ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਡਾਕਟਰ ਖੁਦ ਨਸ਼ੇ ਦਾ ਸੇਵਨ ਕਰ ਰਿਹਾ ਹੈ।
ਨਸ਼ੇ ਤੋਂ ਪੀੜਤ ਲੋਕ ਨਸ਼ਾ ਛੱਡਣ ਲਈ ਡਾਕਟਰੀ ਸਲਾਹ ਤੇ ਇਲਾਜ਼ ਲੈਂਦ ਹਨ, ਪਰ ਕੀ ਹੋਵੇ ਜੇਕਰ ਡਾਕਟਰ ਹੀ ਨਸ਼ੇ ਦਾ ਆਦੀ ਹੋਵੇ ਤੇ ਆਪਣੇ ਦਿਮਾਗ ਤੋਂ ਸੂਝ ਨਾਲ ਕੰਮ ਨਾ ਲੈ ਸਕੇ। ਹੁਣ, ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਦਰਅਸਲ, ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ‘ਚ ਇੱਕ ਡਾਕਟਰ ਨਸ਼ਾ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਦੱਸ ਦਈਏ ਕਿ ਇਹ ਵੀਡੀਓ ਇੱਕ ਸੋਸ਼ਲ ਮੀਡੀਆ ਪੇਜ਼ ‘ਤੇ ਅਪਲੋਡ ਕੀਤੀ ਗਈ ਸੀ, ਪੁਰ ਹੁਣ ਮਾਮਲਾ ਵੱਧਣ ਤੋਂ ਬਾਅਦ ਵੀਡੀਓ ਡਿਲੀਟ ਕਰ ਦਿੱਤੀ ਗਈ।
ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਡਾਕਟਰ ਖੁਦ ਨਸ਼ੇ ਦਾ ਸੇਵਨ ਕਰ ਰਿਹਾ ਹੈ। ਇਸ ਦੌਰਾਨ, ਇੱਕ ਔਰਤ ਡਾਕਟਰ ਦੇ ਨਸ਼ੇ ਦਾ ਸੇਵਨ ਕਰਦੇ ਹੋਏ ਵੀਡੀਓ ਬਣਾ ਰਹੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਡਾਕਟਰ ਔਰਤ ਨੂੰ ਵੀਡੀਓ ਬੰਦ ਕਰਨ ਲਈ ਕਹਿੰਦਾ ਹੈ, ਪਰ ਔਰਤ ਵੀਡੀਓ ਬੰਦ ਕਰਨ ਤੋਂ ਇਨਕਾਰ ਕਰਦੀ ਹੈ। ਜਿਸ ਤੋਂ ਬਾਅਦ ਡਾਕਟਰ ਏਟੀਐਮ ਕਾਰਡ ਨਾਲ ਗੋਲੀ ਨੂੰ ਤੋੜ ਕੇ ਪਾਊਡਰ ਬਣਾਉਂਦਾ ਹੈ ਤੇ ਸੇਵਨ ਕਰਦਾ ਹੈ ਅਤੇ ਫਿਰ ਉਹ ਔਰਤ ਤੋਂ ਫ਼ੋਨ ਖੋਹ ਲੈਂਦਾ ਹੈ ਅਤੇ ਕੈਮਰਾ ਬੰਦ ਕਰ ਦਿੰਦਾ ਹੈ।
ਔਰਤ ਦੇ ਮਾਰਿਆ ਥੱਪੜ
ਦੂਜੇ ਸੀਸੀਟੀਵੀ ਫੁਟੇਜ ਵਿੱਚ, ਡਾਕਟਰ ਔਰਤ ਨੂੰ ਜਨਤਕ ਤੌਰ ‘ਤੇ ਥੱਪੜ ਮਾਰਦਾ ਹੈ। ਇਹ ਸੀਸੀਟੀਵੀ ਪਿਛਲੇ ਮਹੀਨੇ ਦੀ 7 ਤਰੀਕ ਦਾ ਹੈ ਅਤੇ ਇਸ ਦੌਰਾਨ ਉੱਥੇ ਮੌਜੂਦ ਹੋਰ ਸਟਾਫ ਡਰ ਗਿਆ। ਇਸ ਘਟਨਾ ਦੀ ਜਾਣਕਾਰੀ ਮਿਲਣ ‘ਤੇ ਉੱਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ‘ਚ ਆ ਗਿਆ ਹੈ, ਮਾਮਲੇ ਦੀ ਜਾਂਚ ਕਰਕੇ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।
ਮੰਤਰੀ ਬਲਬੀਰ ਸਿੰਘ ਦੀ ਪ੍ਰਤੀਕ੍ਰਿਆ
ਇਸ ਮਾਮਲੇ ‘ਚ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵੀ ਪ੍ਰਤੀਕ੍ਰਿਆ ਦਿੱਤੀ ਹੈ, ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਉਨ੍ਹਾਂ ਨੇ ਇਸ ਵੀਡੀਓ ਸਬੰਧੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਮੰਤਰੀ ਨੇ ਕਿਹਾ ਕਿ ਜਿਸ ਡਾਕਟਰ ਦੀ ਵੀਡੀਓ ਸਾਹਮਣੇ ਆਈ ਹੈ, ਉਸਦਾ ਵਿਵਹਾਰ ਬਹੁਤ ਖ਼ਰਾਬ ਹੈ ਅਤੇ ਉਨ੍ਹਾਂ ਨੇ ਡਾਕਟਰ ਦੀ ਪਛਾਣ ਕਰ ਲਈ ਹੈ। ਉਨ੍ਹਾਂ ਨੇ ਮੀਡੀਆ ਦਾ ਧੰਨਵਾਦ ਵੀ ਕੀਤਾ ਤੇ ਕਿਹਾ ਕਿ ਮੀਡੀਆ ਹਮੇਸ਼ਾ ਇਸ ਤਰ੍ਹਾਂ ਸਹਿਯੋਗ ਕਰਦਾ ਹੈ।