਨਾਲ ਉਕਤ ਨੌਜਵਾਨ ਨੂੰ ਘਰ ਅੰਦਰ ਵੜ੍ਹ ਕੇ ਕੁੱਟਿਆ ਤੇ ਤਲਵਾਰ ਨਾਲ ਹਮਲਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਨਸ਼ਾ ਤਸਕਰ ਆਪਣੇ 40 ਤੋਂ 50 ਸਾਥੀਆਂ ਸਮੇਤ ਆਇਆ ਤੇ ਤੇਜ਼ਧਾਰ ਹਥਿਆਰਾਂ, ਇੱਟਾਂ ਤੇ ਬੋਤਲਾਂ ਨਾਲ ਹਮਲਾ ਕਰ ਦਿੱਤਾ। ਇਸ ਕਾਰਨ ਕਈ ਗੱਡੀਆਂ ਤੇ ਕਈ ਲੋਕ ਵੀ ਇਸ ਦਾ ਸ਼ਿਕਾਰ ਹੋਏ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਕਿਹਾ ਕਿ ਐਤਵਾਰ ਦਾ ਦਿਨ ਹੋਣ ਕਰਕੇ ਲੋਕ ਦਾਰੂ ਜਾਂ ਹੋਰ ਨਸ਼ਾ ਕਰਦੇ ਹਨ ਤੇ ਦੱਸਿਆ ਜਾ ਰਿਹਾ ਹੈ ਕਿ ਮੋਢੇ ਨਾਲ ਮੋਢਾ ਲੱਗਣ ਕਾਰਨ ਇਹ ਸਾਰੀ ਘਟਨਾ ਵਾਪਰੀ ਹੈ। ਉਨ੍ਹਾਂ ਨੇ ਕਿਹਾ ਕਿ ਜੋ ਵੀ ਬਣਦੀ ਕਾਰਵਾਈ ਹੈ, ਉਨ੍ਹਾਂ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਲਾਕੇ ‘ਚ ਦਹਿਸ਼ਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ।