Home latest News ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਅਗਲੀ ਕਿਸ਼ਤ ਅੱਜ ਹੋਵੇਗੀ ਜਾਰੀ, ਗੋਇੰਦਵਾਲ ਸਾਹਿਬ ਚ...

ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਅਗਲੀ ਕਿਸ਼ਤ ਅੱਜ ਹੋਵੇਗੀ ਜਾਰੀ, ਗੋਇੰਦਵਾਲ ਸਾਹਿਬ ਚ ਸੂਬਾ ਪੱਧਰੀ ਸਮਾਗਮ

2
0

ਇਸ ਯੋਜਨਾ ਤਹਿਤ ਯੋਗ ਮਹਿਲਾਵਾਂ ਨੂੰ ਹਰ ਮਹੀਨੇ ਸਿੱਧੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।

ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਅੱਜ ਤਰਨਤਾਰਨ ਦੇ ਗੋਇੰਦਵਾਲ ਸਾਹਿਬ ਦੀ ਦਾਣਾ ਮੰਡੀ ‘ਚ ਸੂਬਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਦੁਪਹਿਰ 12 ਵਜੇ ਹੋਣ ਵਾਲੇ ਇਸ ਸਮਾਗਮ ‘ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਿਰਕਤ ਕਰਨਗੇ। ਇਸ ਮੌਕੇ ਯੋਜਨਾ ਤਹਿਤ ਲਾਭਪਾਤਰੀ ਮਹਿਲਾਵਾਂ ਲਈ ਵਿੱਤੀ ਸਹਾਇਤਾ ਦੀ ਅਗਲੀ ਕਿਸ਼ਤ ਜਾਰੀ ਹੋਵੇਗੀ।
ਇਸ ਯੋਜਨਾ ਤਹਿਤ ਯੋਗ ਮਹਿਲਾਵਾਂ ਨੂੰ ਹਰ ਮਹੀਨੇ ਸਿੱਧੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਜਨਰਲ ਸ਼੍ਰੇਣੀ ਦੀਆਂ ਮਹਿਲਾਵਾਂ ਨੂੰ 1,000 ਰੁਪਏ ਪ੍ਰਤੀ ਮਹੀਨਾ, ਜਦਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਯੋਗ ਮਹਿਲਾਵਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ। ਰਕਮ ਸਿੱਧੇ ਬੈਂਕ ਖਾਤਿਆਂ ‘ਚ ਡਾਇਰੈਕਟਰ ਬੈਨੇਫਿਟ ਟ੍ਰਾਂਸਫਰ ਰਾਹੀਂ ਟਰਾਂਸਫਰ ਕੀਤੀ ਜਾਂਦੀ ਹੈ।

18 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਲਈ ਯੋਜਨਾ

ਯੋਜਨਾ ਤਹਿਤ 18 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਯੋਗ ਮਹਿਲਾਵਾਂ ਨੂੰ ਲਾਭ ਦੇਣ ਦੀ ਵਿਵਸਥਾ ਹੈ। ਸਰਕਾਰੀ ਜਾਣਕਾਰੀ ਮੁਤਾਬਕ ਇੱਕ ਪਰਿਵਾਰ ‘ਚ ਇੱਕ ਤੋਂ ਵੱਧ ਯੋਗ ਮਹਿਲਾਵਾਂ ਹੋਣ ਦੀ ਸੂਰਤ ‘ਚ ਵੀ ਲਾਭ ਮਿਲਦਾ ਹੈ। ਯੋਜਨਾ ‘ਚ ਸਮਾਜਿਕ ਸੁਰੱਖਿਆ ਪੈਨਸ਼ਨ ਲੈ ਰਹੀਆਂ ਮਹਿਲਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਪਹਿਲੀ ਕਿਸ਼ਤ ‘ਚ ਮਿਲੀ ਸੀ ਤਿੰਨ ਮਹੀਨਿਆਂ ਦੀ ਰਕਮ

ਯੋਜਨਾ ਦੀ ਪਹਿਲੀ ਕਿਸ਼ਤ ਜੁਲਾਈ 2026 ‘ਚ ਜਾਰੀ ਕੀਤੀ ਗਈ ਸੀ। ਉਸ ਸਮੇਂ ਜਨਰਲ ਸ਼੍ਰੇਣੀ ਦੀਆਂ ਮਹਿਲਾਵਾਂ ਨੂੰ ਤਿੰਨ ਮਹੀਨਿਆਂ ਦੇ ਹਿਸਾਬ ਨਾਲ 3,000 ਰੁਪਏ ਜਦਕਿ ਅਨੁਸੂਚਿਤ ਜਾਤੀ ਦੀਆਂ ਮਹਿਲਾਵਾਂ ਨੂੰ 4,500 ਰੁਪਏ ਦੀ ਰਕਮ ਮਿਲੀ ਸੀ।

9,300 ਕਰੋੜ ਰੁਪਏ ਦਾ ਬਜਟ

ਪੰਜਾਬ ਸਰਕਾਰ ਨੇ ਇਸ ਯੋਜਨਾ ਲਈ 9,300 ਕਰੋੜ ਰੁਪਏ ਦਾ ਬਜਟ ਪ੍ਰਬੰਧ ਕੀਤਾ ਹੈ। ਸਰਕਾਰ ਨੇ ਅੰਦਾਜ਼ਾ ਪ੍ਰਗਟਾਇਆ ਹੈ ਕਿ ਸੂਬੇ ਦੀਆਂ ਲਗਭਗ 97 ਫ਼ੀਸਦੀ ਮਹਿਲਾਵਾਂ ਨੂੰ ਇਸ ਯੋਜਨਾ ਦੇ ਦਾਇਰੇ ‘ਚ ਲਿਆਂਦਾ ਜਾਵੇਗਾ।
ਅੱਜ ਗੋਇੰਦਵਾਲ ਸਾਹਿਬ ‘ਚ ਹੋਣ ਵਾਲੇ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਯੋਜਨਾ ਨਾਲ ਸਬੰਧਤ ਜਾਣਕਾਰੀ ਸਾਂਝੀ ਕਰਨਗੇ ਤੇ ਲਾਭਪਾਤਰੀਆਂ ਨਾਲ ਵੀ ਗੱਲਬਾਤ ਕਰਨਗੇ।

LEAVE A REPLY

Please enter your comment!
Please enter your name here