ਝੋਨੇ ਦੀ ਲਫਟਿੰਗ ਦੇ ਨਾਲ ਕਿਸਾਨਾਂ ਨੂੰ ਲੋੜ ਅਨੂਸਾਰ ਡੀ.ਏ.ਪੀ ਖਾਦ ਨਾ ਮਿਲੀ ਤਾਂ ਕਰਾਂਗੇ ਤਿੱਖਾ ਸੰਘਰਸ਼ – ਖੁਰਾਣਾ/ਚੰਦੀ
ਸ਼੍ਰੋ.ਅ.ਦ. (ਬ) ਨੇ ਐਸ.ਡੀ.ਐਮ. ਦਫਤਰ ਅੱਗੇ ਲਾਇਆ ਧਰਨਾ
ਰਾਜਪਾਲ ਪੰਜਾਬ ਦੇ ਨਾਂ ਦਿੱਤਾ ਮੰਗ ਪੱਤਰ
ਫਗਵਾੜਾ ( ਡਾ ਰਮਨ ) ਸ਼੍ਰੋਮਣੀ ਅਕਾਲੀ ਦਲ (ਬ) ਵਿਧਾਨਸਭਾ ਹਲਕਾ ਫਗਵਾੜਾ ਵਲੋਂ ਹਲਕਾ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ ਅਤੇ ਦਿਹਾਤੀ ਹਲਕਾ ਇੰਚਾਰਜ ਰਾਜਿੰਦਰ ਸਿੰਘ ਚੰਦੀ ਦੀ ਅਗਵਾਈ ਹੇਠ ਝੋਨੇ ਦੀ ਖਰੀਦ ਦੇ ਮਾੜੇ ਪ੍ਰਬੰਧਾਂ, ਕਿਸਾਨਾਂ ਦੀ ਕੱਟ ਲਗਾ ਕੇ ਕੀਤੀ ਜਾ ਰਹੀ ਲੁੱਟ ਅਤੇ ਡੀ.ਏ.ਪੀ ਖਾਦ ਦੀ ਘਾਟ ਤੇ ਕਾਲਾ ਬਾਜਾਰੀ ਦੇ ਵਿਰੋਧ ਵਜੋਂ ਐਸ.ਡੀ.ਐਮ. ਦਫਤਰ ਅੱਗੇ ਸਵੇਰੇ 11 ਵਜੇ ਤੋਂ ਦੁਪਿਹਰ 1 ਵਜੇ ਤੱਕ ਧਰਨਾ ਦਿੱਤਾ ਗਿਆ। ਧਰਨੇ ਵਿਚ ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਵਾਹਦ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਅਕਾਲੀ ਆਗੂਆਂ ਵਲੋਂ ਰਾਜਪਾਲ ਪੰਜਾਬ ਦੇ ਨਾਮ ਇਕ ਮੰਗ ਪੱਤਰ ਵੀ ਐਸ.ਡੀ.ਐਮ. ਫਗਵਾੜਾ ਜਸ਼ਨਜੀਤ ਸਿੰਘ ਨੂੰ ਦਿੱਤਾ ਗਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਖੁਰਾਣਾ ਅਤੇ ਚੰਦੀ ਤੋਂ ਇਲਾਵਾ ਵੱਖ-ਵੱਖ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਬੀਜੇਪੀ ਅਤੇ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਿੱਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮਿਲੀ ਭੁਗਤ ਤੇ ਡੂੰਘੀ ਸਾਜਿਸ਼ ਤਹਿਤ ਪੰਜਾਬ ਭਰ ਵਿੱਚ ਝੋਨੇ ਦੀ ਖਰੀਦ ਨੂੰ ਵੱਡਾ ਸੰਕਟ ਖੜ੍ਹਾ ਕੀਤਾ ਗਿਆ ਹੈ। ਕਿਸਾਨੀ ਅੰਦੋਲਨ ਦਾ ਬਦਲਾ ਲੈਣ ਲਈ ਪੰਜਾਬ ਦੀ ਕਿਸਾਨੀ ਨੂੰ ਕੰਗਾਲੀ ਅਤੇ ਤਬਾਹੀ ਵੱਲ ਧੱਕਿਆ ਜਾ ਰਿਹਾ ਹੈ। ਅੱਜ ਝੋਨੇ ਦੀ ਖਰੀਦ ਵਿੱਚ ਜਾਣਬੁੱਝ ਕੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਗਏ ਹਨ ਕਿ ਕਿਸਾਨ 18-20 ਦਿਨਾਂ ਤੋਂ ਮੰਡੀਆਂ ਵਿੱਚ ਰੁਲ ਰਿਹਾ ਹੈ ਪਰ ਉਸਦੀ ਮਿਹਨਤ ਨਾਲ ਪਾਲੀ ਫਸਲ ਨੂੰ ਖਰੀਦਿਆ ਨਹੀਂ ਜਾ ਰਿਹਾ । ਕਿਸਾਨਾਂ ਨੂੰ ਕਈ-ਕਈ ਕਿਲੋ ਝੋਨੇ ਦੇ ਕੱਟ ਲਵਾ ਕੇ ਐਮ.ਐਸ.ਪੀ ਤੋਂ ਘੱਟ ਰੇਟ ਤੇ ਝੋਨਾਂ ਵੇਚਣ ਲਈੰ ਮਜਬੂਰ ਕੀਤਾ ਜਾ ਰਿਹਾ ਹੈ। ਖਰੀਦੇ ਹੋਏ ਝੋਨੇ ਦੀ ਲਿਫਟਿੰਗ ਨਾ ਹੋਣ ਕਰਕੇ ਮੰਡੀਆਂ ਵਿੱਚ ਖੁੱਲੇ ਅਸਮਾਨ ਹੇਠਾਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ ਅਤੇ ਕਿਸਾਨਾਂ ਕੋਲ ਨਵਾਂ ਝੋਨਾਂ ਸੁੱਟਣ ਲਈ ਇੱਕ ਇੰਚ ਵੀ ਥਾਂ ਨਹੀਂ ਹੈ। ਕਿਸਾਨ ਘਰਾਂ ਅਤੇ ਮੰਡੀਆਂ ‘ਚ ਟਰਾਲੀਆਂ ਵਿੱਚ ਆਪਣੇ ਰਿਸਕ ਤੇ ਝੋਨਾਂ ਰੱਖਣ ਲਈ ਮਜ਼ਬੂਰ ਹੈ। ਨਾਂ ਹੀ ਮੰਡੀਆਂ ਵਿੱਚ ਕਿਸਾਨ ਦੀ ਸਹੂਲਤ ਵਾਸਤੇ ਅਤੇ ਨਾਂ ਹੀ ਫਸਲ ਨੂੰ ਬਾਰਿਸ਼ ਤੋਂ ਬਚਾਉਣ ਲਈ ਤਰਪਾਲਾਂ ਆਦਿ ਦਾ ਯੋਗ ਪ੍ਰਬੰਧ ਹੈ। ਉਹਨਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਮਾੜੇ ਹਾਲਾਤਾਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਕਿਉਂਕਿ ਪੰਜਾਬ ਦੇ ਗੋਦਾਮਾਂ ਵਿਚੋਂ ਝੋਨੇ ਦੇ ਭੰਡਾਰ ਬਾਹਰ ਲਿਜਾਉਣ ਲਈ ਕੇਂਦਰ ਸਰਕਾਰ ਨਾਲ ਸਹੀ ਤਾਲਮੇਲ ਨਹੀਂ ਕੀਤਾ। ਰੋਸ ਮੁਜਾਹਰਾ ਕਰ ਰਹੇ ਆੜ੍ਹਤੀਆਂ ਤੇ ਮੰਡੀ ਦੇ ਮਜਦੂਰਾਂ ਨਾਲ ਰਾਬਤਾ ਕਰਕੇ ਸਮੇਂ ਸਿਰ ਮਸਲੇ ਹੱਲ ਨਹੀਂ ਕੀਤੇ ਗਏ। ਕੇਂਦਰ ਸਰਕਾਰ ਨੇ ਵੀ ਸੂਬੇ ਦੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਕਿਉਂਕਿ ਕੇਂਦਰ ਸਰਕਾਰ ਇਸ ਸਾਲ ਦੀ ਜਿਣਸ ਵਾਸਤੇ ਥਾਂ ਬਣਾਉਣ ਵਿਚ ਨਾਕਾਮ ਰਹੀ। ਝੋਨੇ ਦੀ ਨਮੀ ਦੀ ਮਾਤਰਾ ਵਿਚ ਵੀ ਛੋਟ ਨਹੀਂ ਦਿੱਤੀ ਤੇ ਨਾ ਹੀ ਦਾਣੇ ਦੀ ਟੁੱਟ ਭੱਜ ਵਿਚ ਕੋਈ ਛੋਟ ਦਿੱਤੀ ਤਾਂ ਜੋ ਖਰੀਦ ਤੇਜ਼ ਰਫਤਾਰ ਨਾਲ ਹੋ ਸਕਦੀ। ਜਿਸ ਕਰਕੇ ਲੱਖਾਂ ਮੀਟਰਿਕ ਟਨ ਝੋਨਾ ਮੰਡੀਆਂ ਵਿਚ ਰੁਲ ਰਿਹਾ ਹੈ ਅਤੇ ਮੀਂਹ ਪੈਣ ਦੀ ਸੂਰਤ ਵਿਚ ਬਰਬਾਦ ਹੋ ਸਕਦਾ ਹੈ। ਖੁਰਾਣਾ ਅਤੇ ਚੰਦੀ ਨੇ ਕਿਹਾ ਕਿ ਸੂਬੇ ਦੇ ਵੱਡੇ ਹਿੱਸੇ ਵਿਚ ਕਣਕ ਦੀ ਬਿਜਾਈ ਵਿਚ ਦੇਰੀ ਹੋਣੀ ਤੈਅ ਹੈ ਤੇ ਇਸ ਨਾਲ ਕਣਕ ਦੇ ਝਾੜ ’ਤੇ ਵੀ ਫ਼ਰਕ ਪਵੇਗਾ। ਪੰਜਾਬ ਦੇ ਕਿਸਾਨਾਂ ਨੂੰ ਇਹ ਖਦਸ਼ਾ ਵੀ ਹੈ ਕਿ ਡੀ.ਏ.ਪੀ ਦੀ ਘਾਟ ਕਾਰਨ ਕਣਕ ਦੀ ਫਸਲ ਲਈ ਵੀ ਗੰਭੀਰ ਖ਼ਤਰੇ ਖੜ੍ਹੇ ਹੋਣਗੇ। ਅਕਾਲੀ ਆਗੂਆਂ ਨੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਸਰਕਾਰ ਦੇ ਰਾਜ ਵਿਚ ਕਣਕ ਦੀ ਬਿਜਾਈ ਦੇ ਸੀਜ਼ਨ ਤੋਂ ਪਹਿਲਾਂ ਹੀ ਸੂਬੇ ਲਈ ਲੋੜੀਂਦੀ ਡੀ.ਏ.ਪੀ ਖਾਦ ਆ ਜਾਂਦੀ ਸੀ ਪਰ ਹੁਣ ਕਿਸਾਨਾਂ ਨੂੰ ਇਸ ਖਾਦ ਦੀ ਵੱਡੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 5.5 ਲੱਖ ਮੀਟਰਿਕ ਟਨ ਡੀ.ਏ.ਪੀ. ਦੀ ਲੋੜ ਦੇ ਮੁਕਾਬਲੇ ਸੂਬੇ ਨੂੰ 2.76 ਲੱਖ ਮੀਟਰਿਕ ਟਨ ਖਾਦ ਹੀ ਮਿਲੀ ਹੈ ਤੇ 58 ਫੀਸਦੀ ਡੀ.ਏ.ਪੀ ਦੀ ਘਾਟ ਹੈ। ਉਹਨਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਹੈ ਕਿ ਉਹ ਸੂਬੇ ਅਤੇ ਕੇਂਦਰ ਦੀਆਂ ਸਰਕਾਰ ਦੇ ਕਿਸਾਨ ਵਿਰੋਧੀ ਫੈਸਲਿਆਂ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਜੇਕਰ ਝੋਨੇ ਦੀ ਸੁਚੱਜੀ ਖਰੀਦ ਵਾਸਤੇ ਤੁਰੰਤ ਲੋੜੀਂਦੇ ਕਦਮ ਨਾ ਚੁੱਕੇ ਗਏ, ਐਮ.ਐਸ.ਪੀ ’ਤੇ ਝੋਨਾ ਨਾ ਖਰੀਦਿਆ ਗਿਆ ਅਤੇ ਖਰੀਦੇ ਜਾ ਚੁੱਕੇ ਝੋਨੇ ਦੀ ਮੰਡੀਆਂ ਵਿਚੋਂ ਲਫਟਿੰਗ ਦੇ ਨਾਲ ਕਿਸਾਨਾਂ ਨੂੰ ਲੋੜ ਅਨੂਸਾਰ ਡੀ.ਏ.ਪੀ ਖਾਦ ਨਾ ਦਿੱਤੀ ਗਈ ਤਾਂ ਅਕਾਲੀ ਦਲ ਆਪਣਾ ਸੰਘਰਸ਼ ਹੋਰ ਤਿੱਖਾ ਕਰੇਗਾ। ਹਰਵਿੰਦਰ ਸਿੰਘ ਵਾਲੀਆ, ਸਰੂਪ ਸਿੰਘ ਖਲਵਾੜਾ, ਗੁਰਦੀਪ ਸਿੰਘ ਖੇੜਾ ਬੀਬੀ ਸਰਬਜੀਤ ਕੌਰ, ਬੀਬੀ ਪਰਮਜੀਤ ਕੌਰ ਕੰਬੋਜ, ਨਰਿੰਦਰ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਜਸਵਿੰਦਰ ਬਸਰਾ, ਕੁਲਵਿੰਦਰ ਸਿੰਘ ਕਿੰਦਾ, ਅਵਤਾਰ ਸਿੰਘ ਮੰਗੀ, ਸ਼ਰਨਜੀਤ ਸਿੰਘ ਅਟਵਾਲ, ਝਿਰਮਲ ਸਿੰਘ ਭਿੰਡਰ, ਸੁਖਵਿੰਦਰ ਸਿੰਘ ਕੰਬੋਜ, ਸੁਖਬੀਰ ਸਿੰਘ ਕਿੰਨੜਾ, ਬਲਵੀਰ ਸਿੰਘ ਬਿੱਟੂ, ਪਰਮਿੰਦਰ ਸਿੰਘ ਜੰਡੂ, ਮੋਹਨ ਸਿੰਘ ਵਾਹਦ, ਗੁਰਮੁਖ ਸਿੰਘ ਚਾਨਾ, ਸਰਬਜੀਤ ਸਿੰਘ ਕਾਕਾ, ਗੁਰਿੰਦਰ ਸਿੰਘ ਵਿੱਕੀ, ਗੁਰਦਿਆਲ ਸਿੰਘ , ਬਲਵੰਤ ਸਿੰਘ, ਪ੍ਰਦੀਪ ਸਿੰਘ, ਸੁਖਦੀਪ ਸਿੰਘ ਵਾਲੀਆ ਰੋਹਿਤ ਪਾਲ, ਅਵਤਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਆਗੂ ਤੇ ਵਰਕਰ ਹਾਜਰ ਸਨ






































